ਕਥਿਤ ਤੌਰ ਤੇ ਕੀਤੇ ਘਪਲੇ ਉਜ਼ਾਗਰ ਹੋਣ ਦੇ ਡਰੋਂ ਬਲਦੀਪ ਸਿੰਘ ਨੇ ਨਹੀਂ ਕਰਵਾਈ ਪੀ.ਵੀ
ਜੇ.ਐਸ. ਚਹਿਲ, ਚੰਡੀਗੜ੍ਹ 24 ਮਈ 2024
ਪੰਜਾਬ ਰਾਜ ਬੀਜ ਨਿਗਮ (ਪਨਸੀਡ) ਮੋਹਾਲੀ ਵੱਲੋਂ ਆਪਣੀਆਂ ਊਣਤਾਈਆਂ ਅਤੇ ਕਥਿਤ ਤੌਰ ਪਰ ਵਿਭਾਗ ਅੰਦਰ ਕੀਤੀਆਂ ਬੇਨਿਯਮੀਆਂ ਤੇ ਪਾਏ ਗਏ ਪਰਦੇ ਹੌਲੀ ਹੌਲੀ ਉੱਠਣੇ ਸ਼ੁਰੂ ਹੋ ਗਏ ਹਨ । ਪਨਸੀਡ ਦੇ ਆਊਟਸੋਰਸ ਰਾਹੀਂ ਭਰਤੀ ਬੀਜ ਉਤਪਾਦਨ ਅਫਸਰ ਬਲਦੀਪ ਸਿੰਘ ਸੋਹੀ ਨਾਲ ਸੰਬੰਧਤ ਅਜੇ ਕਈ ਮਾਮਲੇ ਮੀਡੀਏ ਦੀਆਂ ਸ਼ੁਰਖੀਆਂ ਵਿਚ ਭਖੇ ਹੋਏ ਹਨ। ਉਥੇ ਹੀ ਆਊਟਸੋਰਸ ਰਾਹੀਂ ਭਰਤੀ ਹੋਏ ਬਲਦੀਪ ਸਿੰਘ ਨਾਲ ਜੁੜਿਆ ਇੱਕ ਹੋਰ ਮਾਮਲਾ ਭਰੋਸੇਯੋਗ ਸੂਤਰਾਂ ਨੇ ਮੀਡੀਏ ਨੂੰ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਆਊਟਸੋਰਸ ਰਾਹੀਂ ਭਰਤੀ ਬਲਦੀਪ ਸਿੰਘ ਜੋ ਕਿ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਚ ਖੇਤਰੀ ਪ੍ਰਬੰਧਕ ਲੱਗਾ ਹੋਇਆ ਹੈ, ਵੱਲੋਂ ਆਪਣੇ ਅਧੀਨ ਆਉਂਦੇ ਖੇਤਰੀ ਦਫਤਰ ਦੀ ਫਿਜ਼ੀਕਲ ਵੈਰੀਫਿਕੇਸ਼ਨ ਨਹੀਂ ਹੋਣ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਦੀਪ ਸਿੰਘ ਨੇ ਆਪਣੇ ਅਧੀਨ ਆਉਂਦੇ ਕਰਤਾਰਪੁਰ ਦਫ਼ਤਰ ਦੀ ਫਿਜ਼ੀਕਲ ਵੈਰੀਫਿਕੇਸ਼ਨ (ਪੀ.ਵੀ) ਸਾਲ 2021-22, 2022-2023 ਅਤੇ ਸਾਲ 2023-2024 ਦੀ ਨਹੀਂ ਕਰਵਾਈ ਹੈ । ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਕਤ ਖੇਤਰੀ ਦਫ਼ਤਰ ਅਧੀਨ ਜਰੂਰ ਵੱਡੇ ਪੱਧਰ ਤੇ ਕਥਿਤ ਘਪਲਾ ਚੱਲ ਰਿਹਾ ਹੈ । ਪਨਸੀਡ ਦੇ ਖੇਤਰੀ ਦਫ਼ਤਰ ਕਰਤਾਰ ਅਤੇ ਸੋਹਲ ਦੋਵਾਂ ਦਫ਼ਤਰਾਂ ਦੀ ਤਿੰਨ ਸਾਲਾਂ ਤੋਂ ਫਿਜ਼ੀਕਲ ਵੈਰੀਫਿਕੇਸ਼ਨ ਪੈਡਿੰਗ ਚੱਲ ਰਹੀ ਹੈ।