ਅਸ਼ੋਕ ਵਰਮਾ, ਜਲੰਧਰ 16 ਜੂਨ 2024
ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੋਣ ਚੋਂ ਜੋ ਵੀ ਪਾਰਟੀ ਜਿੱਤ ਗਈ, ਉਸ ਨੂੰ ਹੀ ਰਾਜਨੀਤੀ ਦਾ ਸਿਕੰਦਰ ਮੰਨਿਆ ਜਾਏਗਾ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਕਰਕੇ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀਟ ‘ਤੇ ਜਿਮਨੀ ਚੋਣ ਹੋ ਰਹੀ ਹੈ। ਸ਼ੀਤਲ ਅੰਗੁਰਾਲ ਨੇ ਅਸਤੀਫਾ ਵਾਪਿਸ ਲੈਣ ਦੀ ਕੋਸ਼ਿਸ਼ ਵੀ ਕੀਤੀ, ਜੋ ਸਫਲ ਨਾ ਹੋ ਸਕੀ ਤਾਂ ਹੁਣ ਮਰਦਿਆਂ ਨੂੰ ਅੱਕ ਚੱਬਣਾ ਪੈ ਰਿਹਾ ਹੈ। ਅੰਗੁਰਾਲ ਵੱਲੋਂ ਆਪਣੇ ਫੇਸਬੁੱਕ ਪੇਜ ਤੋਂ ਮੋਦੀ ਦਾ ਪ੍ਰੀਵਾਰ ਪੋਸਟ ਹਟਾਉਣ ਕਾਰਨ ਇਸ ਹਲਕੇ ਦੀ ਚੋਣ ਹੋਰ ਵੀ ਰੌਚਕ ਹੋ ਗਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 10 ਜੁਲਾਈ ਨੂੰ ਵੋਟਾਂ ਪੁਆਈਆਂ ਜਾਣਗੀਆਂ, ਜਿੰਨ੍ਹਾਂ ਦੀ ਗਿਣਤੀ 13 ਜੁਲਾਈ ਨੂੰ ਕੀਤੀ ਜਾਏਗੀ।
ਹਾਕਮ ਧਿਰ ਦੇ ਵਿਧਾਇਕ ਵਜੋਂ ਅਸਤੀਫਾ ਦੇਣ ਵਾਲੇ ਸ਼ੀਤਲ ਅੰਗੁਰਾਲ ਦਾ ਸਿਆਸੀ ਊਂਠ ਕਿਸ ਕਰਵਟ ਬੈਠਦਾ ਹੈ। ਇਸ ਦਾ ਖੁਲਾਸਾ ਤਾਂ ਜਿਮਨੀ ਚੋਣ ਹੀ ਕਰੇਗੀ। ਪਰ ਅਸਤੀਫੇ ਰੂਪੀ ਪੈਂਤੜੇ ਕਾਰਨ ਲੋਕ ਸਭਾ ਚੋਣਾਂ ਦੌਰਾਨ ਮਿਸ਼ਨ 13-0 ਦੀ ਅਸਫਲਤਾ ਪਿੱਛੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਭਰੋਸਾ ਹੁਣ ਦਾਅ ’ਤੇ ਲੱਗ ਗਿਆ ਹੈ। ਹਾਰ ਕਾਰਨ ’ਆਪ’ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਲ-ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਲੀਡਰਸ਼ਿਪ ’ਤੇ ਵੀ ਉਂਗਲਾਂ ਉੱਠ ਰਹੀਆਂ ਹਨ । ਜਿੰਨ੍ਹਾਂ ਨੇ ਵੱਡੇ ਵੱਡੇ ਦਾਅਵਿਆਂ ਨਾਲ 13-0 ਦਾ ਨਾਅਰਾ ਦਿੱਤਾ ਸੀ। ਧੂੰਆਂ ਧਾਰ ਪ੍ਰਚਾਰ ਦੇ ਬਾਵਜੂਦ ਸਿਰਫ਼ 3 ਲੋਕ ਸਭਾ ਸੀਟਾਂ ਜਿੱਤ ਸਕਣ ਵਾਲੀ ’ਆਮ ਆਦਮੀ ਪਾਰਟੀ’ ਦਾ ਅਕਸ ਹੁਣ ਸਿਰਫ਼ ਇੱਕ ਵਿਧਾਨ ਸਭਾ ਹਲਕੇ ਦੀ ਜਿੱਤ ਹਾਰ ਤੇ ਟਿਕਿਆ ਹੋਇਆ ਹੈ।
