ਮਾਸਟਰ ਕਾਡਰ ਦੀ ਨਵੀਂ ਸੀਨੀਆਰਤਾ ਸੂਚੀ ਵਿੱਚ ਗਲਤੀਆਂ ਦੀ ਭਰਮਾਰ : ਡੀ.ਟੀ.ਐੱਫ.

Advertisement
Spread information

ਡਰਾਫਟ ਸੂਚੀਆਂ ਵਿੱਚ ਸ਼ਾਮਲ ਅਨੇਕਾਂ ਨਾਮ ਹੋਏ ਗਾਇਬ : ਡੀ.ਟੀ.ਐੱਫ. 

ਤਰੱਕੀਆਂ ਤੋਂ ਵਾਂਝੇ ਸੀਨੀਅਰ ਅਧਿਆਪਕ ਸੀਨੀਆਰਤਾ ਨੰਬਰ ਜਾਰੀ ਨਾ ਹੋਣ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ : ਡੀ.ਟੀ.ਐੱਫ.

ਡੀ.ਟੀ.ਐੱਫ. ਵੱਲੋਂ ਰਹਿੰਦੇ ਅਧਿਆਪਕਾਂ ਨੂੰ ਸੀਨੀਆਰਤਾ ਨੰਬਰ ਦਿੰਦਿਆਂ ਤਰੱਕੀ ਦਾ ਲਾਭ ਦੇਣ ਦੀ ਮੰਗ 