ਪਰੰਤੂ ਬਲਦੀਪ ਸਿੰਘ ਖੇਤਰੀ ਪ੍ਰਬੰਧਕ ਵੱਲੋਂ ਪਨਸੀਡ ਮੋਹਾਲੀ ਦਫ਼ਤਰ ਵਿਚ ਤਾਇਨਾਤ ਇੱਕ ਲੇਖਾਕਾਰ ਨਾਲ ਮਿਲੀਭੁਗਤ ਕਰਕੇ ਜਾਅਲੀ ਬੈਲੇਸ਼ ਸੀਟਾਂ ਤਿਆਰ ਕਰਕੇ ਵਿਭਾਗ ਨੂੰ ਨਫ਼ੇ ਵਿਚ ਦਿਖਾਇਆ ਕਥਿਤ ਜਾ ਰਿਹਾ ਹੈ। ਪਿਛਲੇ ਤਿੰਨ ਸਾਲਾਂ ਤੋਂ ਉਕਤ ਦੋਵੇਂ ਦਫ਼ਤਰਾਂ ਦੀ ਪੀ.ਵੀ ਨਾ ਹੋਣਾ ਕਈ ਵੱਡੇ ਸੁਆਲ ਖੜ੍ਹਾ ਕਰਦਾ ਹੈ ਕਿ ਕਿਤੇ ਕੋਈ ਉੱਚ ਪਦਵੀਂ ਵਾਲੇ ਅਧਿਕਾਰੀ ਦੀ ਬਲਦੀਪ ਸਿੰਘ ਨਾਲ ਕਥਿਤ ਮਿਲੀਭੁਗਤ ਕਾਰਣ ਹੀ ਤਾਂ ਇਹ ਸਭ ਨਹੀਂ ਕੀਤਾ ਜਾ ਰਿਹਾ ਹੈ ਅਤੇ ਮਿਲੀਭੁਗਤ ਨਾਲ ਜੇਬਾਂ ਗਰਮ ਕੀਤੀਆਂ ਜਾ ਰਹੀਆਂ ਹਨ।
ਫਿਜ਼ੀਕਲ ਵੈਰੀਫਿਕੇਸ਼ਨ ਜਰੂਰੀ ਕਿਉਂ:
ਪਨਸੀਡ ਵਿਭਾਗ ਹਰ ਸਾਲ ਪੰਜਾਬ ਦੇ ਵੱਖ ਵੱਖ ਥਾਵਾਂ ‘ਤੇ ਚੱਲ ਰਹੇ ਖੇਤਰੀ ਦਫ਼ਤਰਾਂ ਵਿਚ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਂਦਾ ਹੈ। ਵਿੱਤੀ ਸਾਲ ਦੇ ਆਖੀਰ ਤੇ ਪਨਸੀਡ ਪੀ.ਵੀ ਰਾਹੀਂ ਪਤਾ ਕਰਦਾ ਹੈ ਕਿ ਸੰਸਥਾ ਨੂੰ ਕਿੰਨਾ ਵਿੱਤੀ ਲਾਭ ਜਾਂ ਨੁਕਸਾਨ ਹੋਇਆ ਹੈ । ਇਸ ਤੋਂ ਇਲਾਵਾ ਪੀ.ਵੀ ਰਾਹੀਂ ਹੀ ਪਨਸੀਡ ਨੂੰ ਪਤਾ ਚੱਲਦਾ ਹੈ ਕਿ ਕਿੰਨਾ ਸਟਾਕ ਬਚਿਆ ਹੈ । ਪੀ.ਵੀ ਵੇਲੇ ਹੀ ਆਡਿਟ ਹੁੰਦਾ ਹੈ ਕਿ ਇਸ ਖੇਤਰੀ ਦਫ਼ਤਰ ਨੇ ਨਫ਼ਾ ਜਾਂ ਨੁਕਸਾਨ ਝੱਲਿਆ ਹੈ। ਪਰੰਤੂ ਸੁਆਲ ਇੱਥੇ ਇਹ ਹੈ ਕਿ ਪਨਸੀਡ ਦੇ ਉੱਚ ਅਧਿਕਾਰੀ ਤਿੰਨ ਸਾਲਾਂ ਤੋਂ ਮੂਕ ਦਰਸ਼ਕ ਕਿਉਂ ਬਣੇ ਹੋਏ ਹਨ ! ਉੱਚ ਅਧਿਕਾਰੀਆਂ ਦੀ ਚੁੱਪ ਵਿਚ ਕਿਹੜਾ ਰਾਜ ਲੁਕਿਆ ਹੈ, ਉਹ ਤਾਂ ਉਹੀ ਹੀ ਜਾਣਦੇ ਹਨ । ਪਰ ਕਰਤਾਰਪੁਰ ਤੇ ਸੋਹਲ ਦਫ਼ਤਰਾਂ ਦੀ ਪੀ.ਵੀ ਨਾ ਹੋਣਾ ਭਵਿੱਖ ਵਿਚ ਕਿਸਾਨੀ ਧੰਦੇ ਲਈ ਖਤਰਨਾਕ ਵਰਤਾਰਾ ਵੀ ਸਿੱਧ ਹੋਵੇਗਾ।
ਆਊਟਸੋਰਸ ਅਫ਼ਸਰ ਤੇ ਲੇਖਾਕਾਰ ਦੀ ਮਿਲੀਭੁਗਤ:
ਜਲੰਧਰ ਦੇ ਖੇਤਰੀ ਦਫ਼ਤਰ ਕਰਤਾਰਪੁਰ ਅਤੇ ਗੁਰਦਾਸਪੁਰ ਦੇ ਸੋਹਲ ਵਿਚ ਸਥਿਤ ਪਨਸੀਡ ਦਫ਼ਤਰਾਂ ਦੀ ਪਿਛਲੇ ਤਿੰਨ ਸਾਲਾਂ ਤੋਂ ਫਿਜ਼ੀਕਲ ਵੈਰੀਫਿਕੇਸ਼ਨ ਨਾ ਹੋਣਾ ਆਊਟਸੋਰਸ ਭਰਤੀ ਅਫ਼ਸਰ ਬਲਦੀਪ ਸਿੰਘ ਅਤੇ ਲੇਖਾਕਾਰ ਮੋਹਾਲੀ ਦੀ ਕਥਿਤ ਤੌਰ ਪਰ ਆਪਸੀ ਮਿਲੀਭੁਗਤ ਦਾ ਵੀ ਨਤੀਜਾ ਲੱਗਦਾ ਹੈ । ਕਿਉਂ ਕਿ ਪੀ.ਵੀ ਕਰਨ ਦੀ ਜ਼ਿੰਮੇਵਾਰੀ ਲੇਖਾਕਾਰ ਦੀ ਵੀ ਹੁੰਦੀ ਹੈ। ਸੂਤਰਾਂ ਅਨੁਸਾਰ ਬਲਦੀਪ ਸਿੰਘ ਮੋਹਾਲੀ ਦਫ਼ਤਰ ਵਿਚ ਤਾਇਨਾਤ ਲੇਖਾਕਾਰ ਨੂੰ ਪਦਉਨਤੀ ਕਰਵਾਉਣ ਦਾ ਲਾਲਚ ਦਿੰਦਾ ਰਿਹਾ ਹੈ ਅਤੇ ਇੱਕ ਵਾਰ ਲੇਖਾਕਾਰ ਦੀ ਪਦਉਨਤੀ ਕਰਵਾ ਵੀ ਦਿੱਤੀ ਸੀ।ਪਰੰਤੂ ਨਿਯਮਾਂ ਨੂੰ ਛਿੱਕੇ ਟੰਗ ਕੀਤੀ ਗਈ, ਇਸ ਪਦਉਨਤੀ ਨੂੰ ਤਤਕਾਲੀ ਆਈ ਏ ਐੱਸ ਅਧਿਕਾਰੀ ਸ੍ਰੀ ਸੁਰੇਸ਼ ਕੁਮਾਰ ਵਧੀਕ ਮੁੱਖ ਸਕੱਤਰ ਵਿਕਾਸ ਦੇ ਹੁਕਮਾਂ ਤੇ ਰਿਵਰਸ਼ਨ ਕਰ ਦਿੱਤਾ ਗਿਆ ਸੀ।
ਕੀ ਪਨਸੀਡ ਕਰਵਾਏਗਾ ਪੀ.ਵੀ:
ਹੁਣ ਦੇਖਣਾ ਹੋਵੇਗਾ ਕਿ ਪਨਸੀਡ ਦੇ ਨਵੇਂ ਲੱਗੇ ਐੱਮ.ਡੀ ਕਰਤਾਰਪੁਰ ਅਤੇ ਸੋਹਲ ਖੇਤਰੀ ਦਫ਼ਤਰਾਂ ਦੇ ਰਿਕਾਰਡ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣਗੇ ਜਾਂ ਪਹਿਲਾਂ ਵਾਲੇ ਅਧਿਕਾਰੀਆਂ ਵਾਂਗ ਹੀ ਇਹ ਵਰਤਾਰਾ ਚੱਲਦਾ ਰਹੇਗਾ। ਇਸ ਮਾਮਲੇ ਸੰਬੰਧੀ ਜਦੋਂ ਪਨਸੀਡ ਦੇ ਐੱਮ.ਡੀ ਦਿਲਬਾਗ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨੂੰ ਰਿਸੀਵ ਨਹੀਂ ਕੀਤਾ।