ਸਾਲ 2022 ’ਚ ਬੰਪਰ ਜਿੱਤ ਦਰਜ ਕਰਨ ਦੇ ਬਾਵਜੂਦ ਹਾਲੀਆ ਲੋਕ ਸਭਾ ਚੋਣਾਂ ’ਚ ਜਲੰਧਰ ਪੱਛਮੀ ਹਲਕੇ ‘ਤੇ ’ਆਪ’ ਤੀਜੇ ਨੰਬਰ ’ਤੇ ਰਹੀ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ’ਚ ਜੇਕਰ ਆਮ ਆਦਮੀ ਪਾਰਟੀ ਜਲੰਧਰ ਪੱਛਮੀ ਸੀਟ ਵੀ ਨਾ ਬਚਾ ਸਕੀ ਤਾਂ 2027 ਤੱਕ ਪੰਜਾਬ ਸਰਕਾਰ ਖਿਲਾਫ ਵੱਡਾ ਮਾਹੌਲ ਬਣ ਸਕਦਾ ਹੈ। ਜਲੰਧਰ ਪੱਛਮੀ ਹਲਕਾ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੋਂਦ ’ਚ ਆਇਆ ਸੀ । ਪਿਛਲਾ ਇਤਿਹਾਸ ਦੇਖੀਏ ਤਾਂ ਲੰਘੀਆਂ ਤਿੰਨ ਚੋਣਾਂ ਇੱਕ ਵਾਰ ਭਾਜਪਾ ਜਿੱਤੀ। ਜਦੋਂਕਿ ਇੱਕ ਵਾਰ ਕਾਂਗਰਸ ਅਤੇ ਇੱਕ ਵਾਰ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਹਲਕੇ ’ਚ ਸਾਲ 2012 ਦੌਰਾਨ ਹੋਈ ਪਹਿਲੀ ਚੋਣ ਭਾਜਪਾ ਦਾ ਉਮੀਦਵਾਰ ਭਗਤ ਚੂੰਨੀ ਲਾਲ ਜਿੱਤਿਆ, ਜਿਸ ਨੂੰ ਮੰਤਰੀ ਬਣਨ ਦਾ ਮਾਣ ਵੀ ਹਾਸਿਲ ਹੋਇਆ ਸੀ।
ਹਾਲਾਂਕਿ ਭਾਜਪਾ ਲਈ ਵੀ ਇਹ ਜਿਮਨੀ ਚੋਣ ਕਰੋ ਜਾਂ ਮਰੋ ਦੀ ਸਥਿਤੀ ਵਾਂਗ ਹੈ, ਪਰ ਸੁਖਾਵੀਂ ਸਥਿਤੀ ਇਹ ਹੈ ਕਿ ਭਾਵੇਂ ਸਾਲ 2022 ਦੀਆਂ ਵਿਧਾਨ ਚੋਣਾਂ ਮੌਕੇ ਆਮ ਆਦਮੀ ਪਾਰਟੀ ਕਾਂਗਰਸੀ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤ ਗਈ। ਪਰ ਤੀਜੇ ਸਥਾਨ ਤੇ ਰਹਿਣ ਵਾਲੀ ਭਾਜਪਾ ਨੂੰ ਪਈਆਂ ਵੋਟਾਂ ਦਾ ਅੰਕੜਾ ਕਾਫੀ ਵੱਡਾ ਅਤੇ ਹੌਂਸਲਾ ਦੇਣ ਵਾਲਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਡੇ ਵੱਡੇ ਸਿਆਸੀ ਧੁਨੰਤਰਾਂ ਵੱਲੋਂ ਕੀਤੇ ਚੋਣ ਪ੍ਰਚਾਰ ਦੇ ਬਾਵਜੂਦ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਨੂੰ ਪੰਜਾਬ ਅੰਦਰ ਕਿਸੇ ਵੀ ਹਲਕੇ ’ਤੋਂ ਜਿੱਤ ਨਹੀਂ ਸਕੀ । ਜੇਕਰ ਭਾਜਪਾ ਜਿਮਨੀ ਚੋਣ ਜਿੱਤ ਜਾਂਦੀ ਹੈ ਤਾਂ ਉਸ ਨੂੰ ਪੰਜਾਬ ਵਿੱਚ ਸਿਆਸੀ ਹੁਲਾਰਾ ਮਿਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ।
