ਸਾਰੀਆਂ ਪਾਰਟੀ ਦੇ ਸਥਾਨਕ ਆਗੂ ਬਾਹਰੀ ਉਮੀਦਵਾਰਾਂ ਤੋਂ ਹਤਾਸ਼ ਤੇ ਨਾਖੁਸ਼ :- ਮੀਤ ਹੇਅਰ
ਰਘਵੀਰ ਹੈਪੀ, ਬਰਨਾਲਾ 24 ਮਈ 2024
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਮਹਿਲ ਕਲਾਂ ਹਲਕੇ ਵਿੱਚ ਉਸ ਵੇਲੇ ਵੱਡਾ ਹੁਲਾਰਾ ਮਿਲਿਆ । ਜਦੋਂ ਪਿੰਡ ਛੀਨੀਵਾਲ ਕਲਾਂ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਆਪਣੇ ਵੱਡੀ ਗਿਣਤੀ ਸਾਥੀਆਂ ਨਾਲ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ । ਮੀਤ ਹੇਅਰ ਨੇ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ ਤਾਂ ਵਿਰੋਧੀ ਪਾਰਟੀਆਂ ਤੋਂ ਨਾਖੁਸ਼ ਹੀ ਹੈ । ਸਗੋਂ ਉਨ੍ਹਾਂ ਪਾਰਟੀਆਂ ਦੇ ਅਹੁਦੇਦਾਰ ਤੇ ਵਰਕਰ ਵੀ ਹਤਾਸ਼ ਹਨ । ਸਾਰੀਆਂ ਪਾਰਟੀਆਂ ਨੇ ਬਾਹਰੋਂ ਉਮੀਦਵਾਰ ਲਿਆ ਕੇ ਸੰਗਰੂਰ ਹਲਕੇ ਵਿੱਚ ਖੜ੍ਹੇ ਕਰ ਦਿੱਤੇ ਅਤੇ ਕਾਂਗਰਸ ਨੇ ਤਾਂ ਮਾਲਵੇ ਤੋਂ ਵੀ ਬਾਹਰੋਂ ਭੁਲੱਥ ਹਲਕੇ ਦਾ ਉਮੀਦਵਾਰ ਖੜ੍ਹਾ ਕਰ ਦਿੱਤਾ। ਜਿਸ ਨੂੰ ਸੰਗਰੂਰ ਹਲਕੇ ਦੇ ਪਿੰਡਾਂ-ਸ਼ਹਿਰਾਂ ਦੇ ਨਾਮ ਵੀ ਨਹੀਂ ਪਤਾ । ਮੀਤ ਹੇਅਰ ਨੇ ਨਵੇਂ ਸ਼ਾਮਲ ਹੋਏ ਸਾਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਸਾਰਿਆਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨ ਲਈ ਵਚਨਬੱਧ ਹੈ । ਪੰਜਾਬ ਨੂੰ ਮੁੜ ਰੰਗਲਾ ਬਣਾਉਣਾ ਹੈ। ਇਸ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਲੰਘੀ ਕੱਲ੍ਹ ਵੀ ਧਨੌਲਾ ਵਿਖੇ, ਕਾਂਗਰਸ ਦੇ ਸੀਨੀਲਰ ਆਗੂ ਜਗਤਾਰ ਸਿੰਘ ਧਨੌਲਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਮੌਜੂਦਾ ਕੌਂਸਲਰ ਰਾਜੀ ਆਦਿ ਵੀ ਕਾਂਗਰਸ ਨੂੰ ਅਲਵਿਦਾ ਕਹਿ ਕੇ, ਆਪ ਵਿੱਚ ਸ਼ਾਮਿਲ ਹੋ ਗਏ ਸਨ।
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਮਹਿਲ ਕਲਾਂ ਹਲਕੇ ਦੇ ਚੋਣ ਦੌਰਿਆਂ ਦੌਰਾਨ ਮਹਿਲ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਉੱਪਰ ਸ਼ਹੀਦ ਨੂੰ ਸਿਜਦਾ ਕੀਤਾ। ਇਸ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣਾ ਹੀ ਸਾਡਾ ਉਦੇਸ਼ ਹੈ । ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸ਼ਾਹ ਲੈ ਰਹੇ ਹਾਂ । ਸ਼ਹੀਦ ਸਰਾਭਾ ਦੀ ਉਸ ਵੇਲੇ ਉਮਰ ਮਹਿਜ਼ 19 ਵਰ੍ਹਿਆਂ ਦੀ ਸੀ ਜਦੋਂ ਫਾਂਸੀ ਦੇ ਰੱਸੇ ਨੂੰ ਚੁੰਮਿਆ । ਉਨ੍ਹਾਂ ਦੀ ਸ਼ਹਾਦਤ ਨੇ ਸ਼ਹੀਦ ਭਗਤ ਸਿੰਘ ਸਣੇ ਕਈ ਕ੍ਰਾਂਤੀਕਾਰੀਆਂ ਨੂੰ ਦੇਸ਼ ਭਗਤੀ ਦਾ ਜਾਗ ਲਾਇਆ ਸੀ । 16 ਸਾਲ ਦੀ ਉਮਰ ਵਿੱਚ ਗ਼ਦਰ ਅਖਬਾਰ ਕੱਢਣ ਵਾਲਾ ਸਰਾਭਾ ਸੈਂਕੜੇ ਦੇਸ਼ ਭਗਤਾਂ ਦਾ ਰਾਹ ਦਸੇਰਾ, ਪਥ ਪ੍ਰਦਰਸ਼ਕ ਸੀ। ਮੀਤ ਹੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੀ ਵਾਰ ਮੁੱਖ ਮੰਤਰੀ ਦੀ ਤਸਵੀਰ ਦੀ ਜਗ੍ਹਾ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਤਸਵੀਰ ਸਰਕਾਰੀ ਦਫਤਰਾਂ ਵਿੱਚ ਲਾਉਣ ਦਾ ਇਤਿਹਾਸਕ ਫੈਸਲਾ ਕੀਤਾ।