ਪਨਸੀਡ ਤੇ ਏ ਟੂ ਜੈੱਡ ਕੰਪਨੀ ਮਿਲੀਭੁਗਤ ਕਰਕੇ ਵਿਭਾਗ ਨੂੰ ਲਾ ਰਹੇ ਨੇ ਮੋਟਾ ਰਗੜਾ !
ਹਰਿੰਦਰ ਨਿੱਕਾ, ਚੰਡੀਗੜ੍ਹ 11 ਮਈ 2024
ਸੂਬਾ ਸਰਕਾਰ ਦੇ ਬਦਲਾਅ ਦੀ ਇੱਕ ਹੋਰ ਝਲਕ ਵੀ, ਬਾਹਰ ਨਿੱਕਲ ਕੇ ਆ ਰਹੀ ਹੈ, ਜੀ ਹਾਂ ! ਪੰਜਾਬ ਰਾਜ ਬੀਜ ਨਿਗਮ ਐੱਸ ਏ ਐੱਸ ਨਗਰ ਮੋਹਾਲੀ ਵੱਲੋਂ ਨੇ ਨੌਕਰੀ ਦੀ ਉਮਰ ਲੰਘਾ ਚੁੱਕੇ 74 ਸਾਲਾਂ ਤੱਕ ਬੁੱਢਿਆਂ ਨੂੰ ਵੀ ਨੌਕਰੀ ਤੇ ਰੱਖਿਆ ਹੋਇਆ ਹੈ। ਲੰਘੇ ਕਈ ਦਿਨਾਂ ਤੋਂ ਲਗਾਤਾਰ ਆਪਣੇ ਗੈਰਕਾਨੂੰਨੀ ਕੰਮਾਂ ਅਤੇ ਘਪਲਿਆਂ ਨੂੰ ਲੈ ਕੇ ਚਰਚਾ ਵਿਚ ਚੱਲ ਰਹੇ, ਬੀਜ ਨਿਗਮ ਦਾ ਇੱਕ ਹੋਰ ਕਾਰਨਾਮਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਪੰਜਾਬ ਰਾਜ ਬੀਜ ਨਿਗਮ ਦੀਆਂ ਉੱਧੜ ਰਹੀਆਂ ਪਰਤਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵਿਭਾਗ ਅੰਦਰ ਆਊਟਸੋਰਸ ਰਾਹੀਂ ਭਰਤੀ ਹੋਏ ਅਫਸਰਾਂ ਅਤੇ ਸਿਆਸੀਆਂ ਦਬਦਬੇ ਹੇਠ ਐੱਮ ਡੀ ਤੱਕ ਦੇ ਅਹੁਦਿਆਂ ਦੀਆਂ ਕੁਰਸੀਆਂ ਮੱਲੀ ਬੈਠੇ ਅਧਿਕਾਰੀ ਪੰਜਾਬ ਰਾਜ ਬੀਜ ਨਿਗਮ ਨੂੰ ਘੁਣ ਵਾਂਗ ਖਾ ਰਹੇ ਹਨ । ਇਹ ਉਹ ਮਹਿਕਮਾ ਹੈ, ਜਿਸ ਦਾ ਚੇਅਰਮੈਨ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀਆਂ ਵਿੱਚੋਂ ਇੱਕ ਐ ਤੇ ਇਸ ਨੂੰ ਲੋਕ ਸਭਾ ਹਲਕਾ ਸੰਗਰੂਰ ਵਿੱਚ ਆਉਂਦੇ ਸੰਗਰੂਰ ਜਿਲ੍ਹੇ ‘ਚ ਪੈਂਦੇ ਵਿਧਾਨ ਸਭਾ ਹਲਕਿਆਂ ਦੀ ਕਮਾਨ ਸੌਂਪੀ ਗਈ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਨਸੀਡ ਦਾ ਥਾਪਿਆ ਚੇਅਰਮੈਨ , ਆਪਣੇ ਮਹਿਕਮੇ ਵਿੱਚ ਹੋ ਰਹੀਆਂ ਗੜਬੜੀਆਂ ਤੇ ਘੁਟਾਲਿਆਂ ਖਿਲਾਫ ਕੋਈ ਐਕਸ਼ਨ ਲੈਣ ਦੀ ਬਜਾਏ, ਇੱਨਾਂ ਤੋਂ ਮੂੰਹ ਮੋੜੀ ਬੈਠਾ ਹੈ। ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸੇਰੋਂ ਨੇ ਹਾਲੇ ਤੱਕ ਪਨਸੀਡ ਵਿਭਾਗ ਦੇ ਕਿਸੇ ਵੀ ਘੁਟਾਲੇ ਅਤੇ ਬੇਨਿਯਮੀਆਂ ਬਾਰੇ ਆਪਣੀ ਚੁੱਪ ਵੀ ਨਹੀਂ ਤੋੜੀ । ਇਹ ਚੁੱਪ, ਵੀ ਕਈ ਤਰਾਂ ਦੇ ਸੁਆਲ ਖੜ੍ਹੇ ਕਰਦੀ ਹੈ। ਪਨਸੀਡ ਦੇ ਰੈਗੂਲਰ ਕਰਮਚਾਰੀ ਨੂੰ ਛੱਡ ਕੇ ਆਊਟਸੋਰਸ ਰਾਹੀ ਭਰਤੀ ਹੋਏ ਅਫ਼ਸਰ, ਆਪਣੇ ਦੋਵੇਂ ਹੱਥੀਂ ਲੱਡੂ ਰੱਖ ਰਹੇ ਹਨ ਅਤੇ ਆਪਣੀਆਂ ਮਨਮਰਜੀਆਂ ਨਾਲ ਪਨਸੀਡ ਵਿਚ ਵੱਡੇ ਪੱਧਰ ਦੇ ਘਪਲੇ ਕਰਨ ਦੇ ਜੁਗਾੜ ਲਗਾ ਰਹੇ ਹਨ। ਘਪਲਿਆਂ ਨੂੰ ਅੰਜਾਮ ਦੇਣ ਵਾਲੇ ਬਹੁਤੇ ਅਫਸਰ ਅਤੇ ਸਟਾਫ ਇੱਕ ਏ ਟੂ ਜੈੱਡ ਕੰਪਨੀ ਦੀ ਚੋਰ ਮੋਰੀ ਰਾਹੀਂ ਪਨਸੀਡ ਵਿਚ ਦਾਖਲ ਹੋਏ ਹੈ।
ਭਰੋਸੇਯੋਗ ਸੂਤਰਾਂ ਮੁਤਾਬਕ ਪਨਸੀਡ ਦੇ ਕੁਝ ਅਧਿਕਾਰੀਆਂ ਨੇ ਆਪਣੇ ਨਿੱਜੀ ਫਾਇਦੇ ਅਤੇ ਹਰ ਕੰਮ ਵਿਚੋਂ ਮੋਟਾ ਕਮਿਸ਼ਨ ਬਣਾਉਣ ਲਈ ਮੈਸ. ਏ ਟੂ ਜੈੱਡ ਸਰਵਿਸ ਸ਼ਾਪ ਨੰ. 123, ਪਿੰਡ ਬਢੇਰੀ ਸੈਕਟਰ 41 ਡੀ ਚੰਡੀਗੜ੍ਹ ਰਾਹੀਂ ਸਾਰੇ ਸਰਕਾਰੀ ਸੰਵਿਧਾਨਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਬਲਦੀਪ ਸਿੰਘ ਬੀਜ ਉਤਪਾਦਨ ਅਫਸਰ ਨੇ 1952 ਵਿਚ ਜਨਮੇ ਸ਼ਮਸੇਰ ਸਿੰਘ ਉਮਰ 74 ਸਾਲ, 1950 ਵਿਚ ਜਨਮੇ ਜੇ ਕੇ ਦੀਕਸ਼ਤ ਉਮਰ 76 ਸਾਲ ਨੂੰ ਪਨਸੀਡ ਵਿਚ ਆਊਟਸੋਰਸ ਰਾਹੀਂ ਭਰਤੀ ਕੀਤਾ ਹੋਇਆ ਹੈ।
