ਮੀਤ, ਮਾਨ, ਖਹਿਰਾ ਤੇ ਖੰਨਾ ‘ਚੋਂ ਕੀਹਨੂੰ ਜਿਤਾਉਣਗੇ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ…..!

Advertisement
Spread information

ਦੁਚਿੱਤੀ ‘ਚ ਵੋਟਰ ‘ਤੇ ਮੱਠੇ ਹੁੰਗਾਰੇ ਤੋਂ ਲੀਡਰ ਖਫਾ..

ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਪਹਿਲੀ ਵਾਰ ਵੇਖ ਰਹੇ ਨੇ, ਬਹੁਕੋਣਾ ਮੁਕਾਬਲਾ

ਹਰਿੰਦਰ ਨਿੱਕਾ, ਬਰਨਾਲਾ 31 ਮਈ 2024

      ਚੋਣ ਮੈਦਾਨ ਵਿੱਚ ਉਤਰੇ ਸਾਰੇ ਹੀ ਪ੍ਰਮੁੱਖ ਉਮੀਦਵਾਰਾਂ ਦੁਆਰਾ ਆਪੋ-ਆਪਣੀ ਚੋਣ ਮੁਹਿੰਮ ਨੂੰ ਸ਼ਿਖਰਾਂ ਤੇ ਲੈ ਜਾਣ ‘ਚ ਪੂਰਾ ਜ਼ੋਰ-ਤਾਣ ਲਾਉਣ ਤੋਂ ਬਾਅਦ ਵੀ ਵੋਟਰਾਂ ਵੱਲੋਂ ਧਾਰੀ ਚੁੱਪ ਅਤੇ ਕਿਸੇ ਇੱਕ ਉਮੀਦਵਾਰ ਦੇ ਪੱਖ ਵਿੱਚ ਹਵਾ ਦਾ ਰੁਖ ਦਿਖਾਈ ਨਾ ਦੇਣ ਕਾਰਣ ਹਲਕੇ ਦੇ ਲੋਕ ਦੁਚਿੱਤੀ ਵਿੱਚ ਨੇ ‘ਤੇ ਉਮੀਦਵਾਰ ਵੀ ਕਾਫੀ ਖਫਾ ਹਨ। ਬੇਸ਼ੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਅਕਾਲੀ ਦਲ ਅਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਅਤੇ ਭਾਜਪਾ ਦੇ ਅਰਵਿੰਦ ਖੰਨਾ ਵੱਲੋਂ ਆਪੋ-ਆਪਣੀ ਜਿੱਤ ਯਕੀਨੀ ਹੋਣ ਦਾਅਵੇ ਕੀਤੇ ਜਾ ਰਹੇ ਹਨ। ਪਰੰਤੂ ਸ਼ਹਿਰੀ ਅਤੇ ਪੇਂਡੂ ਹਲਕਿਆਂ ‘ਚ  ਲੋਕ ਸੰਪਰਕ ਕਰਨ ਤੇ, ਇਹ ਕੌੜਾ ਸੱਚ ਉਭਰ ਕੇ ਸਾਹਮਣੇ ਆਇਆ ਹੈ ਕਿ ਚੋਣ ਮੁਹਿੰਮ ਦੌਰਾਨ ਸਾਰੇ ਉਮੀਦਵਾਰਾਂ ਨੂੰ ਸਪੋਟਰਾਂ ਤੋਂ ਇਲਾਵਾ, ਵੋਟਰਾਂ ਦਾ ਉਹ ਝੁਕਾਅ ਕਿਧਰੇ ਨਜ਼ਰ ਨਹੀਂ ਪਿਆ, ਜਿਹੜਾ ਖੁਦ ਉਮੀਦਵਾਰ ਨੂੰ ਜਿੱਤ ਦੀ ਤਸੱਲੀ ਦਿਵਾ ਸਕੇ। ਉਮੀਦਵਾਰਾਂ ਵੱਲੋਂ ਵੋਟਰਾਂ ਦੀ ਨਬਜ਼ ਟੋਹਣ ਲਈ, ਲਾਏ ਅੱਡੀ ਚੋਟੀ ਦੇ ਜ਼ੋਰ ਤੋਂ ਬਾਅਦ ਵੀ ਵੋਟਰਾਂ ਨੇ ਹਾਲੇ ਤੱਕ ਆਪਣੇ ਮਨ ਦੀ ਘੁੰਡੀ ਨਹੀਂ ਖੋਲ੍ਹੀ। ਚੋਣ ਵਿਸ਼ਲੇਸ਼ਕਾਂ ਅਨੁਸਾਰ, ਮੁੱਖ ਮੁਕਾਬਲਾ ਮੀਤ ਹੇਅਰ, ਸਿਮਰਨਜੀਤ ਮਾਨ ਅਤੇ ਸੁਖਪਾਲ ਸਿੰਘ ਖਹਿਰਾ ਦਰਮਿਆਨ ਹੀ ਹੈ, ਜਦੋਂਕਿ ਅਰਵਿ਼ੰਦ ਖੰਨਾ ਵੀ, ਮੁਕਾਬਲੇ ਨੂੰ ਚੌਹਕੌਣਾ ਬਣਾਉਣ ਲਈ ਯਤਨਸ਼ੀਲ ਰਹੇ ਹਨ। ਜਿੱਤ ਕਿਹੜੇ ਉਮੀਦਵਾਰ ਦੀ ਝੋਲੀ ਵਿੱਚ ਪਵੇਗੀ, ਇਸ ਦਾ ਸਹੀ, ਅਨੁਮਾਨ ਤਾਂ ਭਲ੍ਹਕੇ ਭੁਗਤਾਨ ਹੋਏ ਵੋਟ ਪ੍ਰਤੀਸ਼ਤ ਤੋਂ ਬਾਅਦ ਹੀ ਲਾਇਆ ਜਾ ਸਕਦਾ ਹੈ।

