ਹਰਿੰਦਰ ਨਿੱਕਾ, ਬਰਨਾਲਾ 24 ਮਈ 2024
ਲੋਕ ਸਭਾ ਚੋਣਾਂ ਦਾ ਅਖਾੜਾ ਮਘਿਆ ਹੋਇਆ। ਜਿੱਥੇ ਜਿੱਤ ਦੇ ਰਥ ਤੇ ਸਵਾਰ ਹੋਣ ਲਈ ਸਾਰੇ ਉਮੀਦਵਾਰਾਂ ਦੀ ਪੂਰੀ ਟੇਕ ਹੁਣ ਵੋਟਰਾਂ ਤੇ ਟਿਕੀ ਹੋਈ ਹੈ। ਉੱਥੇ ਹੀ ਬਰਨਾਲਾ ਜਿਲ੍ਹੇ ਦੇ ਕੁੱਝ ਕਾਂਗਰਸੀ ਲੀਡਰ, ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਤੇ ਲੱਗੇ ਹੋਏ ਹਨ। ਚੋਣ ਦਾ ਦਿਨ ਇੱਕ ਜੂਨ ਨੇੜੇ ਆ ਰਿਹਾ ਹੈ, ਪਰੰਤੂ ਬਰਨਾਲਾ ਜਿਲ੍ਹੇ ਅੰਦਰ ਕਾਂਗਰਸ ਪਾਰਟੀ ਵਿੱਚ ਸਭ ਅੱਛਾ ਨਹੀਂ ਦੀਆਂ ਖਬਰਾਂ ਵੀ ਬਾਹਰ ਨਿੱਕਲਕੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਾਰਟੀ ਦੇ ਕਈ ਜਿਲ੍ਹਾ ਪੱਧਰੀ ਲੀਡਰ, ਆਂਡੇ ਕਿਤੇ ਅਤੇ ਕੁੜ ਕੁੜ ਕਿਤੇ ਕਰਦੇ ਦਿਖਾਈ ਦਿੰਦੇ ਹਨ। ਇਹ ਚਰਚਾ, ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਨੂੰ ਭਖਾ ਰਹੇ ਕਾਫੀ ਲੀਡਰਾਂ ਦੇ ਮੂੰਹੋਂ ਅਕਸਰ ਹੀ ਸੁਣਨ ਨੂੰ ਮਿਲਦੀ ਹੈ।
ਕਨਸੋਆਂ ਇਹ ਵੀ ਮਿਲਦੀਆਂ ਹਨ, ਕਿ ਕਾਂਗਰਸ ਪਾਰਟੀ ਦੇ ਇੱਕ ਕੱਦਾਵਰ ਆਗੂ ਨੇ ਕੈਬਨਿਟ ਮੰਤਰੀ ਮੀਤ ਹੇਅਰ ਨਾਲ, ਪਹਿਲਾਂ ਹੀ ਗੋਟੀਆਂ ਫਿੱਟ ਕਰ ਰੱਖੀਆਂ ਹਨ। ਨਤੀਜੇ ਵਜੋਂ ਉਹ ਆਗੂ, ਖਹਿਰਾ ਦੇ ਹਰ ਪ੍ਰੋਗਰਾਮ ਨੂੰ ਅਤੇ ਭਖਦੀ ਮੁਹਿੰਮ ਨੂੰ ਲੀਹੋਂ ਲਾਹੁਣ ਦਾ ਕੋਈ ਨਾ ਕੋਈ ਬਹਾਨਾ ਬਣਾ ਹੀ ਲੈਂਦਾ ਹੈ। ਇੱਕ ਕਾਂਗਰਸੀ ਆਗੂ ਨੇ ਤਾਂ ਇਹ ਵੀ ਦੱਸਿਆ ਹੈ ਕਿ ਇਹ ਕੱਦਾਵਰ ਆਗੂ, ਆਪਣੇ ਇੱਕ ਕਰੀਬੀ ਦੇ ਫੋਨ ਰਾਹੀਂ ਲੱਗਭੱਗ ਹਰ ਦਿਨ ਹੀ, ਦੇਰ ਰਾਤ , ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਟੱਚ ਵਿੱਚ ਰਹਿੰਦਾ ਹੈ। ਪਰੰਤੂ ਉਸ ਦਾ ਪਰਛਾਂਵੇਂ ਵਾਂਗ, ਖਹਿਰਾ ਦੇ ਨਾਲ ਰਹਿਣਾ, ਖਹਿਰਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰ ਰਹੇ, ਹੋਰ ਕਾਂਗਰਸੀ ਲੀਡਰਾਂ ਨੂੰ ਕਾਫੀ ਰੜਕਦਾ ਵੀ ਹੈ। ਪਰ, ਉਹ ਦੰਦਾਂ ਹੇਠਾਂ ਜੀਭ ਦੱਬ ਕੇ, ਗਿਰਗਿਟ ਦੀ ਤਰਾਂ ਰੰਗ ਬਦਲਦੇ ਲੀਡਰ ਦੀਆਂ ਗਤੀਵਿਧੀਆਂ ਨੂੰ ਗਹੁ ਨਾਲ ਵੇਖ ਹੀ ਸਕਦੇ ਹਨ। ਇੱਕ ਕਾਂਗਰਸੀ ਲੀਡਰ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ਤੇ ਦੱਸਿਆ ਕਿ ਇਹ ਲੀਡਰ ਦੀਆਂ ਮੁਹਿੰਮ ਨੂੰ ਡੀਰੇਲ ਕਰਨ ਦੀਆਂ ਰਿਪੋਰਟਾਂ ਖੁਦ ਖਹਿਰਾ ਸਾਬ੍ਹ ਕੋਲ ਵੀ ਪਹੁੰਚ ਚੁੱਕੀਆਂ ਹਨ। ਪਰੰਤੂ, ਉਹ ਚੋਣ ਸਿਰ ਤੇ ਹੋਣ ਕਾਰਣ, ਦੜ ਵੱਟ ਕੇ ਗੁਜਾਰਾ ਕਰਨ ਦੀ ਨੀਤੀ ਹੀ ਅਪਣਾ ਰਹੇ ਹਨ।
ਬਰਨਾਲਾ ਦੇ ਕਾਂਗਰਸੀਆਂ ਨੇ ਘੱਤੀਆਂ ਲੁਧਿਆਣਾ ਅਤੇ ਜਲੰਧਰ ਵੱਲ ਵਹੀਰਾਂ ...
ਪਤਾ ਇਹ ਵੀ ਲੱਗਿਆ ਹੈ ਕਿ ਬਰਨਾਲਾ ਦੇ ਕਈ ਜਿਲ੍ਹਾ ਪੱਧਰੀ ਆਗੂਆਂ ਨੇ ਆਪਣੇ ਸਮੱਰਥਕਾਂ ਸਣੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਮੁਹਿੰਮ ਲਈ ਲੁਧਿਆਣਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਵਿੱਚ ਹਾਜ਼ਰੀ ਭਰਨ ਦੇ ਬਹਾਨੇ, ਜਲੰਧਰ ਡੇਰਾ ਲਾ ਲਿਆ ਹੈ। ਭਦੌੜ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦੋ ਦਾਵੇਦਾਰ ਅਤੇ ਇੱਕ ਮਹਿਲਾ ਆਗੂ ਵੀ ਸੁਖਪਾਲ ਖਹਿਰਾ ਦੀ ਚੋਣ ਮੁਹਿੰਮ ਨੂੰ ਅੱਧਵਾਟੇ ਛੱਡ ਕੇ, ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਦੇ ਹਲਕਿਆਂ ਵਿੱਚ ਮੰਡਰਾਉਂਦੇ ਫਿਰਦੇ ਹਨ। ਕਾਂਗਰਸੀ ਲੀਡਰਾਂ ਦੀਆਂ ਅਜਿਹੀਆਂ ਗਤੀਵਿਧੀਆਂ ਨੇ ਸੁਖਪਾਲ ਖਹਿਰਾ ਦੀ ਜਿੱਤ ਵੱਲ ਵਧਦੀ ਮੁਹਿੰਮ ਨੂੰ ਵੱਡਾ ਖੋਰਾ ਲਾਇਆ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ, ਸੁਖਪਾਲ ਸਿੰਘ ਖਹਿਰਾ ਨੇ ਹਲਕੇ ਤੋਂ ਬਾਹਰ ਲੁਧਿਆਣਾ ਅਤੇ ਜਲੰਧਰ ਜਾ ਰਹੇ ਲੀਡਰਾਂ ਨੂੰ ਨਾ ਰੋਕਿਆ ਅਤੇ ਸਮਾਂ ਰਹਿੰਦੇ ਘਰ ਦੇ ਭੇਦੀ ਆਗੂ ਦੀ ਪਹਿਚਾਣ ਕਰਕੇ, ਉਸ ਤੋਂ ਕਿਨਾਰਾ ਨਾ ਕੀਤਾ ਤਾਂ ਫਿਰ ,..!