ਲੋਕ ਸਭਾ ਹਲਕਾ ਸੰਗਰੂਰ ‘ਚ ਗਰਮੀ ਦੀ ਪਰਵਾਹ ਨਾ ਕੀਤਿਆਂ ਬਾਹਰ ਨਿੱਕਲੇ ਵੋਟਰ..
ਬਰਨਾਲਾ ਜਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ‘ਚ 3 ਵਜੇ ਤੱਕ ਹੋਈ 44 ਪ੍ਰਤੀਸ਼ਤ ਵੋਟਿੰਗ
ਬਰਨਾਲਾ ‘ਚ 43.99 % , ਮਹਿਲ ਕਲਾਂ 44 % ਅਤੇ ਭਦੌੜ 44.66 % ਵੋਟਾਂ ਪਈਆਂ
ਮਜਬੂਤ ਲੋਕਤੰਤਰ ਲਈ ਵੋਟਰਾਂ ਦੀ ਹਿੱਸੇਦਾਰੀ ਹੀ ਅਹਿਮ- ਡੀਆਈਜੀ ਹਰਚਰਨ ਸਿੰਘ ਭੁੱਲਰ
ਟੂਡੇ ਨਿਊਜ ਨੈਟਵਰਕ,ਬਰਨਾਲਾ/ਪਟਿਆਲਾ/ਸੰਗਰੂਰ 1 ਜੂਨ 2024
ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਅੱਜ ਹੋ ਰਹੀਆਂ ਲੋਕ ਸਭਾ ਚੋਣਾਂ ਲਈ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪੂਰੇ ਦਲ ਬਲ ਨਾਲ ਪੋਲਿੰਗ ਕੇਂਦਰਾਂ ਦਾ ਮੁਆਇਨਾ ਕੀਤਾ ਗਿਆ। ਉਹ ਪਟਿਆਲਾ ਰੇਂਜ ਅੰਦਰ ਪੈਂਦੇ ਪਟਿਆਲਾ,ਸੰਗਰੂਰ, ਮਲੇਰਕੋਟਲਾ ਜਿਲ੍ਹਿਆਂ ਦਾ ਦੌਰਾ ਕਰਨ ਉਪਰੰਤ ਬਰਨਾਲਾ ਸ਼ਹਿਰ ਵਿਖੇ ਪਹੁੰਚੇ ਸਨ। ਇਸ ਮੌਕੇ ਡੀਆਈਜੀ ਭੁੱਲਰ ਨੇ ਸਭ ਤੋਂ ਪਹਿਲਾਂ ਆਈਟੀਆਈ ਬਰਨਾਲਾ ,ਫਿਰ ਹੰਡਿਆਇਆ-ਬਰਨਾਲਾ ਮੁੱਖ ਸੜਕ ਤੇ ਸਥਿਤ ਜੁਮਲਾ ਮਾਲਿਕਾਨ ਸਕੂਲ ਵਿਖੇ ਪੋਲਿੰਗ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ, ਉਨ੍ਹਾਂ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ, ਡੀਐਸਪੀ ਸਤਵੀਰ ਸਿੰਘ ਬੈਂਸ ਅਤੇ ਹੋਰ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਚੋਣ ਅਮਲ ਪੂਰਾ ਹੋਣ ਤੱਕ ਸੁਰੱਖਿਆ ਵਿਵਸਥਾ ਨੂੰ ਚਾਕ ਚੌਬੰਦ ਰੱਖਿਆ ਜਾਵੇਗਾ। ਤਾਂਕਿ ਕੋਈ ਵੀ ਸ਼ਰਾਰਤੀ ਅਨਸਰ, ਸੁਰੱਖਿਆ ਵਿੱਚ ਹੋਈ ਜ਼ਰਾ ਜਿੰਨ੍ਹੀ ਕੋਤਾਹੀ ਦਾ ਫਾਇਦਾ ਨਾ ਉਠਾ ਸਕੇ। ਉਨ੍ਹਾਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਵਰਕਰਾਂ ਤੇ ਸਪੋਰਟਰਾਂ ਨੂੰ ਕਿਹਾ ਕਿ ਉਹ ਸੁਰੱਖਿਆ ਵਿਵਸਥਾ ਕਾਇਮ ਰੱਖਣ ਅਤੇ ਅਮਨ ਸ਼ਾਂਤੀ ਤੇ ਭਾਈਚਾਰਾ ਬਣਾ ਕੇ ਰੱਖਣ ਵਿੱਚ ਪੁਲਿਸ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਨ। ਭੁੱਲਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਪੈਨੀ ਨਜ਼ਰ ਰੱਖੀ ਜਾਵੇ। ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਟਿਆਲਾ,ਸੰਗਰੂਰ, ਮਲੇਰਕੋਟਲਾ ਜਿਲ੍ਹਿਆਂ ਦਾ ਦੌਰਾ ਕਰਕੇ, ਇੱਥੇ ਪਹੁੰਚੇ ਹਨ, ਹਰ ਜਗ੍ਹਾ ਤੇ ਅਮਨ ਸ਼ਾਂਤੀ ਨਾਲ ਵੋਟਾਂ ਦਾ ਅਮਲ ਜ਼ਾਰੀ ਹੈ।
ਇਸ ਮੌਕੇ ਡੀਆਈਜੀ ਭੁੱਲਰ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ, ਪੋਲਿੰਗ ਬੂਥ ਤੇ ਜਰੂਰ ਪਹੁੰਚਣ ਤਾਂਕਿ ਲੋਕਤੰਤਰ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਮਜਬੂਤ ਲੋਕਤੰਤਰ ਲਈ ਵੋਟਰਾਂ ਦੀ ਹਿੱਸੇਦਾਰੀ ਹੀ ਅਹਿਮ ਹੈ। ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਜਿਲਾ ਪੁਲਿਸ ਵੱਲੋਂ ਡੀਆਈਜੀ ਭੁੱਲਰ ਨੂੰ ਵਿਸ਼ਵਾਸ਼ ਦਿਵਾਇਆ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।