ਸਰਕਾਰੀ ਨਿਯਮ ਕੀ ਕਹਿੰਦੇ ਹਨ:
ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਕੋਈ ਵੀ ਕੰਮ ਦਾ ਠੇਕਾ ਜੋ ਕਿ 5 ਲੱਖ ਤੋਂ ਉੱਪਰ ਹੈ। ਉਸ ਦਾ ਠੇਕਾ ਪ੍ਰੌਪਰ ਨਿਯਮਾਂ ਅਨੁਸਾਰ ਈ ਟੈਂਡਰਿੰਗ ਰਾਹੀਂ ਦਿੱਤਾ ਜਾਂਦਾ ਹੈ । ਪਨਸੀਡ ਵੱਲੋਂ 90 ਲੱਖ ਸਾਲਨਾ ਤਨਖਾਹ ਆਊਟਸੋਰਸ ਮੁਲਾਜ਼ਮ ਨੂੰ ਏ ਟੂ ਜੈੱਡ ਕੰਪਨੀ ਰਾਹੀ ਦਿੱਤੀ ਜਾਂਦੀ ਹੈ ।ਜਿਸ ਸਬੰਧੀ ਕੋਈ ਈ ਟੈਂਡਰ ਪ੍ਰਣਾਲੀ ਨਹੀਂ ਅਪਣਾਈ ਜਾਂਦੀ ਹੈ। ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਪਨਸੀਡ ਤੇ ਉਕਤ ਕੰਪਨੀ ਮਿਲ ਜੁਲ ਕੇ ਢੱਕੀ ਹੀ ਰਿੰਨ੍ਹੀ ਜਾ ਰਹੇ ਹਨ। ਸਰਕਾਰੀ ਨਿਯਮਾਂ ਅਨੁਸਾਰ 58 ਸਾਲ ਤੋਂ ਵੱਧ ਉਮਰ ਦਾ ਕੋਈ ਵਿਅਕਤੀ ਨੌਕਰੀ ਕਰਨ ਦੇ ਯੋਗ ਨਹੀਂ ਮੰਨਿਆ ਜਾਂਦਾ ਹੈ। ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰਬਰ 22/2/2012-3ਐੱਫਪੀ2/263-267 ਮਿਤੀ 02-03-2020 ਅਤੇ ਪੱਤਰ ਨੰਬਰ 10/80/2016-3ਐੱਫਪੀ2/1383693/1 ਮਿਤੀ 01-01-2019 ਵਿਚ ਪੰਜਾਬ ਸਿਵਲ ਸਰਵਿਸ ਰੂਲਜ਼ ਵੋਲੀਅਮ 1 ਪਾਰਟ 1 ਅਤੇ ਸੋਧ ਰੂਲ 3.26 (ਏ) ਤਹਿਤ ਗਰੁੱਪ ਏ, ਬੀ, ਸੀ ਦੀ ਪੋਸਟ ਲਈ ਉਮਰ ਹੱਦ 58 ਸਾਲ ਅਤੇ ਗਰੁੱਪ ਡੀ ਦੀ ਪੋਸਟ ਲਈ ਉਮਰ ਸੀਮਾ 60 ਸਾਲ ਹੈ।