Advertisement

ਲੋਕ ਪਹਿਲੀ ਵਾਰ ਦੇਖ ਰਹੇ ਨੇ ਬਹੁਕੌਣਾ ਮੁਕਾਬਲਾ..

      ਸੰਗਰੂਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਲੱਗਭੱਗ ਪਹਿਲੀ ਵਾਰ ਹੀ ਬਹੁਕੋਣਾ ਤੇ ਕਾਫੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਬਹੁਕੋਣੇ ਮੁਕਾਬਲੇ ‘ਚੋਂ ਝੰਡੀ ਫੜ੍ਹ ਕੇ ਜੇਤੂ ਚਿੰਨ੍ਹ ਬਣਾਉਣ ਦੀ ਤਾਂਘ ਵਿੱਚ ਸਾਰੇ ਹੀ ਪ੍ਰਮੁੱਖ ਉਮੀਦਵਾਰਾਂ ਦਾ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡੀ ਹੋਈ ਹੈ। ਸਾਰੀਆਂ ਹੀ ਪਾਰਟੀਆਂ ਨੇ ਆਪੋ ਦਿੱਗਜਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਚੋਣ ਅਖਾੜਿਆਂ ਦੇ ਜੇਤੂ ਜਰਨੈਲ ਯਾਨੀ ਦੋ ਵਾਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਦਾਅ ਖੇਡਿਆ ਹੈ। ਅਕਾਲੀ ਦਲ ਅਮ੍ਰਿਤਸਰ ਵੱਲੋਂ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਮੈਦਾਨ ਵਿੱਚ ਹਨ। ਕਾਂਗਰਸ ਪਾਰਟੀ ਨੇ ਵੀ ਸੰਗਰੂਰ ਲੋਕ ਸਭਾ ਹਲਕੇ ਅਧੀਨ ਆਉਂਦੇ ਆਪਣੇ ਕੱਦਾਵਰ ਲੀਡਰਾਂ ਦੀ ਬਜਾਏ ਦੁਆਬੇ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਦੇ ਵਿਧਾਇਕ ਤੇ ਜੁਝਾਰੂ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਭਰੋਸਾ ਪ੍ਰਗਟਾਇਆ ਹੈ। ਭਾਜਪਾ ਨੇ ਹਿੰਦੂ ਚਿਹਰੇ ਮੋਹਰੇ ਵਾਲੇ ਅਰਵਿੰਦ ਖੰਨਾ ਨੂੰ ਖੜ੍ਹਾ ਕੀਤਾ ਹੈ, ਖੰਨਾਂ ਵੀ ਦੋ ਵਾਰ (ਸੰਗਰੂਰ-ਧੂਰੀ ) ਤੋਂ ਵਿਧਾਇਕ ਰਹਿ ਚੁੱਕੇ ਹਨ। ਸ੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਢੀਂਡਸਾ ਪਰਿਵਾਰ ਦੀ ਬਜਾਏ ਦੋ ਵਾਰ ਦੇ ਵਿਧਾਇਕ ਰਹੇ (ਧੂਰੀ- ਅਮਰਗੜ੍ਹ ) ਇਕਬਾਲ ਸਿੰਘ ਝੂੰਦਾ ਨੂੰ ਕਿਸਮਤ ਅਜਮਾਈ ਲਈ ਉਤਾਰਿਆ ਹੋਇਆ ਹੈ। ਯਾਨੀ ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਰੇ ਹੀ ਉਮੀਦਵਾਰ ਰਾਜਨੀਤੀ ਦੇ ਘਾਗ ਖਿਲਾੜੀ ਹਨ।

