ਸੂਦ, ਘਨੌਰ(ਪਟਿਆਲਾ) 26 ਜੂਨ 2024
ਪਟਿਆਲਾ ਜਿਲ੍ਹੇ ਦੇ ਪਿੰਡ ਚਤਰ ਨਗਰ ਵਿੱਚ ਜਮੀਨੀ ਝਗੜੇ ਨੂੰ ਲੈਕੇ ਦੋ ਧਿਰਾਂ ਦਰਮਿਆਨ ਤਾਂਬੜ-ਤੋੜ ਗੋਲੀਆਂ ਚੱਲੀਆਂ। ਦੁਵੱਲੀ ਫਾਈਰਿੰਗ ਵਿੱਚ ਦੋ ਧਿਰਾਂ ਦੇ ਤਿੰਨ ਜਣਿਆਂ ਦਾ ਕਤਲ ਹੋ ਗਿਆ। ਖੂਨੀ ਝਗੜੇ ਦੀ ਸੂਚਨਾ ਮਿਲਦਿਆਂ ਹੀ, ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਰੁਣ ਸ਼ਰਮਾ ਐਸ ਐਸ ਪੀ ਪਟਿਆਲਾ, ਪੁਲਿਸ ਫੋਰਸ ਸਣੇ ਮੌਕਾ ਵਾਰਦਾਤ ਤੇ ਪਹੁੰਚ ਗਏ। ਜਦੋਂ ਪੁਲਿਸ ਝਗੜੇ ਵਾਲੀ ਜਮੀਨ ਤੇ ਪਹੁੰਚੀ ਤਾਂ ਮੌਕੇ ਤੇ ਹੀ ਗੋਲੀਆਂ ਲੱਗਣ ਨਾਲ ਢੇਰ ਹੋਏ, ਤਿੰਨ ਜਣਿਆਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਦੁਵੱਲੀ ਫਾਈਰਿੰਗ ਵਿੱਚ ਦੋ ਹੋਰ ਵਿਅਕਤੀ ਵੀ ਗੰਭੀਰ ਰੂਪ ਵਿੱਚ ਜਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਪੁੱਛਗਿੱਛ ਲਈ, ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਕੇ, ਵਾਰਦਾਤ ਸਬੰਧੀ ਤੱਥ ਇਕੱਠੇ ਕਰਕੇ, ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਵਿੱਚ ਦੋ ਜਣੇ, ਪਿਉ ਪੁੱਤ ਵੀ ਹਨ।
ਮ੍ਰਿਤਕਾਂ ਦੀ ਪਹਿਚਾਣ ਸਤਵਿੰਦਰ ਸਿੰਘ ਸੱਤਾ (32) ਪੁੱਤਰ ਧਰਮ ਸਿੰਘ ਪਿੰਡ ਚਤਰ ਨਗਰ ਅਤੇ ਦਿਲਬਾਗ ਸਿੰਘ (68) ਪੁੱਤਰ ਗੁਰਮੱਖ ਸਿੰਘ ਅਤੇ ਜਸਵਿੰਦਰ ਸਿੰਘ ਜੱਸੀ (35) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਨੋਗਾਵਾਂ ਦੇ ਤੌਰ ਤੇ ਹੋਈ ਹੈ। ਜਦੋਂਕਿ ਗੰਭੀਰ ਜਖਮੀਆਂ ਵਿੱਚ ਹਰਜਿੰਦਰ ਸਿੰਘ ਜਿੰਦਾ (30) ਪੁੱਤਰ ਧਰਮ ਸਿੰਘ ਅਤੇ ਹਰਪ੍ਰੀਤ ਸਿੰਘ (32) ਪੁੱਤਰ ਜਸਮੇਰ ਸਿੰਘ ਵਾਸੀ ਚਤਰ ਨਗਰ ਸ਼ਾਮਿਲ ਹਨ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਦੋਵਾਂ ਧਿਰਾਂ ਦਰਮਿਆਨ ਕਰੀਬ ਤੀਹ ਕੁ ਏਕੜ ਜਮੀਨ ਦੇ ਕਬਜ਼ੇ ਨੂੰ ਲੈਕੇ ਝਗੜਾ ਚੱਲ ਰਿਹਾ ਸੀ। ਅੱਜ ਤੜਕੇ ਵੀ, ਦੋਵੇਂ ਧਿਰਾਂ, ਉੱਥੇ ਇਕੱਠੀਆਂ ਹੋ ਗਈਆਂ। ਦੁਵੱਲੀ ਫਾਈਰਿੰਗ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਦੋਵਾਂ ਧਿਰਾਂ ਦੇ ਬਿਆਨ ਮੁਤਾਬਿਕ, ਕਤਲਾਂ ਦੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ, ਜਲਦ ਦੀ ਨਾਮਜਦ ਦੋਸ਼ੀਆਂ ਨੂੰ ਗਿਰਫ਼ਤਾਰ ਕਰਕੇ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ।