ਛਲਕਿਆ ਦਰਦ , ਪੀਣ ਲਈ ਪਾਣੀ ਬੱਸ ਦੇ ਦਿਉ, ਹੋਰ ਕੁੱਝ ਨਹੀਂ ਮੰਗਦੇ- ਜਸਮੇਲ ਡੇਅਰੀਵਾਲਾ
ਹਰਿੰਦਰ ਨਿੱਕਾ, ਬਰਨਾਲਾ 16 ਜੂਨ 2024
ਲੋਹੜੇ ਦੀ ਗਰਮੀ ‘ਚ ਵੀ ਸੈਂਕੜੇ ਲੋਕ ਤਿੱਪ-ਤਿੱਪ ਪਾਣੀ ਨੂੰ ਵੀ ਤਰਸ ਰਹੇ ਹਨ, ਪਰੰਤੂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ, ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਕਰਨ ਲਈ ਨਹੀਂ ਬਹੁੜਿਆ। ਇਹ ਗੱਲ ਦਿੱਲੀ ਦੀ ਨਹੀਂ, ਬਰਨਾਲਾ ਸ਼ਹਿਰ ਦੇ ਸੇਖਾ ਰੋਡ ਖੇਤਰ ਦੇ ਵਾਰਡ ਨੰਬਰ 19 ਦੀ ਗਲੀ ਨੰਬਰ ਪੰਜ ਦੀ ਹੈ। ਜਿੱਥੇ, ਜਦੋਂ ਪਾਣੀ ਦਾ ਟੈਂਕਰ ਆਉਂਦਾ ਹੈ ਤਾਂ ਛੋਟੇ-ਛੋਟੇ ਬੱਚੇ, ਜੁਆਨ, ਬੁੱਢੇ ਤੇ ਔਰਤਾਂ ਹੱਥਾਂ ਵਿੱਚ ਬਾਲਟੀਆਂ(ਪਾਣੀ ਭਰਨ ਲਈ ਬਰਤਨ ) ਲਈ ਓਧਰ ਨੂੰ ਭੱਜ ਲੈਂਦੇ ਹਨ। ਭੱਜਣ ਵੀ ਕਿਉਂ ਨਾ, ਉਨਾਂ ਨੂੰ ਇਉਂ ਮਹਿਸੂਸ ਹੁੰਦੈ, ਕਿ ਜੇਕਰ ਹੁਣ ਪਾਣੀ ਲੈਣੋਂ ਖੁੰਝ ਗਏ,ਤਾਂ ਫਿਰ ਪਾਣੀ ਬਿਨਾਂ ਤਾਲੂਏ ਨੂੰ ਜੀਭ ਲੱਗ ਜਾਉ। ਪਾਣੀ ਦੇ ਟੈਂਕਰ ਵੱਲ ਭੱਜ ਦੇ ਲੋਕਾਂ ਦੀ ਇੱਕ ਵੀਡੀਓ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਕੇ, ਪ੍ਰਸ਼ਾਸ਼ਨ ਤੋਂ ਲੋਕਾਂ ਲਈ ਪਾਣੀ ਦਾ ਇੰਤਜ਼ਾਮ ਕਰਨ ਦੀ ਹੱਥ ਜੋੜ ਕੇ ਅਪੀਲ ਕੀਤੀ ਹੈ। ਇਸ ਮੌਕੇ ਲੋਕਾਂ ਦਾ ਦਰਦ ਮੀਡੀਆ ਕੋਲ ਬਿਆਨ ਕਰਦਿਆਂ ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ਜਸਮੇਲ ਸਿੰਘ ਡੇਅਰੀਵਾਲਾ ਨੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨਾਂ ਦੇ ਵਾਰਡ ਨੰਬਰ 19 ਅਧੀਨ ਪੈਂਦੀ ਗਲੀ ਨੰਬਰ 5 ਦੇ ਸੰਤ ਉਤਰਦੇਵ ਨਗਰ ਵਿੱਚ ਕਈ ਦਿਨਾਂ ਤੋਂ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਕਈ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਫੋਨ ਕਰਕੇ, ਪੀਣ ਲਈ ਪਾਣੀ ਨੂੰ ਵਿਲਕਦੇ ਲੋਕਾਂ ਲਈ , ਪਾਣੀ ਦਾ ਟੈਂਕਰ ਮੰਗਵਾਇਆ ਹੈ। ਪਰੰਤੂ ਇਹ ਇੱਕ ਟੈਂਕਰ ਸੈਂਕੜਿਆਂ ਦੀ ਸੰਖਿਆ ਵਾਲੇ,ਇਸ ਇਲਾਕੇ ਦੇ ਲੋਕਾਂ ਦੀ ਵੀ ਲੋੜ ਪੂਰੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਅੰਬਰੋਂ ਵਰਦੇ ਅੰਗਿਆਰ ‘ਤੇ ਵਗਦੀ ਲੋਅ ਵਿੱਚ ਗਰੀਬ ਲੋਕਾਂ ਕੋਲ, ਗਰਮੀ ਤੋਂ ਬਚਾਅ ਲਈ, ਸਿਰਫ ਨਹਾਉਣਾ ਹੀ ਇੱਕ ਹੱਲ ਹੁੰਦਾ ਹੈ। ਪਰੰਤੂ ਕਈ ਦਿਨਾਂ ਤੋਂ ਇਲਾਕੇ ਦੇ ਲੋਕਾਂ ਲਈ, ਨਹਾਉਣਾ ਤਾਂ ਦੂਰ ਪੀਣ ਯੋਗਾ ਪਾਣੀ ਵੀ ਨਹੀਂ ਮਿਲ ਰਿਹਾ। ਪਸ਼ੂ ਵੀ ਤ੍ਰਿਹਾਏ ਰਹਿੰਦੇ ਹਨ।
ਟਿਊਬਵੈਲ ਮੰਜੂਰ, ਪਰ ਪੈਸਾ ਨਹੀਂ ਆਇਆ...
ਜਸਮੇਲ ਸਿੰਘ ਡੇਅਰੀਵਾਲਾ ਨੇ ਦੱਸਿਆ ਕਿ ਇਲਾਕੇ ਅੰਦਰ ਪਾਣੀ ਦੀ ਕਮੀ ਨੂੰ ਮੁੱਖ ਰੱਖਦਿਆਂ,ਕਾਫੀ ਸਮਾਂ ਪਹਿਲਾਂ ਦਾ ਇੱਕ ਨਵਾਂ ਟਿਊਬਵੈਲ ਮੰਜੂਰ ਹੋ ਚੁੱਕਿਆ ਹੈ, ਪਰੰਤੂ ਪੈਸਾ ਹਾਲੇ ਤੱਕ ਇੱਕ ਨਹੀਂ ਆਇਆ। ਇਕੱਲੀ ਮੰਜੂਰੀ ਦੇਣ ਨਾਲ ਤਾਂ ਲੋਕਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਨਾਂ ਖੁਦ ਕਈ ਵਾਰ ਨਗਰ ਪ੍ਰਸ਼ਾਸ਼ਨ ਨੂੰ ਇਲਾਕੇ ਅੰਦਰ ਪਾਣੀ ਦੀ ਸਮੱਸਿਆ ਦੇ ਹੱਲ ਲਈ, ਬੇਨਤੀਆਂ ਕੀਤੀਆ ਹਨ, ਪਰ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਉਨਾਂ ਕਿਹਾ ਕਿ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਦਿੱਲੀ ਦੇ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਪਰ ਆਹ ਤਾਂ ਬਰਨਾਲਾ ‘ਚ ਵੀ ਦਿੱਲੀ ਤੇ ਰਾਜਸਥਾਨ ਵਾਲਾ ਹਾਲ ਹੋ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਜੀ! ਅਸੀਂ ਹੋਰ ਕੁੱਝ ਨਹੀਂ ਮੰਗਦੇ,ਬੱਸ ਪੀਣ ਲਈ ਪਾਣੀ ਤਾਂ ਦਾ ਦਿਉ। ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ, ਲੋਕਾਂ ਨੂੰ ਉਨਾਂ ਦੀ ਲੋੜ ਅਨੁਸਾਰ ਪਾਣੀ ਮੁੱਹਈਆ ਨਾ ਕਰਵਾਇਆ ਗਿਆ ਤਾਂ ਅਸੀਂ ਧਰਨਾ ਦੇਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਖੜ੍ਹੇ ਹੋਰ ਲੋਕਾਂ ਨੇ ਵੀ, ਪ੍ਰਸ਼ਾਸ਼ਨ ਖਿਲਾਫ ਕਾਫੀ ਰੋਸ ਜਾਹਿਰ ਕੀਤਾ।