ਰਘਵੀਰ ਹੈਪੀ, ਬਰਨਾਲਾ 16 ਜੂਨ 2024
    ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਤੀ 29/05/2024 ਨੂੰ ਜਾਰੀ ਕੀਤੀ ਗਈ ਮਾਸਟਰ ਕਾਡਰ ਦੀ ਨਵੀਂ ਪ੍ਰੋਵਿਜਨਲ ਸੀਨੀਆਰਤਾ ਸੂਚੀ ਬਾਰੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਤੇ ਸਕੱਤਰ ਨਿਰਮਲ ਚੁਹਾਣਕੇ ਨੇ ਕਿਹਾ ਕਿ ਕੰਮ ਦੇ ਕੰਪਿਊਟਰੀਕਰਨ ਹੋਣ ਦੇ ਬਾਵਜੂਦ ਨਵੀਂ ਸੀਨੀਆਰਤਾ ਸੂਚੀ ਵਿੱਚ ਤਰੁੱਟੀਆਂ ਦੀ ਭਰਮਾਰ ਹੈ। ਨਵੀਂ ਸੂਚੀ ਜਾਰੀ ਕਰਨ ਤੋਂ ਪਹਿਲਾਂ ਜਾਰੀ ਕੀਤੇ ਗਏ ਡਰਾਫਟ ਸੂਚੀਆਂ ਦੇ ਖਰੜੇ ਵਿੱਚ ਜਿੰਨ੍ਹਾਂ ਅਧਿਆਪਕਾਂ ਦੇ ਨਾਮ ਸ਼ਾਮਲ ਸਨ,ਉਹਨਾਂ ਵਿੱਚੋਂ ਅਨੇਕਾਂ ਦੇ ਨਾਮ ਇਸ ਸੂਚੀ ਵਿੱਚ ਛੱਡ ਦਿੱਤੇ ਗਏ ਹਨ, ਜਿਸ ਕਾਰਨ ਅਧਿਆਪਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਰੀ ਹੋਈ ਸੀਨੀਆਰਤਾ ਸੂਚੀ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਸ ਵਿੱਚ ਕਰਮਚਾਰੀ ਨੂੰ ਆਪਣਾ ਨਾਮ ਲੱਭਣਾ ਹੀ ਟੇਢੀ ਖੀਰ ਸਾਬਿਤ ਹੋ ਰਿਹਾ ਹੈ। ਸੀਨੀਆਰਤਾ ਸੂਚੀ ਦੀ ਬਣਾਈ ਗਈ ਪੀ.ਡੀ.ਐੱਫ. ਫਾਈਲ ਨੂੰ ਠੀਕ ਢੰਗ ਨਾਲ ਸਕੈਨ ਤੱਕ ਨਹੀਂ ਕੀਤਾ ਗਿਆ, ਜਿਸ ਕਾਰਨ ਕੰਪਿਊਟਰ ਉੱਤੇ ‘ਸਰਚ’ (search ) ਵਿੱਚ ਸੂਚਨਾ ਭਰਨ ਦੇ ਬਾਵਜੂਦ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਾਮ ਨਹੀਂ ਮਿਲ ਰਹੇ ਹਨ।                                           
         ਡੀ.ਟੀ.ਐੱਫ ਆਗੂਆਂ ਸੁਖਦੀਪ ਤਪਾ, ਲਖਵੀਰ ਠੁੱਲੀਵਾਲ, ਮਨਮੋਹਨ ਭੱਠਲ, ਪਲਵਿੰਦਰ ਠੀਕਰੀਵਾਲ,ਸੱਤਪਾਲ ਬਾਂਸਲ, ਮਾਲਵਿੰਦਰ ਸਿੰਘ,ਅੰਮ੍ਰਿਤਪਾਲ ਕੋਟਦੁੰਨਾ, ਦਵਿੰਦਰ ਤਲਵੰਡੀ, ਰਘੁਵੀਰ ਕਰਮਗੜ੍ਹ ਤੇ ਅੰਮ੍ਰਿਤ ਹਰੀਗੜ੍ਹ ਨੇ ਦੱਸਿਆ ਕਿ ਜਾਰੀ ਕੀਤੀ ਗਈ ਸੀਨੀਆਰਤਾ ਬਣਾਉਣ ਲੱਗਿਆਂ ਠੇਕੇ ਅਧੀਨ ਹੋਈ ਭਰਤੀ ਹੋਏ ਸਰਵਿਸ ਪ੍ਰੋਵਾਇਡਰ, 7654 ਅਤੇ 3442 ਅਧਿਆਪਕਾਂ ਨੂੰ ਸਾਲ 1978 ਅਤੇ 1994 ਦੇ ਨਿਯਮਾਂ ਤਹਿਤ ਉਨ੍ਹਾਂ ਦੀ ਰੈਗੂਲਰਾਈਜੇਸ਼ਨ ਮਿਤੀ ਅਨੁਸਾਰ ਸੀਨਿਆਰਤਾ ਸੂਚੀ ਵਿੱਚ ਥਾਂ ਦੇਣਾ ਬਣਦਾ ਸੀ, ਪਰ ਵਿਭਾਗ ਨੇ ਆਪੇ ਹੀ ਘੜੇ ਨਿਯਮਾਂ ਅਨੁਸਾਰ ਠੇਕਾ ਭਰਤੀ ਦੇ ਇਸ਼ਤਿਹਾਰ ਦੀਆਂ ਸ਼ਰਤਾਂ ਨੂੰ ਆਧਾਰ ਬਣਾ ਕੇ ਤਿੰਨ ਸਾਲ ਦੀ ਕੱਚੀ ਸੇਵਾ ਪੂਰੀ ਹੋਣ ਤੋਂ ਸੀਨੀਆਰਤਾ ਤੈਅ ਕਰ ਦਿੱਤੀ ਹੈ, ਜਦਕਿ ਇਸ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ਼ ਰੈਗੂਲਰਾਈਜੇਸ਼ਨ ਦੀ ਮਿਤੀ ਅਤੇ ਨਿਯੁਕਤੀ ਦੀ ਮੈਰਿਟ ਨੂੰ ਹੀ ਸੀਨੀਆਰਤਾ ਅਤੇ ਬਾਕੀ ਲਾਭਾਂ ਲਈ ਅਧਾਰ ਮੰਨਿਆ ਜਾਂਦਾ ਰਿਹਾ ਹੈ। ਇਸੇ ਢੰਗ ਨਾਲ ਇਹਨਾਂ ਭਰਤੀਆਂ ਵਾਂਗ ਇੱਕ ਹੀ ਰੈਗੂਲਰ ਮਿਤੀ ਦੀ ਤਰਜ਼ ‘ਤੇ ਹੀ 5178 ਅਧਿਆਪਕਾਂ ਦੀ ਸੀਨੀਆਰਤਾ ਤੈਅ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ 3582 ਅਸਾਮੀਆਂ ‘ਤੇ ਨਿਯੁਕਤ ਅਧਿਆਪਕਾਂ ਦੀ ਸੀਨੀਆਰਤਾ ਟ੍ਰੇਨਿੰਗ ‘ਤੇ ਜਾਣ ਦੀ ਮਿਤੀ ਭਾਵ 16 ਜੁਲਾਈ 2018 ਤੋਂ ਹੀ ਫਿਕਸ ਕੀਤੀ ਜਾਣੀ ਬਣਦੀ ਹੈ। 
         ਆਗੂਆਂ ਨੇ ਦੱਸਿਆ ਕਿ ਜਾਰੀ ਕੀਤੀ ਗਈ ਸੀਨੀਆਰਤਾ ਸੂਚੀ ਵਿੱਚ ਜਿੰਨ੍ਹਾਂ ਅਧਿਆਪਕਾਂ ਦੇ ਨਾਮ ਰਹਿ ਗਏ ਹਨ, ਉਨ੍ਹਾਂ ਨੂੰ 21 ਦਿਨਾਂ ਦੇ ਅੰਦਰ-ਅੰਦਰ ਭਾਵ 18 ਜੂਨ ਤੱਕ ਇਤਰਾਜ਼ ਦੇਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਲੈਕਚਰਾਰ ਦੀ ਤਰੱਕੀ ਲੈਣ ਤੋਂ ਰਹਿ ਗਏ ਸੀਨੀਅਰ ਅਧਿਆਪਕਾਂ ਤੋਂ ਕੇਸ ਵੀ ਮੰਗ ਲਏ ਗਏ ਹਨ। ਇਨ੍ਹਾਂ ਰਹਿ ਗਏ ਅਧਿਆਪਕਾਂ ਵਿੱਚ ਉਹ ਸੀਨੀਅਰ ਅਧਿਆਪਕ ਵੀ ਸ਼ਾਮਲ ਹਨ, ਜਿੰਨ੍ਹਾਂ ਦੇ ਨਾਮ ਸੀਨੀਆਰਤਾ ਸੂਚੀ ਵਿੱਚ ਹੀ ਨਹੀਂ ਹਨ। ਅਜਿਹੀ ਹਾਲਤ ਵਿੱਚ ਜਿੰਨ੍ਹਾਂ ਅਧਿਆਪਕਾਂ ਦੇ ਲੈਫਟ ਆਊਟ ਕੇਸ ਬਣਦੇ ਹਨ । ਪਰ ਲਿਸਟ ਵਿੱਚ ਨਾਮ ਸ਼ਾਮਲ ਨਾ ਹੋਣ ਕਰਕੇ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ। 
      ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਨੂੰ ਸੀਨੀਆਰਤਾ ਸੂਚੀ ਵਿੱਚ ਸਭ ਤੋਂ ਪਹਿਲਾਂ ਸ਼ਾਮਲ ਹੋਣੋਂ ਰਹਿੰਦੇ ਅਧਿਆਪਕਾਂ ਨੂੰ ਸ਼ਾਮਲ ਕਰਕੇ, ਠੀਕ ਢੰਗ ਨਾਲ ਸੂਚੀ ਨੂੰ ਸਕੈਨ ਕਰਕੇ ਅਤੇ ਠੇਕੇ ਅਧੀਨ ਇੱਕੋ ਦਿਨ ਰੈਗੂਲਰ ਹੋਏ ਅਧਿਆਪਕਾਂ ਨੂੰ ਮੁੱਢਲੀ ਨਿਯੁਕਤੀ ਦੀ ਮੈਰਿਟ ਅਨੁਸਾਰ ਥਾਂ ਦਿੰਦਿਆਂ ਹੋਏ ਮੁੜ ਤੋਂ ਸੀਨੀਆਰਤਾ ਸੂਚੀ ਜਾਰੀ ਕਰਨੀ ਚਾਹੀਦੀ ਹੈ ਅਤੇ ਫਿਰ ਹੀ ਤਰੱਕੀਆਂ ਲਈ ਰਹਿੰਦੇ ਕੇਸਾਂ ਬਾਰੇ ਵਿਚਾਰਨਾ ਚਾਹੀਦਾ ਹੈ।
Advertisement
Advertisement
Advertisement
Advertisement
Advertisement
error: Content is protected !!