ਬਰਨਾਲਾ ਵਾਸੀਆਂ ਨੂੰ ਦੌੜ ‘ਚ ਸ਼ਾਮਿਲ ਹੋਣ ਦਾ ਸੱਦਾ, ਲੋਕ ਸਭਾ ਚੋਣਾਂ 2024 : ਜ਼ਿਲ੍ਹਾ ਬਰਨਾਲਾ ‘ਚ 492323 ਵੋਟਰ ਕਰਨਗੇ ਮਤਦਾਨ ਦੀ ਵਰਤੋਂ
ਵਿਸ਼ੇਸ਼ ਗ੍ਰੀਨ ਬੂਥ, ਮਾਡਲ ਪੋਲਿੰਗ ਬੂਥ, ਦਿਵਿਆਂਗ ਲੋਕਾਂ ਲਈ ਬੂਥ, ਔਰਤਾਂ ਲਈ ਪਿੰਕ ਬੂਥ ਅਤੇ ਨੌਜਵਾਨਾਂ ਵੱਲੋਂ ਪ੍ਰਬੰਧਿਤ ਵਾਲੇ ਬੂਥ ਬਣਾਏ ਗਏ ਹਨ
ਰਘਵੀਰ ਹੈਪੀ , ਬਰਨਾਲਾ 29 ਮਈ 2024
ਇੱਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਬਰਨਾਲਾ ‘ਚ 30 ਮਈ ਨੂੰ ਵਿਸ਼ੇਸ਼ ਮੈਰਾਥਨ ਦੌੜ ਸਵੇਰੇ 6 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਕਰਕੇ ਜੁਮਲਾ ਮਾਲਕਨ ਸਕੂਲ ਤੱਕ ਕੀਤੀ ਜਾ ਰਹੀ ਹੈ । ਇਸ ਦੌੜ ‘ਚ ਭਾਗ ਲੈਣ ਲਈ ਲੋਕਾਂ ਨੂੰ ਸੱਦਾ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਲੋਕਾਂ ਨੂੰ ਇਸ ਦੌੜਾ ਦਾ ਹਿੱਸਾ ਬਣਨ ਲਈ ਸੱਦਾ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਸਮਾਗਮ ਦਾ ਹਿੱਸਾ ਬਣਨ ਤਾਂ ਜੋ ਹੋਰਨਾ ਨੂੰ 1 ਜੂਨ ਵਾਲੇ ਦਿਨ ਵੋਟਾਂ ਪਾਉਣ ਲਈ ਪ੍ਰੇਰਿਆ ਜਾ ਸਕੇ।
ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕੁੱਲ 492323 ਵੋਟਰ ਆਪਣੇ ਵੋਟ ਦਾ ਅਧਿਕਾਰ ਕਰਨਗੇ। ਇਨ੍ਹਾਂ ਵਿੱਚ ਭਦੌੜ ‘ਚ ਕੁੱਲ 155074 (82105 ਮਰਦ, 72207 ਮਹਿਲਾਵਾਂ, 9 ਤੀਜੇ ਲਿੰਗ ਨਾਲ ਸਬੰਧਿਤ ਅਤੇ 753 ਸਰਵਿਸ ਵੋਟਰ ਹਨ)। ਇਸੇ ਤਰ੍ਹਾਂ ਬਰਨਾਲਾ ‘ਚ ਕੁੱਲ 180724 (94957 ਮਰਦ, 85127 ਮਹਿਲਾਵਾਂ, 4 ਤੀਜੇ ਲਿੰਗ ਨਾਲ ਸਬੰਧਿਤ, 636 ਸਰਵਿਸ ਵੋਟਰ ਅਤੇ 3 ਐਨ.ਆਰ.ਆਈ. ਵੋਟਰ) ਹਨ। ਮਹਿਲ ਕਲਾਂ ‘ਚ ਕੁੱਲ 156525 ਵੋਟਰ (82966 ਮਰਦ, 72590 ਮਹਿਲਾਵਾਂ, 3 ਤੀਜੇ ਧਿਰ ਨਾਲ ਸਬੰਧਿਤ, 966 ਸਰਵਿਸ ਵੋਟਰ ਅਤੇ 23 ਐਨ.ਆਰ.ਆਈ. ਵੋਟਰ) ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕੁੱਲ 558 ਪੋਲਿੰਗ ਸਟੇਸ਼ਨ ਹਨ। ਇਸ ਤੋਂ ਇਲਾ ਜ਼ਿਲ੍ਹਾ ਬਰਨਾਲਾ ‘ਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਗ੍ਰੀਨ ਬੂਥ, ਮਾਡਲ ਪੋਲਿੰਗ ਬੂਥ, ਦਿਵਿਆਂਗ ਲੋਕਾਂ ਲਈ ਬੂਥ, ਔਰਤਾਂ ਲਈ ਪਿੰਕ ਬੂਥ ਅਤੇ ਨੌਜਵਾਨਾਂ ਵੱਲੋਂ ਪ੍ਰਬੰਧਿਤ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰ ਇੱਕ ਵਿਧਾਨ ਸਭਾ ਖੇਤਰ ‘ਚ ਕਰੀਬ 10 ਮਾਡਲ ਪੋਲਿੰਗ ਬੂਥ ਅਤੇ 1 – 1 ਬਾਕੀ ਵਰਗਾਂ ਦੇ ਬੂਥ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰੀਨ ਬੂਥਾਂ ਉੱਤੇ ਵਾਤਾਵਰਣ ਪ੍ਰਤੀ ਵੋਟਰਾਂ ਨੂੰ ਸੁਚੇਤ ਕਰਨ ਲਈ ਹਰਿਆਲੀ ਕੀਤੀ ਜਾਵੇਗੀ । ਇਸੇ ਤਰ੍ਹਾਂ ਪਿੰਕ ਬੂਥਾਂ ਵਿਖੇ ਕੇਵਲ ਔਰਤਾਂ ਨੂੰ ਚੋਣ ਅਮਲੇ ਵੱਜੋਂ ਤਾਇਨਾਤ ਕੀਤਾ ਜਾਵੇਗਾ। ਦਿਵਿਆਂਗ ਲੋਕਾਂ ਲਈ ਬਣਾਏ ਗਏ ਪੋਲਿੰਗ ਬੂਥਾਂ ਉੱਤੇ ਦਿਵਿਆਂਗ ਚੋਣ ਅਮਲਾ ਕੰਮ ਕਾਜ ਸੰਭਾਲੇਗਾ ਅਤੇ ਨੌਜਵਾਨਾਂ ਵੱਲੋਂ ਵੀ ਹਰ ਇੱਕ ਹਲਕੇ ‘ਚ ਇੱਕ ਇੱਕ ਪੋਲਿੰਗ ਬੂਥ ਸੰਭਾਲਿਆ ਜਾਵੇਗਾ।
ਭਦੌੜ ਵਿਧਾਨ ਸਭਾ ਹਲਕੇ ‘ਚ ਗ੍ਰੀਨ ਬੂਥ ਸ਼ਹੀਦ ਰਣਜੀਤ ਸਿੰਘ ਸ਼ੌਰਿਆ ਚੱਕਰ ਵਿਜੇਤਾ ਸਰਕਾਰੀ ਪ੍ਰਾਇਮਰੀ ਸਕੂਲ, ਪੱਖੋ ਕਲਾਂ ਵਿਖੇ, ਬਰਨਾਲਾ ਖੇਤਰ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ), ਬਰਨਾਲਾ ‘ਚ ਅਤੇ ਮਹਿਲ ਕਲਾਂ ਖੇਤਰ ਦਾ ਸ਼ਹੀਦ ਸਰਦਾਰ ਸੇਵਾ ਸਿੰਘ ਸਰਕਾਰੀ ਸਮਾਰਟ ਸੀਨੀਅਰ ਸਕੈਂਡਰੀ ਸਕੂਲ, ਠੀਕਰੀਵਾਲ ਵਿਖੇ ਸਥਾਪਿਤ ਕੀਤਾ ਗਿਆ ਹੈ । ਇਸੇ ਤਰ੍ਹਾਂ ਭਦੌੜ ਦਾ ਯੂਥ ਮੈਨੇਜਡ ਪੋਲਿੰਗ ਬੂਥ ਸਰਕਾਰੀ ਹਾਈ ਸਮਾਰਟ ਸਕੂਲ, ਤਾਜੋਕੇ, ਬਰਨਾਲਾ ਖੇਤਰ ਦਾ ਫਾਰਮੈਸੀ ਕਾਲਜ (ਐੱਸ.ਡੀ. ਕਾਲਜ), ਬਰਨਾਲਾ ਅਤੇ ਮਹਿਲ ਕਲਾਂ ਦਾ ਸਰਕਾਰੀ ਐਲੀਮੈਂਟਰੀ, ਚੁਹਾਣਕੇ ਕਲਾਂ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਕ ਬੂਥ ਭਦੌੜ ਖੇਤਰ ਦਾ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਕੰਨਿਆ ਹਾਈ ਸਕੂਲ, ਤਪਾ ਵਿਖੇ, ਬਰਨਾਲਾ ਖੇਤਰ ਦਾ ਸਰਕਾਰੀ ਪ੍ਰਾਇਮਰੀ ਸਕੂਲ, ਜੁਮਲਾ ਮਾਲਕਨ, ਬਰਨਾਲਾ ਵਿਖੇ ਅਤੇ ਮਹਿਲ ਕਲਾਂ ਦਾ ਦਫ਼ਤਰ ਬਲਾਕ ਸਮਿਤੀ, ਮਹਿਲ ਕਲਾਂ ਵਿਖੇ ਸਥਾਪਿਤ ਕੀਤਾ ਗਿਆ ਹੈ । ਭਦੌੜ ਖੇਤਰ ਦਾ ਪੀ.ਡਬਲਿਊ.ਡੀ. ਬੂਥ ਸਰਕਾਰੀ ਪ੍ਰਾਇਮਰੀ ਸਕੂਲ, ਰੁੜੇਕੇ ਕਲਾਂ ਵਿਖੇ, ਬਰਨਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ, ਪੱਤੀ ਬਾਜਵਾ, ਬਰਨਾਲਾ ਵਿਖੇ ਅਤੇ ਮਹਿਲ ਕਲਾਂ ਦਾ ਸਰਕਾਰੀ ਐਲੀਮੈਂਟਰੀ, ਪੰਡੋਰੀ ਵਿਖੇ ਸਥਾਪਿਤ ਕੀਤਾ ਗਿਆ ਹੈ।