ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਹਲਕੇ ਅਧੀਨ ਆਉਂਦੇ ਤਿੰਨੇ ਜ਼ਿਲ੍ਹਿਆਂ ‘ਚ ਰੈਲੀਆਂ ਕਰਕੇ ਚੋਣ ਪ੍ਰਚਾਰ ਨੂੰ ਭਖਾਇਆ
ਕੈਬਨਿਟ ਮੰਤਰੀ ਵਜੋਂ ਕੀਤੇ ਕੰਮਾਂ ਅਤੇ ਦੋ ਸਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਧਾਰ ਬਣਾ ਕੇ ਮੰਗ ਰਹੇ ਹਨ ਵੋਟਾਂ
ਹਰਿੰਦਰ ਨਿੱਕਾ, ਸੰਗਰੂਰ, 11 ਮਈ 2024
ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਵੱਡੀ ਜਿੱਤ ਦਾ ਦਾਅਵਾ ਪੇਸ਼ ਕੀਤਾ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਅਤੇ ਐਮ.ਐਲ.ਏਜ਼ ਨਰਿੰਦਰ ਕੌਰ ਭਰਾਜ, ਕੁਲਵੰਤ ਸਿੰਘ ਪੰਡੋਰੀ, ਜਮੀਲ ਉਰ ਰਹਿਮਾਨ, ਬਰਿੰਦਰ ਕੁਮਾਰ ਗੋਇਲ ਤੇ ਲਾਭ ਸਿੰਘ ਉੱਗੋਕੇ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣ ਲਈ ਚੱਲ ਰਹੇ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਵੱਲੋਂ ਮਿਲ ਰਹੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੀਤ ਹੇਅਰ ਸੰਗਰੂਰ ਤੋਂ ਵੱਡੇ ਫਰਕ ਨਾਲ ਜਿੱਤਣਗੇ।
ਕੈਬਨਿਟ ਮੰਤਰੀਆਂ ਤੇ ਐਮ.ਐਲ.ਏਜ਼ ਨੇ ਕਿਹਾ ਕਿ ਸੰਗਰੂਰ ਤੋਂ ਦੋ ਵਾਰ ਐਮ.ਪੀ. ਰਹੇ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਹੁਣ ਤੱਕ ਕੀਤੇ ਪ੍ਰਚਾਰ ਦੌਰਾਨ ਸੰਗਰੂਰ ਹਲਕੇ ਅਧੀਨ ਆਉਂਦੇ ਤਿੰਨੇ ਜ਼ਿਲ੍ਹਿਆਂ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਵਿਖੇ ਚੋਣ ਰੈਲੀਆਂ ਕਰਕੇ ਚੋਣ ਪ੍ਰਚਾਰ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਭਗਵੰਤ ਸਿੰਘ ਮਾਨ ਜਿਨ੍ਹਾਂ ਖੁਦ 2014 ਵਿੱਚ ਦੋ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਰਿਕਾਰਡ ਬਣਾਇਆ ਸੀ, ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਮੀਤ ਹੇਅਰ 2014 ਦਾ ਰਿਕਾਰਡ ਤੋੜ ਕੇ ਜਿੱਤ ਦੇ ਫਰਕ ਨੂੰ ਹੋਰ ਵਧਾਉਣਗੇ।
ਮੀਤ ਹੇਅਰ ਨੇ ਕਿਹਾ ਕਿ ਉਹ ਪਾਰਟੀ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਦੇ ਧੰਨਵਾਦੀ ਹਨ, ਜਿਨ੍ਹਾਂ ਉਨ੍ਹਾਂ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਅਤੇ ਬਹੁਤ ਵੇਲੇ ਸਿਰ ਟਿਕਟ ਦਾ ਐਲਾਨ ਕੀਤਾ। ਜਿਸ ਨਾਲ ਉਹ ਹੁਣ ਤੱਕ ਚੋਣ ਪ੍ਰਚਾਰ ਦੌਰਾਨ ਸੰਗਰੂਰ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚ ਘੱਟੋ-ਘੱਟ 5 ਵਾਰ ਗੇੜਾ ਲਗਾ ਚੁੱਕੇ ਹਨ। ਵੋਟਾਂ ਤੱਕ ਸੰਗਰੂਰ ਦਾ ਇਕ ਵੀ ਪਿੰਡ, ਸ਼ਹਿਰ ਇਥੋਂ ਤੱਕ ਕਿ ਬੂਥ ਵੀ ਅਜਿਹਾ ਨਹੀਂ ਹੋਵੇਗਾ। ਜਿੱਥੋਂ ਦੇ ਵਸਨੀਕਾਂ ਨਾਲ ਉਨ੍ਹਾਂ ਸਿੱਧਾ ਰਾਬਤਾ ਕਾਇਮ ਨਾ ਕੀਤਾ ਹੋਵੇ। ਮੀਤ ਹੇਅਰ ਨੇ ਵਿਰੋਧੀ ਉਮੀਦਵਾਰਾਂ ਨੂੰ ਇਹ ਵੀ ਚੁਣੌਤੀ ਦਿੱਤੀ ਹੈ ਕਿ ਉਸ ਦੀ ਇਮਾਨਦਾਰੀ ਉਤੇ ਕੋਈ ਉਂਗਲ ਨਹੀਂ ਉਠਾ ਸਕਦਾ।
ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਬਾਕੀ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਸੰਗਰੂਰ ਤੋਂ ਬਾਹਰੋਂ ਲਿਆਂਦੇ ਹਨ। ਉੱਥੇ ਆਪ ਨੇ ਸੰਗਰੂਰ ਦੇ ਹੀ ਲੋਕਲ ਉਮੀਦਵਾਰ ਨੂੰ ਟਿਕਟ ਦਿੱਤੀ ਹੈ। ਜਿਸ ਦਾ ਮੀਤ ਹੇਅਰ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਤ ਹੇਅਰ ਆਪਣੇ ਵੱਲੋਂ ਕੀਤੇ ਕੰਮਾਂ ਅਤੇ ਪੰਜਾਬ ਸਰਕਾਰ ਦੀਆਂ ਦੋ ਸਾਲ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਹਿਜ਼ ਦੋ ਸਾਲਾਂ ਵਿੱਚ ਹਰ ਘਰ ਨੂੰ 600 ਯੂਨਿਟ ਮੁਫਤ ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਿਸਾਨਾਂ ਨੂੰ ਨਿਰੰਤਰ ਤੇ ਨਿਰਵਿਘਨ ਬਿਜਲੀ, ਫਸਲਾਂ ਦਾ ਮੰਡੀਕਰਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ, ਤੀਰਥ ਬੱਸ ਯਾਤਰਾ, ਟੋਲ ਪਲਾਜ਼ੇ ਬੰਦ ਕਰਨੇ, ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਵੱਡੇ ਕੰਮ ਕੀਤੇ ਹਨ।
ਐਮ.ਐਲ.ਏਜ਼ ਨੇ ਦਾਅਵਾ ਕੀਤਾ ਕਿ ਮੀਤ ਹੇਅਰ ਨੇ ਬਤੌਰ ਕੈਬਨਿਟ ਮੰਤਰੀ ਸੂਬੇ ਵਿੱਚ ਖੇਡ ਤੇ ਖਿਡਾਰੀ ਪੱਖੀ ਖੇਡ ਨੀਤੀ ਬਣਾਈ ਜਿਸ ਨਾਲ ਪੰਜਾਬ ਦੇ ਖਿਡਾਰੀਆਂ ਨੇ ਏਸ਼ੀਅਨ ਗੇਮਜ਼ ਵਿੱਚ ਸਾਰੇ ਰਿਕਾਰਡ ਤੋੜੇ, ਖੇਡ ਨਰਸਰੀਆਂ ਦੀ ਸਥਾਪਨਾ, ਟੇਲਾਂ ਤੱਕ ਪਾਣੀ ਪਹੁੰਚਾਣਾ, ਨਵੀ ਨਹਿਰ ਦੀ ਯੋਜਨਾ ਅਤੇ ਬੰਦ ਪਏ ਖਾਲੀ ਸ਼ੁਰੂ ਕਰਵਾਉਣਾ, ਪੰਜਾਬੀ ਭਾਸ਼ਾ ਨੂੰ ਮਹੱਤਤਾ ਦਿੰਦਿਆਂ ਬੋਰਡਾਂ ਉਪਰ ਪੰਜਾਬੀ ਭਾਸ਼ਾ ਲਿਖਣਾ ਆਦਿ ਪ੍ਰਮੁੱਖ ਕੰਮ ਕੀਤੇ। ਇਸ ਤੋਂ ਇਲਾਵਾ ਮੀਤ ਹੇਅਰ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਵੀ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਅਤੇ ਐਸ.ਵਾਈ.ਐਲ. ਦੇ ਹੱਕ ਵਿੱਚ ਦਲੀਲਾਂ ਸਹਿਤ ਡਟ ਕੇ ਪਹਿਰਾ ਦਿੱਤਾ ਅਤੇ ਮਹਿਲਾ ਪਹਿਲਵਾਨਾਂ ਦੇ ਸੋਸ਼ਣ ਖਿਲਾਫ ਜ਼ੋਰਦਾਰ ਤਰੀਕੇ ਨਾਲ ਆਵਾਜ਼ ਬੁਲੰਦ ਕੀਤੀ ਹੈ। ਬਰਨਾਲਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਲਈ ਥਾਪਰ ਮਾਡਲ ਉਪਰ ਛੱਪੜਾਂ ਦਾ ਨਵੀਨੀਕਰਨ ਕੀਤਾ ਅਤੇ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਸੱਭਿਆਚਾਰ ਪੈਦਾ ਕੀਤਾ।