ਸਲਾਮ ਕਾਫ਼ਲੇ ਵੱਲੋਂ ਸਮਾਗਮ ਦੀ ਤਿਆਰੀ ਲਈ ਕਾਰਕੁੰਨਾਂ ਦੀ ਇਕੱਤਰਤਾ
ਰਘਬੀਰ ਹੈਪੀ , ਬਰਨਾਲਾ 30 ਮਈ 2024
ਪਿਛਲੇ ਦਿਨੀ ਵਿਛੋੜਾ ਦੇ ਗਏ ਉੱਘੇ ਕਵੀ ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਲਈ ਬਰਨਾਲਾ ਵਿਖੇ 9 ਜੂਨ ਨੂੰ ਵਿਸ਼ਾਲ ਸਮਾਗਮ ਜਥੇਬੰਦ ਕੀਤਾ ਜਾ ਰਿਹਾ ਹੈ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਵੱਲੋਂ ਕੀਤੇ ਜਾ ਰਹੇ ਇਸ ਸਮਾਗਮ ਦੀ ਤਿਆਰੀ ਲਈ ਅੱਜ ਬਰਨਾਲਾ ਵਿਖੇ ਤਰਕਸ਼ੀਲ ਭਵਨ ਸੈਂਕੜੇ ਜਨਤਕ ਕਾਰਕੁੰਨਾਂ ਦੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਇਸ ਸਮਾਗਮ ਦੇ ਉਦੇਸ਼ ਅਤੇ ਸੁਰਜੀਤ ਪਾਤਰ ਦੀ ਸਾਹਿਤਕ ਦੇਣ ਬਾਰੇ ਚਰਚਾ ਕੀਤੀ ਗਈ ਅਤੇ ਸਮਾਗਮ ਦੀ ਲਾਮਬੰਦੀ ਲਈ ਤਿਆਰੀਆਂ ਵਿੱਢਣ ਦੇ ਕਦਮ ਲਏ ਗਏ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਲਾਮ ਕਾਫਲਾ ਦੇ ਕਨਵੀਨਰ ਜਸਪਾਲ ਜੱਸੀ ਕਾਫਲਾ ਟੀਮ ਮੈਂਬਰ ਅਮੋਲਕ ਸਿੰਘ, ਪਾਵੇਲ ਕੁੱਸਾ ਤੇ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਸੁਰਜੀਤ ਪਾਤਰ ਪੰਜਾਬੀ ਦੇ ਲੋਕਾਂ ਦੇ ਧੜੇ ਦੇ ਕਵੀ ਸਨ। ਉਹਨਾਂ ਦੀ ਰਚਨਾ ਦਾ ਕੇਂਦਰੀ ਸੰਦੇਸ਼ ਬਿਹਤਰ ਮਨੁੱਖਾ ਜ਼ਿੰਦਗੀ ਲਈ ਸੰਘਰਸ਼ ਦੀ ਜ਼ਰੂਰਤ ਦਾ ਹੈ। ਉਹਨਾਂ ਨੇ ਪੰਜਾਬੀ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਕਵਿਤਾ ਦੀ ਜੁਬਾਨ ਦਿੱਤੀ। ਉਹਨਾਂ ਕਿਹਾ ਕਿ ਇਸ ਸਮਾਗਮ ਰਾਹੀਂ ਉਹਨਾਂ ਦੀ ਸਾਹਿਤਕ ਦੇਣ ਨੂੰ ਉਭਾਰਿਆ ਜਾਵੇਗਾ ਅਤੇ ਲੋਕਾਂ ਦੇ ਸਾਹਿਤਕਾਰਾਂ ਤੇ ਲੋਕਾਂ ਦੇ ਹੱਕਾਂ ਦੀ ਲਹਿਰ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਵੀ ਦਿੱਤਾ ਜਾਵੇਗਾ। ਇਸ ਵਿਸ਼ਾਲ ਜਨਤਕ ਸਮਾਗਮ ਵਿੱਚ ਸੁਰਜੀਤ ਪਾਤਰ ਨੂੰ ਸਲਾਮ ਕਾਫਲੇ ਵੱਲੋਂ ਜਨਤਕ ਸਨਮਾਨ ਵੀ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਪੰਜਾਬੀ ਦੇ ਸਾਹਿਤਕਾਰ, ਲੇਖਕ ਤੇ ਕਲਾਕਾਰ ਹਿੱਸੇ ਵੱਡੀ ਗਿਣਤੀ ਚ ਸ਼ਾਮਿਲ ਹੋਣਗੇ। ਸਮਾਗਮ ਵਿੱਚ ਸਲਾਮ ਕਾਫ਼ਲੇ ਵੱਲੋਂ ਪ੍ਰਕਾਸ਼ਿਤ ਕੀਤੀ ਜਾਣ ਵਾਲੀ ਸੁਰਜੀਤ ਪਾਤਰ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੁਸਤਕ ਅਤੇ ਸਲਾਮ ਮੈਗਜ਼ੀਨ ਦਾ ਅੰਕ ਵੀ ਜਾਰੀ ਕੀਤਾ ਜਾਵੇਗਾ।
ਇਸ ਸਮਾਗਮ ਵਿੱਚ ਉੱਘੇ ਨਾਟਕ ਨਿਰਦੇਸ਼ਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਤੇ ਅਧਾਰਿਤ ਕਲਾ ਪੇਸ਼ਕਾਰੀ “ਅਸੀਂ ਹੁਣ ਮੁੜ ਨਹੀਂ ਸਕਦੇ” ਹੋਵੇਗੀ। ਅੱਜ ਦੀ ਇਸ ਇਕੱਤਰਤਾ ਵਿੱਚ ਉੱਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਹਰਮੇਸ਼ ਮਾਲੜੀ , ਹਰਜਿੰਦਰ ਸਿੰਘ , ਡਾ. ਹਰਭਗਵਾਨ , ਮਾਸਟਰ ਰਾਮ ਕੁਮਾਰ ਭਦੌੜ, ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਸਮੇਤ ਜਨਤਕ ਲਹਿਰ ਦੇ ਆਗੂ ਮੌਜੂਦ ਸਨ। ਇਸ ਇਕੱਤਰਤਾ ਦਾ ਮੰਚ ਸੰਚਾਲਨ ਸਲਾਮ ਟੀਮ ਮੈਂਬਰ ਜੋਰਾ ਸਿੰਘ ਨਸਰਾਲੀ ਵੱਲੋਂ ਕੀਤਾ ਗਿਆ।