ਇੱਕ ਝਾਤ ਉਮੀਦਵਾਰਾਂ ਦੀ ਕਮਜ਼ੋਰੀ ਅਤੇ ਤਾਕਤ ‘ਤੇ….

     ਆਪ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੋ ਚੋਣਾਂ ਲੜੀਆਂ ਹਨ, ਦੋਵਾਂ ਚੋਣਾਂ ਵਿੱਚ ਹੀ, ਉਨ੍ਹਾਂ ਕਾਫੀ ਸਖਤ ਮੁਕਾਬਲਿਆਂ ਵਿੱਚ ਆਪਣੇ ਵਿਰੋਧੀਆਂ ਨੂੰ ਚਿੱਤ ਕੀਤਾ ਹੈ। ਸਰਕਾਰ ਬਣੀ ਤਾਂ ਪਹਿਲੀ ਵਾਰ, ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਦਾ ਮਾਣ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਲੋਕ ਸਭਾ ਹਲਕਾ ਜਿੱਤਣ ‘ਚ ਨਿੱਜੀ ਦਿਲਚਸਪੀ, ਯੂਨੀਵਰਸਿਟੀ ਪੱਧਰ ਤੋਂ ਲੱਗੀ ਲੀਡਰੀ ਦੀ ਚਿਣਗ , ਪਾਰਟੀ ਵਰਕਰਾਂ ਤੋਂ ਇਲਾਵਾ ਆਪਣੇ ਦੋਸਤਾਂ ਮਿੱਤਰਾਂ ਦਾ ਵਿਸ਼ਾਲ ਦਾਇਰਾ, ਮਿਲਾਪੜਾ ਸੁਭਾਅ, ਹਰ ਇੱਕ ਦੀ ਸੌਖੀ ਪਹੁੰਚ ਤੇ ਵਲ ਛਲ ਨਾ ਹੋਣਾ ਅਤੇ ਸੂਬੇ ਦੀ ਸੱਤਾਧਾਰੀ ਧਿਰ ਦਾ ਉਮੀਦਵਾਰ ਹੋਣਾ ਮੀਤ ਹੇਅਰ ਦੀ ਸਭ ਤੋਂ ਵੱਡੀ ਤਾਕਤ ਹੈ।                                         ਜਦੋਂਕਿ ਸਰਕਾਰ ਦੇ ਦੋ ਸਾਲ ਦੇ ਕਾਰਜ਼ਕਾਲ ਦੌਰਾਨ ਲੋਕਾਂ ‘ਚ ਫੈਲੀ ਥੋੜ੍ਹੀ ਬਹੁਤ ਨਿਰਾਸ਼ਤਾ ,ਉਨ੍ਹਾਂ ਦੀ ਕਮਜ਼ੋਰੀ ਹੈ । ਵਿਧਾਨ ਸਭਾ ਹਲਕਾ ਭਦੋੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ, ਮਲੇਰਕੋਟਲਾ ਦੇ ਵਿਧਾਇਕ ਜਮੀਲ ਉਰ ਰਹਿਮਾਨ , ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਕੁਮਾਰ ਗੋਇਲ ਪ੍ਰਤੀ ਉਨਾਂ ਦੇ ਹਲਕਿਆਂ ਦੇ ਲੋਕਾਂ ‘ਚ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਣ ਹੋਣ ਵਾਲੇ ਰਾਜਸੀ ਨੁਕਸਾਨ ਦੀ ਭਰਪਾਈ ਕਰਨਾ, ਮੀਤ ਹੇਅਰ ਲਈ ਵੱਡੀ ਚੁਣੌਤੀ ਹੈ।

