ਪੁਲਿਸ ਤਫਤੀਸ਼ ਦੌਰਾਨ ਐਨ.ਡੀ.ਪੀ.ਐਸ. ਐਕਟ ‘ਦੀ ਤੈਅ ਪ੍ਰਕਿਰਿਆ ਪੂਰੀ ਨਾ ਕਰਨ ਦੀਆਂ ਖਾਮੀਆਂ ਤੇ ਵਕੀਲਾਂ ਨੇ ਖੜ੍ਹੇ ਕੀਤੇ ਸੁਆਲ…
ਹਰਿੰਦਰ ਨਿੱਕਾ, ਬਰਨਾਲਾ 8 ਮਈ 2024
ਐਨ.ਡੀ.ਪੀ.ਐਸ. ਐਕਟ ‘ਚ ਤੈਅ ਪ੍ਰਕਿਰਿਆ ਪੂਰੀ ਨਾ ਕਰਨ ਕਾਰਣ, ਬਰਨਾਲਾ ਪੁਲਿਸ ਨੂੰ ਸ਼ੈਸ਼ਨ ਜੱਜ ਦਪ ਅਦਾਲਤ ਵਿੱਚ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ । ਨਤੀਜੇ ਵਜੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਦੋ ਦੋਸ਼ੀਆਂ ਦੇ ਵਕੀਲਾਂ ਨੇ ਪੁਲਿਸ ਤਫਤੀਸ਼ ਦੀਆਂ ਖਾਮੀਆਂ ਨੂੰ ਉਧੇੜਦਿਆਂ ਉਲਟਾ ਤਫਤੀਸ਼ ਅਫਸਰਾਂ ਨੂੰ ਹੀ ਕਟਿਹਰੇ ਵਿੱਖ ਖੜ੍ਹਾ ਕਰ ਲਿਆ। ਆਖਿਰ ਮਾਨਯੋਗ ਸਪੈਸ਼ਲ ਅਦਾਲਤ ਦੇ ਸ਼ੈਸ਼ਨ ਜੱਜ ਕਪਿਲ ਦੇਵ ਸਿੰਗਲਾ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਠੋਸ ਦਲੀਲਾਂ ਸੁਣਨ ਉਪਰੰਤ ਨਾਮਜ਼ਦ ਦੋਸ਼ੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਕੇਸ ਵਿੱਚ ਨਾਮਜ਼ਦ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਹਾਈਕੋਰਟ ਤੋਂ ਵੀ ਜਮਾਨਤ ਨਹੀਂ ਸੀ ਮਿਲ ਸਕੀ । ਜਿਸ ਕਾਰਣ ਉਨ੍ਹਾਂ ਨੇ ਤਿੰਨ ਵਰ੍ਹਿਆਂ ਤੋਂ ਜਿਆਦਾ ਸਮਾਂ ਜੇਲ੍ਹ ਵਿੱਚ ਹੀ ਬਿਤਾਇਆ।
ਕੀ ਹੈ ਪੂਰਾ ਮਾਮਲਾ ,ਕਿੰਨੀਂ ਡਰੱਗ & ਡਰੱਗ ਮਨੀ ਹੋਈ ਸੀ ਬਰਾਮਦ…
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਬਰਨਾਲਾ ਵਿਖੇ ਤਾਇਨਾਤ ਏ.ਐਸ.ਆਈ. ਜਗਰੂਪ ਸਿੰਘ ਵਗੈਰਾ ਦੀ ਅਗਵਾਈ ਵਿੱਚ ਬੱਸ ਸਟੈਂਡ ਚੀਮਾ ਵਿਖੇ ਤਾਇਨਾਤ ਪੁਲਿਸ ਪਾਰਟੀ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਨਿਰਮਲ ਸਿੰਘ ਨਿੰਮਾ ਪੁੱਤਰ ਗੁਰਤੇਜ ਸਿੰਘ ਮਹਿਤਾ ਅਤੇ ਮਨਜੀਤ ਸਿੰਘ ਮੰਨਾ ਪੁੱਤਰ ਗੁਰਜੰਟ ਸਿੰਘ ਜੰਟਾ ਵਾਸੀ ਪਿੰਡ ਭੂੰਦੜ ਬਾਹਰੋਂ ਲਿਆ ਕੇ ਟੱਲੇਵਾਲ ਖੇਤਰ ਨੇੜਲੇ ਪਿੰਡਾਂ ਬਖਤਗੜ/ਮੱਲੀਆਂ ਅਤੇ ਚੂੰਘਾ ਆਦਿ ਥਾਵਾਂ ਤੇ ਨਸ਼ੀਲੀਆਂ ਗੋਲੀਆ ਚਿੱਟਾ ਪਾਉੂਡਰ ਵੇਚਦੇ ਹਨ। ਪੁਲਿਸ ਨੇ ਭਰੋਸੇਯੋਗ ਇਤਲਾਹ ਦੇ ਅਧਾਰ ਪਰ, ਦੋਵਾਂ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਬਰਨਾਲਾ ਵਿਖੇ 22/4/2021 ਨੂੰ ਐਨ.ਡੀ.ਪੀ.