ਹਲਕਾ ਇੰਚਾਰਜ ਮੁਨੀਸ਼ ਬਾਂਸਲ ਅਤੇ ਕਾਲਾ ਢਿੱਲੋਂ ਦੇ ਹੱਕ ‘ਚ ਨਾਅਰੇ ਲਵਾਉਣ ਤੋਂ ਖਫਾ ਹੋਏ ਕਾਂਗਰਸੀ ਲੀਡਰ..
ਹਰਿੰਦਰ ਨਿੱਕਾ, ਬਰਨਾਲਾ 29 ਮਈ 2024
ਲੋਕ ਸਭਾ ਚੋਣਾਂ ਦਾ ਪ੍ਰਚਾਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਅੰਦਰ ਕਾਂਗਰਸ ਦੇ ਪੱਖ ਵਿੱਚ ਲਹਿਰ ਬਣਾਉਣ ਲਈ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਸ਼ਾਮ ਸ਼ਹਿਰ ਦੇ ਬਜ਼ਾਰਾਂ ਵਿੱਚ ਕੱਢੇ ਰੋਡ ਸ਼ੋਅ ਸਮੇਂ ਅਚਾਣਕ ਪੈਦਾ ਹੋਏ ਹਾਲਤ ਤੋਂ ਬਾਅਦ ਖਹਿਰਾ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਸ਼ਹਿਰ ਦੀ ਲੱਗਭੱਗ ਬਹੁਤੇ ਆਗੂ ਰੁੱਸ ਕੇ ਹੀ ਭੱਜ ਗਏ। ਇਸ ਦੀ ਪੁਸ਼ਟੀ ਉੱਥੋਂ ਭੱਜਣ ਵਾਲੇ ਕਈ ਲੀਡਰਾਂ ਨੇ ਖੁਦ ਹੀ ਕੀਤੀ ਹੈ। ਨਰਾਜ਼ ਆਗੂਆਂ ਨੇ ਇੱਕਸੁਰ ਹੁੰਦਿਆਂ ਇਹ ਫੈਸਲਾ ਵੀ ਕਰ ਲਿਆ ਕਿ ਉਹ ਨਾਂ ਤਾਂ ਸਵੇਰੇ, 30 ਮਈ ਨੂੰ ਪ੍ਰਚਾਰ ਮੁਹਿੰਮ ਨੂੰ ਸ਼ਿਖਰ ਤੇ ਲੈ ਜਾਣ ਲਈ, ਲੋਕ ਸਭਾ ਖੇਤਰ ਵਿੱਚੋਂ ਕੱਢੇ ਜਾਣ ਵਾਲੇ, ਰੋਡ ਸ਼ੋਅ ਵਿੱਚ ਸ਼ਾਮਿਲ ਹੋਣਗੇ ਅਤੇ ਨਾ ਹੀ ਸ਼ਹਿਰੀ ਦਫਤਰ ਵਿੱਚ ਪੈਰ ਪਾਉਣਗੇ। ਇੱਨ੍ਹਾਂ ਆਗੂਆਂ ਨੇ ਇਹ ਵੀ ਫੈਸਲਾ ਕਰ ਲਿਆ ਹੈ ਕਿ ਉਹ ਸਿਰਫ ਆਪਣੀ ਵੋਟ ਪਾਉਣਗੇ,ਪੋਲਿੰਗ ਬੂਥਾਂ ਤੇ ਵੀ ਨਹੀਂ ਜਾਣਗੇ। ਸ਼ਹਿਰੀ ਕਾਂਗਰਸੀਆਂ ਦਾ ਇਹ ਫੈਸਲਾ, ਖਹਿਰਾ ਦੀ ਮੁਹਿੰਮ ਨੂੰ ਕਿੰਨ੍ਹਾਂ ਵੱਡਾ ਝਟਕਾ ਦੇਵੇਗਾ, ਇਹ ਤਾਂ ਚੋਣ ਨਤੀਜਾ ਹੀ ਦੱਸੇਗਾ, ਪਰ ਐਨ ਮੌਕੇ ਤੇ ਹੋਈ ਨਰਾਜਗੀ ਦਾ ਖਾਮਿਆਜ਼ਾ ਖਹਿਰਾ ਨੂੰ ਭੁਗਤਣਾ ਜਰੂਰ ਪਵੇਗਾ।
ਹੰਗਾਮਾ ਕਿਉਂ ਹੋਇਆ…
ਪ੍ਰਾਪਤ ਜ਼ਾਣਕਾਰੀ ਅਨੁਸਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਦੇਰ ਸ਼ਾਮ ਸ਼ਹਿਰ ਅੰਦਰ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀਆਂ ਤਿਆਰੀਆਂ ਵਿੱਚ ਸ਼ਹਿਰੀ ਕਾਂਗਰਸੀ ਆਗੂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ। ਜਦੋਂ ਖਹਿਰਾ ਨੇ ਰੋਡ ਸ਼ੋਅ ਸ਼ੁਰੂ ਕੀਤਾ ਤਾਂ ਇੱਕ ਮਹਿਲਾ ਆਗੂ ਨੂੰ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਖਹਿਰਾ ਦੇ ਨਾਲ ਗੱਡੀ ਵਿੱਚ ਚੜ੍ਹਾ ਲਿਆ, ਅਜਿਹਾ ਵਰਤਾਰਾ ਦੇਖ ਕੇ, ਇੱਕ ਸੂਬਾ ਪੱਧਰੀ ਅਤੇ ਧੜੱਲੇਦਾਰ ਮਹਿਲਾ ਆਗੂ ਨੂੰ ਗੁੱਸਾ ਆਇਆ ਕਿ ਉਹ ਕਾਂਗਰਸੀ ਬੀਬੀਆਂ ਨੂੰ ਲੈ ਕੇ , ਉੱਥੋਂ ਖਿਸਕ ਗਈ। ਫਿਰ ਰੋਡ ਸ਼ੋਅ ਅੱਗੇ ਵਧਿਆ ਤਾਂ ਫਿਰ ਇੱਕ ਜਗ੍ਹਾ ਤੇ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਅਤੇ ਕਾਲਾ ਢਿੱਲੋਂ ਦੀ ਤਾਰੀਫ ਕਰਦਿਆਂ ਵਰਕਰਾਂ ਤੋਂ ਉਨ੍ਹਾਂ ਦੇ ਹੱਕ ਵਿੱਚ ਨਾਅਰੇ ਲੁਆਉਣੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ ਕਈ ਦਿਨਾਂ ਤੋਂ ਸ਼ਹਿਰੀ ਦਫਤਰ ਦੀ ਕਮਾਂਡ ਸੰਭਾਲ ਰਹੇ ਸ਼ਹਿਰੀ ਟਕਸਾਲੀ ਕਾਂਗਰਸੀ ਆਗੂਆਂ ਦਾ ਗੁੱਸਾ ਸੱਤਵੇਂ ਆਸਮਾਨ ਤੇ ਚੜ੍ਹ ਗਿਆ। ਬੱਸ ਫਿਰ ਕੀ ਸੀ, ਅਜਿਹੀ ਘੁਸਰ ਮੁਸਰ ਸ਼ੁਰੂ ਹੋਈ ਕਿ ਨਰਾਜ ਹੋਏ ਸਾਰੇ ਆਗੂਆਂ ਨੇ ਇੱਕ ਰਾਇ ਹੋ ਕੇ, ਫੈਸਲਾ ਕਰ ਲਿਆ ਕਿ ਹੁਣ ਰਹਿੰਦੇ ਸਮੇਂ, ਉਹ ਚੋਣ ਮੁਹਿੰਮ ਤੋਂ ਦੂਰ ਰਹਿਣਗੇ, ਨਾ ਤਾਂ ਉਹ ਕੱਲ੍ਹ ਦੇ ਰੋਡ ਸ਼ੋਅ ਦਾ ਹਿੱਸਾ ਬਣਨਗੇ ਅਤੇ ਨਾ ਹੀ ਪੋਲਿੰਗ ਏਜ਼ੰਟ ਵਜੋਂ ਪੋਲਿੰਗ ਬੂਥਾਂ ਤੇ ਡਿਊਟੀਆਂ ਦੇਣਗੇ। ਸਿਰਫ ਆਪਣੀ ਵੋਟ ਹੀ ਪਾਉਣਗੇ, ਪਤਾ ਇਹ ਵੀ ਲੱਗਿਆ ਹੈ ਕਿ ਸਵੇਰੇ, ਨਰਾਜ ਕਾਂਗਰਸੀ ਇੱਕ ਮੀਟਿੰਗ ਕਰਕੇ, ਚੋਣ ਸਬੰਧੀ, ਆਪਣੀ ਨਵੀਂ ਰਣਨੀਤੀ ਘੜਣਗੇ। ਨਰਾਜ਼ ਆਗੂਆਂ ਚੋਂ ਦੋ ਜਣਿਆਂ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਸ ਫੈਸਲੇ ਵਿੱਚ ਬਰਨਾਲਾ ਨਗਰ ਕੌਂਸਲ ਦੇ ਲੱਗਭੱਗ ਸਾਰੇ ਹੀ ਕੌਸਲਰ, ਸਾਬਕਾ ਕੌਂਸਲਰ , ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਦੇ ਕਾਫੀ ਆਗੂ ਵੀ ਸ਼ਾਮਿਲ ਹਨ। ਇੱਕ ਆਗੂ ਨੇ ਕਾਫੀ ਭਰੇ ਮਨ ਨਾਲ ਕਿਹਾ ਕਿ ਅਜਿਹਾ ਸਖਤ ਫੈਸਲਾ ਲੈਣ ਲਈ ਸਾਨੂੰ ਸੁਖਪਾਲ ਸਿੰਘ ਖਹਿਰਾ ਦੀ ਬੇਰੁੱਖੀ ਅਤੇ ਕਿੰਨ੍ਹੇਂ ਦਿਨਾਂ ਤੋਂ ਜੀਅ ਤੋੜ ਮਿਹਨਤ ਕਰਕੇ ਜਮੀਨੀ ਪੱਧਰ ਤੇ ਕੰਮ ਕਰਦੇ ਆਗੂਆਂ ਨੂੰ ਨਜਰਅੰਦਾਜ ਕਰਨ ਕਰਕੇ, ਲੈਣ ਨੂੰ ਮਜਬੂਰ ਹੋਣਾ ਪਿਆ ਹੈ। ਨਰਾਜ ਆਗੂਆਂ ਨੇ ਕਿਹਾ ਕਿ ਦਰਅਸਲ ,ਸੁਖਪਾਲ ਖਹਿਰਾ ਪੂਰੀ ਚੋਣ ਮੁਹਿੰਮ ਵਿੱਚ ਕੁੱਝ ਚਾਪਲੂਸ ਕਿਸਮ ਦੇ ਲੀਡਰਾਂ ਦੇ ਚੁੰਗਲ ਵਿੱਚ ਹੀ ਘਿਰੇ ਰਹੇ ਹਨ। ਇਸ ਦਾ ਖਾਮਿਆਜ਼ਾ, ਉਨ੍ਹਾਂ ਨੂੰ ਚੋਣ ਵਿੱਚ ਭੁਗਤਣਾ ਪਵੇਗਾ।