ਰਘਵੀਰ ਹੈਪੀ, ਬਰਨਾਲਾ /ਮਹਿਲ ਕਲਾਂ 18 ਮਈ 2024
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਵਜੋਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਹਲਕਾ ਸੰਗਰੂਰ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸਬ ਡਿਵੀਜ਼ਨਲ ਮੈਜਿਸਟ੍ਰੇਟ ਮਹਿਲ ਕਲਾਂ ਸ. ਸਤਵੰਤ ਸਿੰਘ ਵੱਲੋਂ ਹਲਕੇ ਦੇ ਬੀ.ਐਲ.ਓਜ਼ ਨਾਲ ਮੀਟਿੰਗ ਕੀਤੀ ਗਈ।
ਵਾਈ.ਐੱਸ.ਜੈਨੈਕਸਟ ਸਕੂਲ ਬਰਨਾਲਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਮੁਕੰਮਲ ਕਰਨ ਵਿੱਚ ਬੀ.ਐਲ.ਓਜ਼ ਦੀ ਮੁੱਖ ਭੂਮਿਕਾ ਹੁੰਦੀ ਹੈ।ਉਹਨਾਂ ਸਮੂਹ ਬੀ.ਐਲ.ਓਜ਼ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਪਣੇ ਅਧੀਨ ਆਉਂਦੇ ਪੋਲਿੰਗ ਬੂਥਾਂ ਦੀ ਤਿਆਰੀ ਰੱਖਣ ਲਈ ਕਿਹਾ।ਉਹਨਾਂ ਸਮੂਹ ਪੋਲਿੰਗ ਬੂਥਾਂ ਦੇ ਬਾਹਰ ਬੂਥ ਬਾਰੇ ਜਾਣਕਾਰੀ ਨੋਟਿਸ ਲਗਾਉਣ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ।ਉਹਨਾਂ ਸਮੂਹ ਵੋਟਰਾਂ ਨੂੰ ਵੋਟ ਪਰਚੀਆਂ ਦੀ ਸਮੇਂ ਸਿਰ ਵੰਡ ਯਕੀਨੀ ਬਣਾਉਣ ਦੇ ਨਾਲ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਬੂਥਾਂ ਦੀ ਵੀਡੀਓਗ੍ਰਾਫੀ ਲਈ ਲਗਾਏ ਜਾਣ ਵਾਲੇ ਕੈਮਰਿਆਂ ਦੀ ਨਿਗਰਾਨੀ ਬਾਰੇ ਵੀ ਹਦਾਇਤਾਂ ਦਿੱਤੀਆਂ।
ਉਹਨਾਂ ਪੋਲਿੰਗ ਬੂਥਾਂ ‘ਤੇ ਗਰਮੀ ਤੋਂ ਬਚਾਅ ਲਈ ਵੋਟਾਂ ਵਾਲੇ ਦਿਨ ਪਾਣੀ ਅਤੇ ਹਵਾ ਦੀ ਵਿਵਸਥਾ ਕਰਨ ਬਾਰੇ ਵੀ ਬੀ.ਐਲ.ਓਜ਼ ਨਾਲ ਜਾਣਕਾਰੀ ਸਾਂਝੀ ਕੀਤੀ।ਮੀਟਿੰਗ ਦੇ ਅਖੀਰ ‘ਚ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਦੇਸ਼ ਦੀ ਲੋਕਤੰਤਰੀ ਪ੍ਰਕ੍ਰਿਆ ਮੁਕੰਮਲ ਕਰਨ ਦੇ ਭਾਗੀਦਾਰ ਬਣਨ ਦਾ ਅਵਸਰ ਮਿਲਿਆ ਹੈ।ਉਹਨਾਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਦੇ ਨਾਲ ਨਾਲ ਸਮੂਹ ਡਿਊਟੀ ਸਟਾਫ਼ ਨੂੰ ਵੀ ਚੋਣ ਕਮਿਸ਼ਨ ਵੱਲੋਂ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੀ ਸੁਵਿਧਾ ਨਾਲ ਵੋਟ ਪਾਉਣ ਲਈ ਪ੍ਰੇਰਿਤ ਕੀਤਾ।ਮੀਟਿੰਗ ‘ਚ ਬੀ.ਐਲ.ਓਜ਼ ਤੋਂ ਇਲਾਵਾ ਹਲਕੇ ਲਈ ਨਿਯੁਕਤ ਸੈਕਟਰ ਅਫ਼ਸਰਾਂ, ਵੈੱਬ ਕਾਸਟਿੰਗ ਟੀਮ ਅਤੇ ਕੈਮਰਿਆਂ ਦੇ ਤਕਨੀਕੀ ਮਾਹਿਰਾਂ ਵੱਲੋਂ ਵੀ ਮੀਟਿੰਗ ‘ਚ ਸ਼ਿਰਕਤ ਕੀਤੀ ਗਈ।