    ਅਕਾਲੀ ਦਲ ਅਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਕੌਮੀ ਪੱਧਰ ਤੇ ਪੰਥਕ ਚਿਹਰੇ ਵਜੋਂ ਪਹਿਚਾਣ ਅਤੇ ਸਿਰੜ ਤੇ ਸਿਦਕ ਦੇ ਪੱਕੇ ਹੋਣ ਦਾ ਸੁਭਾਅ, ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਹ ਦੋ ਵਾਰ ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰ ਚੁੱਂਕੇ ਹਨ। ਪਰੰਤੂ ਲੋਕ ਸਭਾ ਅੰਦਰ ਉਨ੍ਹਾਂ ਵੱਲੋਂ ਠੋਸ ਢੰਗ ਨਾਲ, ਕੋਈ ਮੁੱਦਾ ਨਾ ਉਠਾ ਸਕਣਾ, ਅੱਖੜ ਸੁਭਾਅ ਅਤੇ ਪਾਰਟੀ ਦੇ ਕੋਈ ਠੋਸ ਜਥੇਬੰਦਕ ਢਾਂਚੇ ਦੀ ਅਣਹੋਂਦ ਉਨਾਂ ਦੀ ਵੱਡੀ ਕਮਜ਼ੋਰੀ ਵਜੋਂ ਸਾਹਮਣੇ ਆ ਰਹੇ ਹਨ। ਲੋਕ ਸਭਾ ਚੋਣ 1999 ਜਿੱਤਣ ਤੋਂ  ਕਰੀਬ 23 ਵਰ੍ਹਿਆਂ ਬਾਅਦ ਸਿਮਰਨਜੀਤ ਸਿੰਘ ਮਾਨ, ਨੂੰ 2022 ਦੀ ਜਿਮਨੀ ਚੋਣ ਵਿੱਚ ਜਿੱਤ ਨਸੀਬ ਹੋਈ,ਜਦੋਂ ਕਿ ਉਕਤ ਸਮੇਂ ਦੌਰਾਨ ਕਈ ਵਾਰ, ਉਹ ਜਮਾਨਤ ਵੀ ਜਬਤ ਕਰਵਾ ਚੁੱਂਕੇ ਸਨ। ਉਨ੍ਹਾਂ ਦੇ ਰਾਜਸੀ ਵਿਰੋਧੀ, ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਹ ਜਿੱਤ ਦੇ ਰੱਥ ਤੇ ਲਗਾਤਾਰ ਸਵਾਰ ਨਹੀਂ ਰਹਿ ਸਕਦੇ। ਇਸ ਮਿੱਥ ਨੂੰ ਤੋੜਣਾ,ਇਸ ਵਾਰ, ਉਨ੍ਹਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

                ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਇਲਾਵਾ ਆਪਣੀ ਕਾਰਜ਼ਸ਼ੈਲੀ ਕਾਰਣ,ਹੋਰਨਾਂ ਲੋਕਾਂ ਵਿੱਚ ਵੀ ਆਪਣਾ ਚੋਖਾ ਅਸਰ ਰੱਖਦੇ ਹਨ।  ਜੁਝਾਰੂ ਅਤੇ ਇਮਾਨਦਾਰ ਲੀਡਰ ਹੋਣਾ, ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਪਰੰਤੂ ਵਾਰ ਵਾਰ ਪਾਰਟੀਆਂ ਬਦਲਣ ਕਾਰਣ ਲੱਗਿਆ, ਦਲਬਦਲੂ ਦਾ ਠੱਪਾ, ਟੀਮ ਨੂੰ ਨਾਲ ਲੈ ਕੇ ਨਾ ਚੱਲ ਸਕਣ ਦੀ ਦਿੱਖ, ਬਾਹਰੀ ਉਮੀਵਦਾਰ ਹੋਣਾ, ਲੋਕ ਸਭਾ ਹਲਕੇ ਅੰਦਰ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਮਹਿਲ ਕਲਾਂ, ਭਦੌੜ ਤੇ ਕੁੱਝ ਹੋਰ ਹਲਕਿਆਂ ਵਿੱਚ ਹਲਕਾ ਇੰਚਾਰਜਾਂ ਦੀ ਅਣਹੋਂਦ, ਉਨਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਖਹਿਰਾ ਦੇ ਚੋਣ ਮੁਹਿੰਮ ਵਿੱਚ ਦੇਰ ਨਾਲ ਉਤਰਨ ਕਾਰਣ ਪੈਦਾ ਹੋਈ ਘਾਟ ਅਤੇ ਸਿਮਰਨਜੀਤ ਸਿੰਘ ਮਾਨ ਦੇ ਸਪੋਰਟਰਾਂ ਵੱਲੋਂ, ਲੋਕਾਂ ਵਿੱਚ ( ਸਿਰਫ ਮਾਨ ਨੂੰ ਹਾਰਉਣ ਲਈ) ਆਉਣ ਵਾਲੇ ਸਿਰਜ਼ੇ ਗਏ ਨੈਰੇਟਿਵ ਨੂੰ ਤੋੜਣਾ, ਖਹਿਰਾ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਲੰਘੇ ਦੋ ਤਿੰਨ ਦਿਨਾਂ ਦੌਰਾਨ, ਲੋਕ ਸਭਾ ਹਲਕੇ ਅੰਦਰ, ਇੱਕ ਸੋਚੀ ਸਮਝੀ ਰਣਨੀਤੀ ਤਹਿਤ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਜੇਕਰ, ਆਪ ਨੂੰ ਹਰਾਉਣਾ ਹੈ ਤਾਂ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਹੀ ਪਾਈ ਜਾਵੇ, ਇਹ ਗੱਲ ਅਕਾਲੀ ਦਲ ਬਾਦਲ ਅਤੇ ਆਪ ਦੇ ਹੋਰ ਵਿਰੋਧੀ ਵੀ ਅਕਸਰ ਕਹਿੰਦੇ ਸੁਣੇ ਜਾ ਰਹੇ ਹਨ। ਇਹ ਪ੍ਰਚਾਰ, ਖਹਿਰਾ ਦੇ ਜਿੱਤ ਵੱਲ ਵੱਧਦੇ ਕਦਮਾਂ ਨੂੰ ਬਰੇਕਾਂ ਲਾ ਰਿਹਾ ਹੈ।

      ਅਯੁੱਧਿਆ ਵਿਖੇ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਦੇਸ਼ ਵਿੱਚ ਚੱਲ ਰਹੀ, ਲਹਿਰ ਦਾ ਅਸਰ, ਲੋਕ ਸਭਾ ਹਲਕਾ ਸੰਗਰੂਰ ਦੇ ਸ਼ਹਿਰੀ ਖਾਸ ਕਰ ਹਿੰਦੂ ਵੋਟਰਾਂ ਵਿੱਚ ਸਾਫ ਦਿਖਾਈ ਦੇ  ਰਿਹਾ ਹੈ। ਅਰਵਿੰਦ ਖੰਨਾ, ਖੁਦ ਤਕੜੇ, ਉਮੀਦਵਾਰ ਹਨ, ਭਾਜਪਾ ਦਾ ਮਜੂਬਤ ਕਾਡਰ ਹੈ, ਇਹ ਗੱਲਾਂ ਅਰਵਿੰਦ ਖੰਨਾ ਦੀ ਸਭ ਤੋਂ ਵੱਡੀ ਤਾਕਤ ਹਨ। ਪਰੰਤੂ ਚੋਣ ਮੈਦਾਨ ਵਿੱਚ ਦੇਰ ਨਾਲ ਆਉਣਾ, ਅਤੇ ਕਿਸਾਨ ਯੂਨੀਅਨਾਂ ਦੇ ਤਿੱਖੇ ਵਿਰੋਧ ਕਾਰਣ,ਉਨਾਂ ਦਾ ਪੇਂਡੂ ਹਲਕਿਆਂ ਵਿੱਚ ਮਜਬੂਤੀ ਨਾਲ ਪ੍ਰਚਾਰ ਮੁਹਿੰਮ ਹੀ ਨਾ ਚਲਾ ਸਕਣਾ ਅਤੇ ਉਨ੍ਹਾਂ ਦਾ ਰਜਨੀਤੀ ਵਿੱਚ ਲਗਾਤਾਰ ਸਰਗਰਮ ਨਾ ਰਹਿਣਾ,ਖੰਨਾ ਦੀ ਕਮਜ਼ੋਰੀ ਵਜੋਂ ਵੇਖਿਆ ਜਾ ਰਿਹਾ ਹੈ। ਆਪਣੀ ਜੇਤੂ ਮੁਹਿੰਮ ਨੂੰ ਦਿਖਾਉਣਾ ਅਤੇ ਸ਼ਹਿਰੀ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਵੋਟਿੰਗ ਲਈ ਪ੍ਰੇਰਿਤ ਕਰਕੇ,ਪਹੁੰਚਾਉਣਾ,ਖੰਨਾ ਲਈ ਵੱਡੀ ਚੁਣੌਤੀ ਹੈ।                                                   

         ਸ੍ਰੋਮਣੀ ਅਕਾਲੀ ਦਲ ਬਾਦਲ ਦਾ ਪਿੰਡਾਂ ਅੰਦਰ ਹਾਲੇ ਵੀ ਚੋਖਾ ਅਧਾਰ, ਉਮੀਦਵਾਰ ਦੀ ਸਾਫ ਸੁਥਰੀ ਛਬੀ, ਸਖਤ ਮਿਹਨਤ , ਇਕਬਾਲ ਸਿੰਘ ਝੂੰਦਾ ਦੀ ਸਭ ਤੋਂ ਵੱਡੀ ਤਾਕਤ ਹੈ। ਜਦੋਂਕਿ ਢੀਂਡਸਾ ਪਰਿਵਾਰ ਦੀ ਚੋਣ ਮੁਹਿੰਮ ਤੋਂ ਬਣਾਈ ਦੂਰੀ, ਅਕਾਲੀ ਦਲ ਤੇ ਲੱਗਿਆ ਬੇਅਦਬੀ ਦਾ ਦਾਗ ,ਉਨਾਂ ਦੀ ਕਮਜ਼ੋਰੀ ਬਣੇ ਹੋਏ ਹਨ। ਅਕਾਲੀ ਵਰਕਰਾਂ ਵਿੱਚ ਮੁੜ ਹੌਸਲਾ ਬਣਾ ਕੇ,ਉਨਾਂ ਨੂੰ ਸਖਤ ਮਿਹਨਤ ਕਰਕੇ, ਵੋਟਾਂ ਭੁਗਤਾਉਣਾ, ਉਨਾਂ ਲਈ ਵੱਡੀ ਚੁਣੌਤੀ ਹਨ। 

Advertisement
Advertisement
Advertisement
Advertisement
Advertisement
error: Content is protected !!