ਇਹ ਕਿੱਥੋਂ ਦਾ ਨਿਆਂ ਐ, ਬਈ ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ…?
ਹਰਿੰਦਰ ਨਿੱਕਾ, ਪਟਿਆਲਾ 16 ਜੂਨ 2024
ਲੋਕ ਸਭਾ ਚੋਣਾਂ ‘ਚ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਹੋਈ ਨਮੋਸ਼ੀ ਭਰੀ ਹਾਰ, ਸਰਕਾਰ ਨੂੰ ਹਾਲੇ ਹਜ਼ਮ ਨਹੀਂ ਆ ਰਹੀ। ਸੱਤਾਧਾਰੀਆਂ ਨੇ ਉਮੀਦ ਮੁਤਾਬਿਕ ਨਤੀਜ਼ੇ ਨਾ ਆਉਣ ਤੋਂ ਬਾਅਦ ਆਪਣੀ ਹਾਰ ਦਾ ਠੀਕਰਾ ਪੁਲਿਸ ਮੁਲਾਜਮਾਂ ਸਿਰ ਹੀ ਭੰਨ ਦਿੱਤਾ ਹੈ। ਨਤੀਜਤਨ ਸਰਕਾਰ ਵੱਲੋਂ ਪੁਲਿਸ ਦੀ ਕਾਰਜ਼ਸ਼ੈਲੀ ‘ਚ ਸੁਧਾਰ ਅਤੇ ਨਸ਼ਿਆਂ ਨੂੰ ਨਕੇਲ ਪਾਉਣ ਦੇ ਨਾਂ ਹੇਠ ਲਾਗੂ ਕੀਤੀ ਨਵੀਂ ਤਬਾਦਲਾ ਨੀਤੀ ਤਹਿਤ ਪੁਲਿਸ ਵਿਭਾਗ ‘ਚ ਛੋਟੇ ਰੈਂਕ ਵਾਲੇ ਮੁਲਾਜ਼ਮਾਂ ਦੀਆਂ ਥੋਕ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ ਤੇ ਇਕੱਲੀ ਪਟਿਆਲਾ ਰੇਂਜ ਅੰਦਰ ਹੀ 916 ਪੁਲਿਸ ਮੁਲਾਜ਼ਮਾਂ ਨੂੰ ਉਨਾਂ ਦੀਆਂ ਜੜ੍ਹਾਂ (ਯਾਨੀ ਰਿਹਾਇਸ਼ੀ ਖੇਤਰਾਂ) ਤੋਂ ਦੂਰ ਕਰ ਦਿੱਤਾ ਗਿਆ ਹੈ। ਬੇਸ਼ੱਕ ਡਿਸਪਲਨ ਫੋਰਸ ਹੋਣ ਕਾਰਣ, ਮੂਹਰੇ ਆ ਕੇ, ਕੋਈ ਵੀ ਮੁਲਾਜ਼ਮ ਮੂੰਹ ਨਹੀਂ ਖੋਲ੍ਹ ਰਿਹਾ। ਪਰੰਤੂ ਪੁਲਿਸ ਮੁਲਾਜ਼ਮਾਂ ਦੇ ਮੱਥੇ ਪਈਆਂ ਤਿਊੜੀਆਂ, ਉਨਾਂ ਦੇ ਸਰਕਾਰ ਖਿਲਾਫ ਗੁੱਸੇ ਦਾ ਇਜ਼ਹਾਰ ਜਰੂਰ ਕਰਦੀਆਂ ਹਨ।
ਨਾ ਕਰ ਮਣਮੱਤੀਆਂ, ਪੈਣਾ ਆਖਿਰ ਨੂੰ ਪਛਤਾਉਣਾ, ਇੱਕ ਪਿੰਡ ਦੀ ਸੱਥ ‘ਚ ਬੈਠੇ, ਇੱਕ ਰਿਟਾਇਰ ਪੁਲਿਸ ਅਧਿਕਾਰੀ ਦੀ ਪੁਲਿਸ ਦੀਆਂ ਧੜਾਧੜ ਹੋਈਆਂ ਬਦਲੀਆਂ ਬਾਰੇ ਇਹ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ । ਉਸ ਨੇ ਆਪਣੀ 30 ਕੁ ਵਰ੍ਹਿਆਂ ਦੀ ਸਰਵਿਸ ਦੇ ਤਜ਼ੁਰਬੇ ਦਾ ਨਿਚੋੜ ਕੱਢਦਿਆਂ ਕਿਹਾ, ਲੁੱਚੀ ਘੁੱਗੀ ‘ਤੇ ਕਾਂ ਬਦਨਾਮ ਵਾਲੀ ਗੱਲ ਹੋਈ ਜ਼ਾਦੀ ਹੈ, ਨਸ਼ਿਆਂ ਦੀ ਵਿਕਰੀ ਅਤੇ ਅਪਰਾਧੀਆਂ ਦੀ ਪੁਸ਼ਤਪਨਾਹੀ, ਰਾਜਨੀਤਕ ਲੀਡਰ ਤੇ ਉਨਾਂ ਦੇ ਪਾਲਤੂ ਹੀ ਕਰਦੇ ਨੇ, ਪਰ ਇੱਨਾਂ ਨੂੰ ਕੌਣ ਕਹੇ, ਰਾਣੀਏ ਅੱਗਾ ਢਕ।
ਇੱਕ ਹੋਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ਤੇ ਢਿੱਡ ਫੋਲਦਿਆਂ ਕਿਹਾ ! ਇਹ ਗੱਲ ਤੋਂ ਕੋਈ ਵੀ ਇਨਕਾਰ ਨਹੀਂ ਕਰਦਾ ਕਿ ਪੁਲਿਸ ਮਹਿਕਮੇ ਵਿੱਚ ਕੁੱਝ ਕਾਲੀਆਂ ਭੇਡਾਂ, ਜਰੂਰ ਹਨ, ਜਿਹੜੀਆਂ ਨਸ਼ਾ ਤਸਕਰਾਂ ਅਤੇ ਹੋਰ ਅਪਰਾਧਿਕ ਪ੍ਰਵਿਰਤੀ ਵਾਲੇ ਵਿਅਕਤੀਆਂ ਨਾਲ ਮਿਲ ਕੇ ਖੇਡਦੀਆਂ ਹਨ, ਪਰ ਇਹ ਗਿਣਤੀ ਆਟੇ ਵਿੱਚ ਲੂਣ ਜਿੰਨੀ ਹੀ ਹੈ। ਫਿਰ ਮੁੱਠੀ ਭਰ ਕਾਲੀਆਂ ਭੇਡਾਂ ਦੀ ਸਜ਼ਾ, ਉਨਾਂ ਦੀ ਨਿਸ਼ਾਨਦੇਹੀ ਕਰਕੇ, ਉਨਾਂ ਨੂੰ ਦੇਣ ਦੀ ਬਜਾਏ, ਨਿਸ਼ਾਨਾ ਹੋਰ ਬੇਕਸੂਰ ਮੁਲਾਜਮਾਂ ਨੂੰ ਦੂਰ ਦਰਾਜ਼ ਖੇਤਰਾਂ ਵਿੱਚ ਬਦਲਕੇ ਬਣਾਇਆ ਜਾ ਰਿਹਾ ਹੈ। ਇਹ ਕਿੱਥੋਂ ਦਾ ਨਿਆਂ ਐ, ਬਈ ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ।
ਇੱਕ ਹੋਰ ਅੱਧਖੜ ਉਮਰ ਦੇ ਮੁਲਾਜ਼ਮ ਨੇ ਕਿਹਾ, ਅਸੀਂ ਤਾਂ ਰਿਟਾਇਰਮੈਂਟ ਦੇ ਨੇੜੇ ਹੀ ਹਾਂ, ਚਾਰ ਸਾਲ ਪਹਿਲਾਂ ਲੈ ਲਵਾਂਗੇ, ਪੂਰੀ ਜਿੰਦਗੀ, ਦੁਆਨੀ ਦੇ ਰਵਾਦਾਰ ਨਹੀਂ ਰਹੇ, ਕਦੇ ਵਰਦੀ ਨੂੰ ਦਾਗ ਨੀ ਲੱਗਣ ਦਿੱਤਾ, ਸਰਕਾਰ 100 ਪੂਲਾ ਵੱਢਣ ਤੇ ਮਚਾਉਣ ਵਾਲਿਆਂ ਨੂੰ ਇੱਕੋ ਪੱਲੜੇ ਧਰੀ ਜਾਂਦੀ ਹੈ। ਇੱਕ ਰੰਗਰੂਟ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, ਕੋਈ ਨੀ, ਸਰਕਾਰ ਵੀ, ਮੱਛੀ ਵਾਂਗ ਪੱਥਰ ਚੱਟ ਕੇ ਹੀ ਮੁੜੂ, ਪਹਿਲਾਂ ਜਿਵੇਂ ਕਈ ਮਾਮਲਿਆਂ ਵਿੱਚ ਸਰਕਾਰ ਨੇ ਯੂ-ਟਰਨ ਲਿਆ, ਓਵੇਂ ਹੀ, ਹੁਣ ਵੀ ਦੇਰ ਸਵੇਰ, ਮੁਲਾਜਮਾਂ ਨੂੰ ਘਰੋਂ-ਬੇਘਰ ਕਰਨ ਵਾਲਾ ਫੈਸਲਾ ਵਾਪਿਸ ਹੀ ਲੈਣਾ ਪਊ।
ਇਹ ਆਉਣਗੀਆਂ ਦਿੱਕਤਾਂ…
ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਕਰੀਬ 300/350 ਪੁਲਿਸ ਮੁਲਾਜਮ ਅਧਿਕਾਰੀ ਤੇ ਕਰਮਚਾਰੀ, ਰਿਟਾਇਰ ਹੁੰਦੇ ਹਨ, ਜਦੋਂਕਿ ਨਵੀਂ ਭਰਤੀ ਨਾ ਦੇ ਬਰਾਬਰ ਹੀ ਹੈ। ਨਤੀਜ਼ੇ ਵਜੋਂ ਨਫਰੀ ਹਰ ਦਿਨ ਘਟਦੀ ਜਾਂਦੀ ਹੈ, ਕਿਸੇ ਵੀ ਥਾਣੇ ਵਿੱਚ ਪੂਰੇ ਮੁਲਾਜ਼ਮ ਨਹੀਂ, ਜੇ ਪੁਲਿਸ ਨਾਕਿਆਂ ਤੇ ਖੜ੍ਹਦੀ ਐ ਤਾਂ ਥਾਣਿਆਂ ਵਿੱਚ ਸੰਤਰੀ ਤੇ ਮੁਨਸ਼ੀ ਤੋ ਬਿਨਾਂ ਕੋਈ ਨਹੀਂ ਬਚਦਾ । ਵੀ.ਆਈ.ਪੀ. ਡਿਊਟੀਆਂ ਤੇ ਲੀਡਰਾਂ ਨਾਲ ਵੱਡੀ ਗਿਣਤੀ ਵਿੱਚ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਕੌੜਾ ਸੱਚ ਇਹ ਵੀ ਐ ਕਿ ਰਿਟਾਇਰਮੈਂਟ ਦੇ ਨੇੜੇ ਲੱਗੇ ਮੁਲਾਜਮ, ਪ੍ਰੀਮਚਿਓਰ ਲੈਣ ਨੂੰ ਫਿਰਦੇ ਹਨ। ਉਪਰੋਂ ਆਹ ਨਵੀਂ ਤਬਾਦਲਾ ਨੀਤੀ ਵੀ “ਕੋਹੜ ਵਿੱਚ ਖਾਜ਼” ਦੀ ਤਰਾਂ ਹੀ ਸਾਬਿਤ ਹੋਣੀ ਹੈ। ਸੂਬੇ ਦੇ ਮਾਹੌਲ ਤੋਂ ਹਰ ਕੋਈ ਭਲੀਭਾਂਤ ਵਾਕਿਫ ਹੈ। ਕਾਫੀ ਪੁਲਿਸ ਮੁਲਾਜ਼ਮਾਂ ਦੇ ਬੱਚੇ ਸਕੂਲਾਂ/ਕਾਲਜਾਂ ਵਿੱਚ ਪੜ੍ਹਦੇ ਹਨ,ਉਨਾਂ ਦੀਆਂ ਬਦਲੀਆਂ ਕਾਰਣ, ਬੱਚਿਆਂ ਦੇ ਭਵਿੱਖ ਤੇ ਵੀ ਤਲਵਾਰ ਲਟਕਣੀ ਹੈ। ਚੌਵੀ ਘੰਟਿਆਂ ਦੀ ਡਿਊਟੀ ਕਾਰਣ, ਦੂਰ ਦੁਰਾਡੇ ਬਦਲੇ ਗਏ, ਇੰਸਪੈਕਟਰ ਰੈਂਂਕ ਤੋਂ ਛੋਟੇ ਮੁਲਾਜਮਾਂ ਨੂੰ ਆਲ੍ਹਣਿਆਂ ਦੇ ਲਾਲੇ ਪੈ ਜਾਣਗੇ। ਨਵੀਂ ਭਰਤੀ ਹਰ ਰੈਂਕ ਵਿੱਚ ਨਾਰੀ ਸ਼ਕਤੀ ਵੀ ਵਾਹਵਾ ਹੈ, ਜਿੰਨ੍ਹਾਂ ਦੇ ਛੋਟੇ-ਛੋਟੇ ਬੱਚੇ ਵੀ ਹਨ, ਜਿਹੜੇ ਆਪਣੀਆਂ ਮਾਂਵਾਂ ਨੂੰ ਰਾਤ ਵੇਲੇ ਹੀ ਵੇਖਣ ਨੂੰ ਤਰਸਦੇ ਹਨ। ਅਜਿਹੀਆਂ ਨਵੀਆਂ ਪੈਦਾ ਹੋਈਆਂ ਹਾਲਤਾਂ ਵਿੱਚ ਜਾਂ ਤਾਂ ਪੁਲਿਸ ਮੁਲਾਜਮ ਮਜਬੂਰੀ ਵੱਸ, ਫਰਲੋ ਤੇ ਘਰੋ-ਘਰੀ ਮੁੜਿਆ ਕਰਨਗੇ ਜਾਂ ਫਿਰ ਘਰਾਂ ਦਾ ਕਿਰਾਇਆ,ਲੋਕਾਂ ਦੀਆਂ ਜੇਬਾਂ ਵਿੱਚੋਂ ਕੱਢਣ ਨੂੰ ਮਜਬੂਰ ਹੋਣਗੇ । ਸਰਸਰੀ ਨਜ਼ਰ ਨਾਲ ਦੇਖਿਆ, ਪਤਾ ਲੱਗਦਾ ਹੈ ਕਿ ਨਵੀਂ ਤਬਾਦਲਾ ਨੀਤੀ ਦੇ ਫਾਇਦੇ ਦੀ ਬਜਾਏ ਨੁਕਸਾਨ ਜਿਆਦਾ ਹੋਣਗੇ। ਲੋਕ ਰਾਇ ਇਹੋ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੂੰ ਕਾਲੀਆਂ ਭੇਡਾਂ ਦੀ ਪਛਾਣ ਕਰਕੇ,ਉਨਾਂ ਦਾ ਨਿਖੇੜਾ ਜਰੂਰ ਕਰਨਾ ਚਾਹੀਦਾ ਹੈ ਨਾ ਕਿ ਹਰ ਚੰਗੇ ਭਲੇ ਮੁਲਾਜਮ ਨੂੰ, ਉਨਾਂ ਦੀ ਸਬ ਡਿਵੀਜਨ ਤੋਂ ਦੂਰ ਦੁਰਾਡੇ ਬਦਲ ਕੇ,ਸਜ਼ਾ ਦੇਣਾ ਵਾਜ਼ਿਬ ਹੈ। ਵਰਨਣਯੋਗ ਹੈ ਕਿ ਸਰਕਾਰ ਦੇ ਤਾਜ਼ਾ ਹੁਕਮਾਂ ਅਨੁਸਾਰ ਐਸ.ਐਸ.ਪੀ. ਪਟਿਆਲਾ ਵੱਲੋਂ 537, ਐਸ.ਐਸ.ਪੀ. ਸੰਗਰੂਰ ਵੱਲੋ 188, ਐਸ.ਐਸ.ਪੀ. ਬਰਨਾਲਾ ਵੱਲੋਂ 118 ਅਤੇ ਐਸ.ਐਸ.ਪੀ. ਮਲੇਰਕੋਟਲਾ ਵੱਲੋਂ 73 ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ । ਜਿੰਨ੍ਹਾਂ ਵਿੱਚ ਇੰਸਪੈਕਟਰ, ਸਬ ਇੰਸਪੈਕਟਰ, ਸਹਾਇਕ ਥਾਣੇਦਾਰ ,ਹੌਲਦਾਰ, ਸਿਪਾਹੀ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਵੀ ਸ਼ਾਮਿਲ ਹਨ।