ਲੋਕ ਸਭਾ ਚੋਣਾਂ ਮੌਕੇ ਜਲੰਧਰ ਦੇ 9 ਵਿੱਚੋਂ ਸੱਤ ਹਲਕਿਆਂ ਵਿੱਚ ਜਿੱਤਣ ਵਾਲੀ ਕਾਂਗਰਸ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਸੀਨੀਅਰ ਲੀਡਰਸ਼ਿਪ ਲਈ ਵੀ ਜਿਮਨੀ ਚੋਣ ਪਾਰਟੀ ਦੀ ਸਿਆਸੀ ਪਕੜ ਮਜਬੂਤ ਕਰਨ ਵਾਸਤੇ ਸੁਨਹਿਰੀ ਮੌਕਾ ਸਾਬਤ ਹੋ ਸਕਦੀ ਹੈ । ਜੇਕਰ ਕਾਂਗਰਸ ਚੋਣ ਜਿੱਤ ਜਾਂਦੀ ਹੈ ਤਾਂ ਕਾਂਗਰਸੀਆਂ ਦੀ ਪੰਜਾਬ ਸਰਕਾਰ ਨੂੰ ਵੱਖ ਵੱਖ ਮੁੱਦਿਆਂ ਤੇ ਘੇਰਨ ਦੀ ਸਮਰੱਥਾ ’ਚ ਵਾਧਾ ਹੋਵੇਗਾ। ਇਸ ਹਲਕੇ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਦੇ ਮਹਿੰਦਰ ਪਾਲ ਭਗਤ ਨੂੰ ਹਰਾ ਕੇ ਪੰਜ ਸਾਲ ਪਹਿਲਾਂ ਹੋਈ ਪਾਰਟੀ ਦੀ ਹਾਰ ਦਾ ਬਦਲਾ ਚੁਕਾਇਆ ਸੀ ।ਜਦੋਂਕਿ ਇਸ ਮੌਕੇ ਆਪ ਉਮੀਦਵਾਰ ਦਰਸ਼ਨ ਲਾਲ ਭਗਤ 15 ਹਜ਼ਾਰ 364 ਵੋਟਾਂ ਨਾਲ ਤੀਸਰੇ ਸਥਾਨ ਤੇ ਰਿਹਾ ਸੀ।
ਸਾਲ 2022 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਨਾਲ ਕਾਂਗਰਸ ਦੇ ਸੁਸ਼ੀਲ ਰਿੰਕੂ ਨੂੰ 4253 ਵੋਟਾਂ ਨਾਲ ਹਰਾਇਆ ਸੀ। ਇਸ ਮੌਕੇ ਸ਼ੀਤਲ ਅੰਗੁਰਾਲ ਨੂੰ 39 ਹਜ਼ਾਰ 213 , ਸੁਸ਼ੀਲ ਰਿੰਕੂ ਨੂੰ 34 ਹਜ਼ਾਰ 960 ਅਤੇ ਭਾਜਪਾ ਦੇ ਮਹਿੰਦਰਪਾਲ ਭਗਤ ਨੂੰ 33 ਹਜ਼ਾਰ 486 ਵੋਟਾਂ ਪਈਆਂ ਸਨ। ਚੌਥੀ ਵੱਡੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੀ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਅਗਨੀ ਪ੍ਰੀਖਿਆ ਦੀ ਤਰਾਂ ਹੋਵੇਗੀ। ਸਾਲ 2012 ’ਚ ਅਕਾਲੀ ਭਾਜਪਾ ਗੱਠਜੋੜ ਦੌਰਾਨ ਭਾਜਪਾ ਜਿੱਤੀ ਸੀ। ਤਿੰਨ ਖੇਤੀ ਕਾਨੂੰਨਾਂ ਕਾਰਨ ਭਾਈਵਾਲੀ ਟੁੱਟ ਗਈ ਤਾਂ ਦੋਵਾਂ ਧਿਰਾਂ ਦੇ ਰਾਹ ਵੱਖੋ ਵੱਖ ਹਨ। ਇਹ ਜਿਮਨੀ ਚੋਣ ਨਿਤਾਰਾ ਕਰੇਗੀ ਕਿ ਅਕਾਲੀ ਦਲ ਦੀ ਝੋਲੀ ’ਚ ਕਿੰਨੇ ਕੁ ਦਾਣੇ ਹਨ।
-ਦਿਲ ਨਹੀਓਂ ਲੱਗਦੇ ਸੱਜਣਾ ਵੇ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਿਛਲੇ ਰੰਗ ਤਮਾਸ਼ੇ ਦੇਖਣ ਵਾਲੇ ਆਪ ਆਗੂਆਂ ਦੇ ਚਿੱਤ ਨਹੀਂ ਲੱਗ ਰਹੇ ਹਨ। ਜਦੋਂਕਿ ਲੋਕ ਸਭਾ ਚੋਣਾਂ ਦੌਰਾਨ 7 ਹਲਕਿਆਂ ਵਿੱਚ ਜਿੱਤਣ ਵਾਲੀ ਕਾਂਗਰਸ ਅਤੇ ਕਿਸਾਨ ਧਿਰਾਂ ਦੇ ਵਿਰੋਧ ਦਰਮਿਆਨ ਵੋਟ ਪ੍ਰਤੀਸ਼ਤ ਵਧਾਉਣ ਵਾਲੀ ਭਾਜਪਾ ਹੌਂਸਲੇ ’ਚ ਹੈ। ਅਕਾਲੀ ਦਲ ਲਈ ਤਾਂ 2017 ਪਿੱਛੋਂ ਹਰ ਚੋਣ ਅੱਗ ਦਾ ਦਰਿਆ ਪਾਰ ਕਰਨ ਵਾਲੀ ਸਾਬਤ ਹੋ ਰਹੀ ਹੈ।