ਨਵੀਂ ਤਬਾਦਲਾ ਨੀਤੀ ਤਹਿਤ ਕੋਈ ਵੀ ਮੁਲਾਜ਼ਮ ਆਪਣੀ ਸਬ ਡਿਵੀਜ਼ਨ ‘ਚ ਨਹੀਂ ਰਹੇਗਾ ਤਾਇਨਾਤ-ਡੀ.ਆਈ.ਜੀ. ਭੁੱਲਰ
ਹਰਿੰਦਰ ਨਿੱਕਾ, ਪਟਿਆਲਾ 16 ਜੂਨ 2024 ਨਸ਼ਿਆਂ ਦੀ ਰੋਕਥਾਮ ਅਤੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਤੇ ਸੁਚਾਰੂ ਬਣਾਉਣ ਲਈ ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਘੜੀ ਨਵੀਂ ਤਬਾਦਲਾ ਨੀਤੀ ‘ਤੇ ਅਮਲ ਕਰਦਿਆਂ ਪੁਲਿਸ ਰੇਂਜ ਪਟਿਆਲਾ ਅੰਦਰ ਵੀ ਵੱਡਾ ਫੇਰਬਦਲ ਕੀਤਾ ਗਿਆ ਹੈ। ਹਾਲੀਆ ਲਾਗੂ ਤਬਾਦਲਾ ਨੀਤੀ ਦੇ ਤਹਿਤ ਪਟਿਆਲਾ,ਸੰਗਰੂਰ,ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਵਿੱਚ ਇੰਸਪੈਕਟਰ ਤੋਂ ਲੈ ਕੇ ਸਬ ਇੰਸਪੈਕਟਰ, ਏ.ਐਸ.ਆਈ. , ਹੌਲਦਾਰ , ਸਿਪਾਹੀ ਰੈਂਕ ਅਤੇ ਪੰਜਾਬ ਹੋਮਗਾਰਡ ਦੇ ਕੁੱਲ 916 ਮੁਲਾਜਮਾਂ ਨੂੰ,ਉਨ੍ਹਾਂ ਦੀਆਂ ਸਬ ਡਿਵੀਜਨਾਂ ਵਿੱਚੋਂ ਬਦਲ ਦਿੱਤਾ ਹੈ। ਇਹ ਜਾਣਕਾਰੀ ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ., ਡੀ.ਆਈ.ਜੀ. ਪਟਿਆਲਾ ਰੇਂਜ, ਨੇ ਆਪਣੀ ਰੇਂਜ ਅਧੀਨ ਪੈਂਦੇ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜਿਲ੍ਹਿਆਂ ਦੇ ਐਸ.ਐਸ.ਪੀਜ ਨਾਲ ਮੀਟਿੰਗ ਉਪਰੰਤ ਮੀਡੀਆ ਨੂੰ ਦਿੱਤੀ।
ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਰੇਂਜ ਦੇ ਸਾਰੇ ਐਸ.ਐਸ.ਪੀਜ ਨੂੰ ਹਦਾਇਤ ਕੀਤੀ ਕਿ ਨਸ਼ਿਆ ਦੀ ਰੋਕਥਾਮ ਅਤੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਹੋਰ ਜਿਆਦਾ ਚੁਸਤ-ਦਰੁਸਤ ਬਣਾਉਂਦਿਆਂ ਪੁਲਿਸ ਕਰਮਚਾਰੀਆਂ ਨੂੰ ਵਧੇਰੇ ਚੌਕਸ ਕੀਤਾ ਜਾਵੇ, ਪੁਲਿਸ ਦੇ ਕੰਮਕਾਜ ਨੂੰ ਹੋਰ ਪ੍ਰਭਾਵੀ ਬਣਾਉਣ (Tone up) ਕਰਨ ਲਈ ਪ੍ਰਬੰਧਕੀ ਅਧਾਰ ਉੱਤੇ ਪੰਜਾਬ ਪੁਲਿਸ ਰੂਲਜ ਅਤੇ ਡੀ.ਜੀ.ਪੀ. ਪੰਜਾਬ ਜੀ ਦੇ ਦਫਤਰ ਵੱਲੋ ਜਾਰੀ ਤਬਾਦਲਾ ਨੀਤੀ ਅਨੁਸਾਰ ਸਿਪਾਹੀ ਰੈਂਕ ਤੋਂ ਇੰਸਪੈਕਟਰ ਰੈਂਕ ਦੇ ਸਮੂਹ ਕਰਮਚਾਰੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆ ਜਾਣ। ਉਨ੍ਹਾਂ ਕਿਹਾ ਕਿ ਉਕਤ ਕਿਸੇ ਵੀ ਰੈਂਕ ਦੇ ਪੁਲਿਸ ਕਰਮਚਾਰੀਆਂ ਅਤੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਆਪਣੀ ਰਿਹਾਇਸੀ ਸਥ ਡਵੀਜ਼ਨ ਵਿੱਚ ਤਾਇਨਾਤ ਨਹੀਂ ਕੀਤਾ ਜਾਵੇਗਾ। ਡੀਆਈਜੀ ਭੁੱਲਰ ਨੇ ਦੱਸਿਆ ਕਿ ਨਵੀਂ ਲਾਗੂ ਨੀਤੀ ਤਹਿਤ:-
-ਐਸ.ਐਸ.ਪੀ. ਪਟਿਆਲਾ ਵੱਲੋਂ 537.
