ਹਰਿੰਦਰ ਨਿੱਕਾ, ਪਟਿਆਲਾ 4 ਜੁਲਾਈ 2024
ਗਲੀ ‘ਚ ਫਿਰਦੇ ਅਵਾਰਾ ਕੁੱਤਿਆਂ ਨੂੰ ਫੜਾ ਕੇ, ਇੱਕ ਵਿਅਕਤੀ ਖੁਦ ਹੀ ਕਾਨੂੰਨ ਦੇ ਸ਼ਿਕੰਜ਼ੇ ਵਿੱਚ ਫਸ ਗਿਆ। ਪੁਲਿਸ ਨੇ ਅਜਿਹਾ ਕਾਰਾ ਕਰਦੇ ਵਿਅਕਤੀ ਦੀ ਵੀਡੀਓ ਕਲਿਪ ਸਾਹਮਣੇ ਆਉਂਦਿਆਂ ਹੀ ਦੋਸ਼ੀ ਵਿਅਕਤੀ ਖਿਲਾਫ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਅਨਮੋਲ ਗੋਇਲ ਪੁੱਤਰ ਸ਼ਾਮ ਲਾਲ ਵਾਸੀ ਵੜੈਚ ਕਲੋਨੀ ਸਮਾਣਾ ਨੇ ਦੱਸਿਆ ਕਿ ਲੰਘੇ ਮਹੀਨੇ 23 ਜੂਨ ਨੂੰ ਮੁਦਈ ਨੇ ਇੱਕ ਵੀਡੀਓ ਕਲੀਪ ਦੇਖੀ ਕਿ ਪ੍ਰਤਾਪ ਕਲੋਨੀ ਸਮਾਣਾ ਵਿੱਚ ਕੁੱਝ ਵਿਅਕਤੀ ਅਵਾਰਾ ਕੁੱਤਿਆਂ ਨੂੰ ਫੜ੍ਹ ਕੇ ਆਪਣੇ ਨਾਲ ਲੈ ਜਾਂਦੇ ਦਿਖਾਈ ਦਿੱਤੇ। ਪੜਤਾਲ ਕਰਨ ਪਰ ਪਤਾ ਲੱਗਿਆ ਕਿ ਨਾਮਜ਼ਦ ਦੋਸ਼ੀ ਅਚਿਨ ਸਿੰਗਲਾ ਪੁੱਤਰ ਧਰਮਪਾਲ ਵਾਸੀ ਗਲੀ ਨੰਬਰ 4 ਪ੍ਰਤਾਪ ਕਲੋਨੀ ਸਮਾਣਾ ਨੇ ਬਾਹਰੋਂ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਬੁਲਾ ਕੇ ਗਲੀ ਦੇ ਅਵਾਰਾ ਕੁੱਤਿਆ ਨੂੰ ਚੁਕਵਾ ਦਿੱਤਾ। ਕੁੱਤਿਆਂ ਨੂੰ ਫੜ੍ਹਾਉਣ ਦੀ ਵਜ੍ਹਾ ਇਹ ਪਤਾ ਲੱਗੀ ਕਿ ਅਵਾਰਾ ਕੁੱਤਿਆਂ ਨੇ ਨਾਮਜ਼ਦ ਦੋਸ਼ੀ ਦੇ ਲੜਕੇ ਨੂੰ ਵੱਢ ਲਿਆ ਸੀ। ਜਿਸ ਕਾਰਣ, ਉਸ ਨੇ ਬਾਹਰੋਂ ਬੰਦਿਆਂ ਨੂੰ ਬੁਲਾ ਕੇ,ਅਵਾਰਾ ਕੁੱਤਿਆਂ ਨੂੰ ਚੁਕਵਾ ਦਿੱਤਾ। ਪੁਲਿਸ ਨੇ ਮੁਦਈ ਦੀ ਸ਼ਕਾਇਤ ਦੇ ਅਧਾਰ ਪਰ,ਨਾਮਜ਼ਦ ਦੋਸ਼ੀ ਅਚਿਨ ਸਿੰਗਲਾ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਖਿਲਾਫ ਅਧੀਨ ਜੁਰਮ 11(1) The Prevention of Cruelty to Animal Act ਤਹਿਤ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।