ਪਰੰਤੂ ਪਨਸੀਡ ਦੇ ਆਊਟਸੋਰਸ ਬੀਜ ਉਤਪਾਦਨ ਅਫਸਰ ਬਲਦੀਪ ਸਿੰਘ ਨੇ ਕਥਿਤ ਤੌਰ ਪਰ ਏ ਟੂ ਜੈੱਡ ਕੰਪਨੀ ਦੇ ਮਾਲਕ ਨਾਲ ਮਿਲੀਭੁਗਤ ਕਰਕੇ ਪਨਸੀਡ ਵਿਭਾਗ ਵਿਚ ਗਲਤ ਕੰਮਾਂ ਨੂੰ ਅੰਜਾਮ ਦੇਣ ਅਤੇ ਕਮਿਸ਼ਨ ਬਣਾਉਣ ਲਈ ਇਨ੍ਹਾਂ 74 ਅਤੇ 76 ਸਾਲ ਦੇ ਬਜ਼ੁਰਗਾਂ ਨੂੰ ਵੀ ਭਰਤੀ ਕੀਤਾ ਹੋਇਆ ਹੈ ਤਾਂ ਜੋ ਭਵਿੱਖ ਵਿੱਚ ਕੋਈ ਘਪਲਾ ਸਾਹਮਣੇ ਆਉਂਦਾ ਹੈ ਤਾਂ ਇਨ੍ਹਾਂ ਬਜ਼ੁਰਗਾਂ ‘ਤੇ ਕਾਰਵਾਈ ਦੀ ਗਾਜ ਸੁੱਟੀ ਜਾ ਸਕੇ।
ਪਨਸੀਡ ਅਤੇ ਏ ਟੂ ਜੈੱਡ ਕੰਪਨੀ ਦੀ ਹੋਵੇ ਜਾਂਚ:
ਬਲਦੀਪ ਸਿੰਘ ਬੀਜ ਉਤਪਾਦਨ ਅਫਸਰ ਜੋ ਕਿ ਆਊਟਸੋਰਸ ਰਾਹੀਂ ਉਕਤ ਕੰਪਨੀ ਰਾਹੀਂ ਪਨਸੀਡ ਵਿਚ ਭਰਤੀ ਹੋਇਆ ਹੈ ।ਬਾਅਦ ਵਿਚ ਦੋ ਬਜੁਰਗ ਵੀ ਉਕਤ ਕੰਪਨੀ ਰਾਹੀਂ ਭਰਤੀ ਕੀਤੇ ਗਏ ਹਨ । ਜੋ ਕਿ ਇੱਕ ਡੂੰਘੀ ਜਾਂਚ ਦਾ ਵਿਸ਼ਾ ਹੈ। ਲੋਕ ਚਰਚਾ ਹੋ ਰਹੀ ਹੈ ਕਿ ਕੀ, ਇਮਾਨਦਾਰੀ ਦਾ ਹੋਕਾ ਦੇਣ ਵਾਲੀ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਇਸ ਮਾਮਲੇ ਵਿਚ ਉੱਚਿਤ ਕਾਰਵਾਈ ਕਰਕੇ ਆਪਣੀ ਇਮਾਨਦਾਰੀ ਸਿੱਧ ਕਰੇਗੀ ਜਾਂ ਫਿਰ ਪਹਿਲੀਆਂ ਸਰਕਾਰ ਵਾਂਗ ਅੱਖਾਂ ਮੀਚ ਕੇ ਸਭ ਕੁਝ ਅੱਖੋਂ ਪਰੋਖੇ ਕਰ ਦੇਵੇਗੀ । ਇਸ ਮਾਮਲੇ ਵਿਚ ਕੰਪੇਨ ਅਗੈਂਸਟ ਕੁਰੱਪਸ਼ਨ ਕੌਂਸ਼ਲ ਹਿੰਦੋਸਤਾਨ ਦੇ ਯੂ ਟੀ ਚੰਡੀਗੜ੍ਹ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵੱਖ-ਵੱਖ ਅਖਬਾਰਾਂ ਦੀਆਂ ਕਾਪੀਆਂ ਲੈ ਕੇ ਇੱਕ ਲਿਖਤੀ ਸ਼ਿਕਾਇਤ ਪੰਜਾਬ ਸਰਕਾਰ ਅਤੇ ਵਿਜ਼ੀਲੈੱਸ ਬਿਊਰੋ ਵਿਭਾਗ ਪੰਜਾਬ ਨੂੰ ਕਰ ਰਹੇ ਹਨ। ਤਾਂਕਿ ਬੇਨਿਯਮੀਆਂ ਤੇ ਘਪਲਿਆਂ ਵਿੱਚ ਸ਼ਾਮਿਲ ਅਫਸਰਾਂ ਨੂੰ ਕਾਨੂੰਨ ਦੀ ਕੁੜਿੱਕੀ ਵਿੱਚ ਫਸਾਇਆ ਜਾ ਸਕੇ।