-ਐਸ.ਐਸ.ਪੀ. ਸੰਗਰੂਰ ਵੱਲੋ 188.
-ਐਸ.ਐਸ.ਪੀ. ਬਰਨਾਲਾ ਵੱਲੋਂ 118.
-ਐਸ.ਐਸ.ਪੀ. ਮਲੇਰਕੋਟਲਾ ਵੱਲੋਂ 73.
ਪੁਲਿਸ ਕਰਮਚਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ।ਇਸ ਤੋ ਇਲਾਵਾ ਤਬਾਦਲਾ ਨੀਤੀ ਤਹਿਤ ਕਵਰ ਹੁੰਦੇ ਸਹਾਇਕ ਥਾਣੇਦਾਰ ਤੋਂ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਦੀਆਂ ਪਟਿਆਲਾ ਰੇਂਜ ਵਿੱਚ ਇੱਕ ਜਿਲ੍ਹੇ ਤੋਂ ਦੂਜੇ ਜਿਲ੍ਹੇ ਵਿੱਚ ਵੀ ਬਦਲੀਆਂ ਕੀਤੀਆਂ ਗਈਆ ਹਨ। ਉਨਾਂ ਇਹ ਵੀ ਸਪਸ਼ਟ ਕੀਤਾ ਕਿ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਮਾਨਯੋਗ ਚੋਣ ਕਮਿਸ਼ਨ ਆਫ ਇੰਡੀਆ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਜਾਰੀ ਕੀਤੀਆ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ. ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀਆਂ ਨੂੰ ਜਿਹਨ੍ਹਾਂ ਦੀ ਇੱਕ ਜਿਲ੍ਹੇ ਵਿੱਚ ਅਰਸਾ ਤਿੰਨ ਸਾਲ ਦੀ ਸਰਵਿਸ ਅਤੇ ਰਿਹਾਇਸੀ ਜਿਲ੍ਹਾ ਹੋਣ ਕਰਕੇ ਪਟਿਆਲਾ ਰੇਂਜ ਦੇ ਦੂਜੇ ਜਿਲਿਆ ਵਿਚ ਤਬਾਦਲਾ ਕਰ ਦਿੱਤਾ ਗਿਆ ਸੀ।
ਨਸ਼ਿਆਂ ਤੇ ਸੰਗਠਿਤ ਅਪਰਾਧਾਂ ਖਿਲਾਫ ਜੀਰੋ ਟੋਲਰੇਂਸ ਨੀਤੀ..
ਡੀ.ਆਈ.ਜੀ. ਭੁੱਲਰ ਨੇ ਐਸ.ਐਸ.ਪੀਜ਼, ਐਸ.ਪੀ., ਅਤੇ ਡੀ.ਐਸ.ਪੀਜ਼ ਨਾਲ ਮੀਟਿੰਗ ਕਰਕੇ ਇਹ ਵੀ ਹਦਾਇਤ ਕੀਤੀ ਕਿ ਡੀ.ਜੀ.ਪੀ. ਦੇ ਹੁਕਮਾਂ ਅਨੁਸਾਰ ਨਸ਼ਿਆਂ ਅਤੇ ਸੰਗਠਿਤ ਅਪਰਾਧਾਂ ਖਿਲਾਫ ਜੀਰੋ ਟੋਲਰੇਂਸ ਨੀਤੀ ਨੂੰ ਅਪਣਾਉਂਦਿਆਂ ਠੋਸ ਕਾਰਜ ਪ੍ਰਣਾਲੀ ਤਿਆਰ ਕੀਤੀ ਜਾਵੇ । ਡਰੱਗ ਹਾਟਸਪਾਟ ਪਰ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਛਾਪੇਮਾਰੀ/ਰੇਡਾਂ ਕਰਕੇ ਅਪਰਾਧਿਕ ਪ੍ਰਵਿਰਤੀ ਵਾਲਿਆਂ ਦੀ ਅਚਨਚੇਤ ਚੈਕਿੰਗ ਕਰਕੇ, ਯੋਜਨਾਬੱਧ ਤਢੰਗ ਨਾਲ CASO ਉਪਰੇਸ਼ਨ ਕੀਤੇ ਜਾਣ । ਉਨ੍ਹਾਂ ਕਿਹਾ ਕਿ ਨਸ਼ਾ ਸਮਗਲਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਨਸ਼ਿਆਂ ਦੇ ਸਰੋਤ ਅਤੇ ਖਪਤਕਾਰਾਂ ਨੂੰ ਵੀ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ ਜਾਵੇ । ਡੀਆਈਜੀ ਭੁੱਲਰ ਨੇ ਅਧਿਕਾਰੀਆਂ ਨੂੰ ਵੱਡੇ ਸਮਗਲਰਾਂ ਦੀ ਪਹਿਚਾਣ ਕਰਨ ਅਤੇ ਸਪਲਾਈ ਚੈਨ ਤੋੜਨ ਲਈ ਸਖਤ ਕਾਰਵਾਈ ਕਰਨ ਦੀ ਵੀ ਹਦਾਇਤ ਕਰਦਿਆਂ ਕਿਹਾ ਕਿ ਐਨ.ਡੀ.ਪੀ.ਐਸ ਐਕਟ ਦੀ ਧਾਰਾ 68 ਐਫ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉ ਤਾਂ ਜ਼ੋ ਨਸ਼ਾ ਸਮਗਲਰਾਂ ਦੁਆਰਾ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾ ਸਕਣ।
ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਤੇ ਵੀ ਕਰੋ ਸਖਤੀ
ਡੀਆਈਜੀ ਭੁੱਲਰ ਨੇ ਸਾਰੇ ਐਸ.ਐਸ.ਪੀਜ਼ ਨੂੰ ਹੁਕਮ ਦਿੱਤਾ ਕਿ ਕੋਈ ਵੀ ਪੁਲਿਸ ਕਰਮਚਾਰੀ ਜੋ ਭ੍ਰਿਸਟਾਚਾਰ ਜਾਂ ਕਿਸੇ ਤਰੀਕੇ ਨਾਲ ਨਸ਼ਾ ਤਸਕਰਾਂ ਨਾਲ ਜੁੜਿਆ ਹੋਵੇ , ਉਸ ਨੂੰ ਵੀ ਨਾ ਬਖਸਿਆ ਜਾਵੇ। ਅਜਿਹੀਆਂ ਕਾਲੀਆਂ ਭੇਡਾਂ ਖਿਲਾਫ ਨਿਯਮਾਂ ਅਨੁਸਾਰ ਸਖਤ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉ, ਤਾਂ ਜੋ ਮਿਸਾਲੀ ਸਜਾ ਨੂੰ ਯਕੀਨੀ ਬਣਾਇਆ ਜਾ ਸਕੇ। ਡੀਆਈਜੀ ਭੁੱਲਰ ਨੇ ਸਾਰੇ ਅਧਿਕਾਰੀਆਂ ਅਤੇ ਮੁੱਖ ਅਫਸਰਾਂ ਨੂੰ ਲੋਕਾਂ ਨਾਲ ਜੁੜਨ, ਚੰਗੇ ਸਲੀਕੇ ਨਾਲ ਪੇਸ਼ ਆਉਣ ਦੀ ਤਾਕੀਦ ਕਰਦਿਆਂ ਕਿਹਾ ਕਿ ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਅਨੁਸਾਰ ਸਮੂਹ ਸਰਕਲ ਅਫਸਰ, ਮੁੱਖ ਅਫਸਰ ਥਾਣਾ ਅਤੇ ਪੁਲਿਸ ਚੌਕੀਆਂ ਦੇ ਇੰਚਾਰਜ, ਰੋਜਾਨਾ ਕੰਮ-ਕਾਜ ਵਾਲੇ ਦਿਨ ਆਪਣੇ ਦਫਤਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹਾਜ਼ਿਰ ਰਹਿਣ ਅਤੇ ਨਾਗਰਿਕਾਂ ਦੀਆਂ ਸਿਕਾਇਤਾਂ ਸੁਣਕੇ ,ਉਨਾਂ ਦਾ ਨਿਪਟਰਾਂ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੈਂਡਿੰਗ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਅਪਰਾਧਿਕ ਮੁੱਕਦਮਿਆਂ ਅਤੇ ਗੰਭੀਰ ਜੁਰਮਾਂ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕੇਸਾਂ ਦਾ ਨਿਪਟਾਰਾ ਕਰਨ ਲਈ ਇੱਕ ਵਿਸ਼ੇਸ ਮੁਹਿੰਮ ਵੀ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰ ਸਮਾਜਿਕ ਗਤੀਵਿਧੀ/ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਨਾ ਬਖਸਿਆ ਜਾਵੇ। ਉਨਾਂ ਕਿਹਾ ਕਿ ਸਮੂਹ ਮੁੱਖ ਅਫਸਰ ਆਪਣੇ ਇਲਾਕੇ ਵਿੱਚ ਗਸਤ ਤੇਜ਼ ਕਰਨ, ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮਿਖਿਆ ਅਤੇ ਨਾਗਰਿਕ-ਮਿੱਤਰਤਾ ਪੁਲਿਸਿੰਗ ਨੂੰ ਯਕੀਨੀ ਬਣਾਇਆ ਜਾਵੇ ।