ਐਸ. ਐਕਟ ਦੀ ਸੈਕਸ਼ਨ 21/22/61/85 ‘ ਤਹਿਤ ਕੇਸ ਦਰਜ ਕਰਕੇ, ਚੀਮਾ ਮੇਨ ਰੋਡ ਤੇ ਜੋਧਪੁਰ ਸਾਇਡ ਤੋਂ ਚਿੱਟੇ ਰੰਗ ਦੀ ਸਿਵਫਟ ਕਾਰ ਵਿੱਚ ਸਵਾਰ ਹੋ ਕੇ ਜ਼ਾ ਰਹੇ ਦੋਵਾਂ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਸੀ। ਪੁਲਿਸ ਮੁਤਾਬਿਕ ਦੋਵਾਂ ਦੋਸ਼ੀਆਂ ਦੇ ਕਬਜੇ ਵਿੱਚੋਂ 20 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਾਊਡਰ ਪੱਖੋ ਕੈਂਚੀਆਂ ਪੁਲਿਸ ਚੌਂਕੀ ਦੇ ਤਤਕਾਲੀ ਇੰਚਾਰਜ ਐਸ.ਆਈ. ਕਮਲਦੀਪ ਸਿੰਘ ਦੀ ਹਾਜ਼ਰੀ ਵਿੱਚ ਬਰਾਮਦ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਕੀਤੀ ਤਫਤੀਸ਼ ਸਮੇਂ ਦੋੳਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਇੱਕ ਦਰੱਖਤ ਹੇਠ ਦੱਬ ਕੇ ਰੱਖੀਆਂ 3015 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਅਤੇ 85 ਹਜ਼ਾਰ 100 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਸੀ।
ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਹੋਣ ਉਪਰੰਤ ਸ਼ੁਰੂ ਹੋਈ ਸੁਣਵਾਈ ਦੌਰਾਨ ਨਾਮਜ਼ਦ ਦੋਸ਼ੀਆਂ ਮਨਜੀਤ ਸਿੰਘ ਅਤੇ ਨਿਰਮਲ ਸਿੰਘ ਦੀ ਤਰਫੋਂ ਦੀ ਸੀਨੀਅਰ ਫੌਜਦਾਰੀ ਵਕੀਲ, ਐਡਵੋਕੇਟ ਰਾਹੁਲ ਗੁਪਤਾ ਅਤੇ ਐਡਵੋਕੇਟ ਐਨ.ਐਸ. ਬਰਾੜ ਪੇਸ਼ ਹੋਏ। ਬਚਾਉ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਜਿਸ ਏ.ਐਸ.ਆਈ. ਵੱਲੋਂ ਐਨ.ਡੀ.ਪੀ.ਐਸ. ਐਕਟ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ, ਉਹ ਪੱਕਾ ਏ.ਐਸ.ਆਈ. ਹੀ ਨਹੀਂ ਸੀ,, ਜਦੋਂਕਿ ਐਕਟ ਅਨੁਸਾਰ ਪੱਕਾ ਥਾਣੇਦਾਰ ਹੀ ਕੇਸ ਦੀ ਤਫਤੀਸ਼ ਅਤੇ ਕਾਰਵਾਈ ਕਰ ਸਕਦਾ ਹੈ। ਇਸੇ ਤਰਾਂ ਮੌਕਾ ਪਰ ਤਲਾਸ਼ੀ ਲੈਣ ਸਮੇਂ ਬੁਲਾਇਆ ਗਿਆ ਐਸ.ਆਈ. ਪੁਲਿਸ ਚੌਂਕੀ ਇੰਚਾਰਜ ਵੀ ਪ੍ਰੋਬੇਸ਼ਨਲ ਪੀਰੀਅਡ ਤੇ ਹੀ ਸੀ। ਵਕੀਲਾਂ ਨੇ ਮਾਨਯੋਗ ਅਦਾਲਤ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਗਿਆ ਕਿ ਐਨ.ਡੀ.ਪੀ.ਐਸ. ਐਕਟ ਦੀ ਸੈਕਸ਼ਨ 42 ਅਤੇ 50 ਦੀ ਪਾਲਣਾ ਵੀ ਤਫਤੀਸ਼ ਦੌਰਾਨ ਨਹੀਂ ਕੀਤੀ ਗਈ। ਇਸ ਤਰਾਂ ਤਫਤੀਸ਼ ਅਫਸਰਾਂ ਦੀ ਤਫਤੀਸ਼ ਵਿੱਚ ਕਾਫੀ ਹੋਰ ਟੈਕਨੀਕਲ ਖਾਮੀਆਂ ਹਨ। ਆਖਿਰ ਸਪੈਸ਼ਲ ਕੋਰਟ ਦੇ ਸ਼ੈਬਨ ਜੱਜ ਕਪਿਲ ਦੇਵ ਸਿੰਗਲਾ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਠੋਸ ਦਲੀਲਾਂ ਸੁਣਨ ਉਪਰੰਤ ਨਾਮਜ਼ਦ ਦੋਸ਼ੀਆਂ ਨੂੰ ਬਾਇੱਜਤ ਬਰੀ ਕਰ ਦਿੱਤਾ।