ਦਲਬੀਰ ਗੋਲਡੀ ਦੀ ਫੇਸਬੁੱਕ ਤੇ ਸਾਂਝੀ ਕੀਤੀ ਪੋਸਟ ਨੇ ਕਾਂਗਰਸੀਆਂ ਦੇ ਮੱਥੇ ਪਾ ਦਿੱਤੀਆਂ ਤਿਊੜੀਆਂ…
ਹਰਿੰਦਰ ਨਿੱਕਾ, ਸੰਗਰੂਰ 29 ਅਪ੍ਰੈਲ 2024
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਕਾਬਲੇ ਚੋਣ ਲੜ ਚੁੱਕੇ ਦਲਵੀਰ ਸਿੰਘ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ ? ਇਹ ਚਰਚਾ, ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹਿ ਚੁੱਕੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਕਰੀਬ 16 ਘੰਟੇ ਪਹਿਲਾਂ ਆਪਣੇ ਫੇਸਬੁੱਕ ਪੇਜ਼ ਤੇ ਸਾਂਝੀ ਕੀਤੀ ਪੋਸਟ ਤੋਂ ਬਾਅਦ ਰਾਜਸੀ ਹਲਕਿਆਂ ਵਿੱਚ ਛਿੜੀ ਹੈ। ਗੋਲਡੀ ਦੀ ਗੁੱਝੀ ਰਮਜ਼ ਵਾਲੀ ਇਹ ਪੋਸਟ ਨਾਲ, ਉਸ ਦੇ ਅੰਦਰ ਦਾ ਦਰਦ ,ਬੇਸੁਰੀ ਅਵਾਜ ‘ਚ ਆਪ ਮੁਹਾਰਾ ਬਾਹਰ ਛਲਕਿਆ ਹੈ। ਅਜਿਹਾ ਹੋਣ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਮੌਜੂਦਾ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਲਈ ਖਤਰੇ ਦਾ ਘੁੱਗੂ ਬੋਲਣ ਵਾਂਗ ਮਹਿਸੂਸ ਹੋ ਰਿਹਾ ਹੈ। ਗੋਲਡੀ ਦੀ ਪੋਸਟ ਨੇ, ਖਹਿਰੇ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰਨ ਵਾਲੇ ਕਾਂਗਰਸੀਆਂ ਦੇ ਮੱਥੇ ਤੇ ਤਿਊੜੀਆਂ ਲਿਆ ਦਿੱਤੀਆਂ ਹਨ। ਗੋਲਡੀ ਨੇ ਆਪਣੀ ਪੋਸਟ ਵਿੱਚ, ਸ਼ਾਇਰਾਨਾ ਅੰਦਾਜ ਵਿੱਚ ਆਪਣੇ ਅੰਦਰ ਦੇ ਹਾਵ ਭਾਵ ਪ੍ਰਗਟ ਕਰਦਿਆਂ ਕੁੱਝ ਇਉਂ ਲਿਖਿਆ ਹੈ:-
ਮੂਲ ਰੂਪ ‘ਚ ਧੂਰੀ ਹਲਕੇ ਦੇ ਰਹਿਣ ਵਾਲੇ ਐਨ.ਆਰ.ਆਈ. ਮਨਪ੍ਰੀਤ ਹੇਅਰ ਨੇ ਲਿਖਿਆ ਹੈ ਕਿ ਮੈਂ ਜਿੰਦਗੀ ਚ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ ਤੇ ਅਕਸਰ ਮੈਂ ਬਾਅਦ ‘ਚ ਕਦੇ ਸੋਚਦਾ ਨੀ ਹੁੰਦਾ ਵੀ ਜੋ ਹੋਣਾ ਸੀ ਹੋ ਗਿਆ, ਛੱਡ ਐਵੇਂ ਕੀ ਸੋਚਣਾ ਹੁਣ। ਪਰ ਇੱਕ ਗਲਤੀ ਦਾ ਪਛਤਾਵਾ ਮੈਂਨੂੰ ਬਹੁਤ ਜਿਆਦਾ ਰਹਿੰਦਾ ਉਹ ਗਲਤੀ ਆ 2022 ‘ਚ ਇੱਕ ਫੋਕੀ ਲਹਿਰ ਦੇ ਵਹਾਅ ‘ਚ ਗੋਲਡੀ ਬਾਈ ਦੇ ਉਲਟ ਜਾ ਕੇ ਭਗਵੰਤ ਮਾਨ ਨੂੰ ਵੋਟ ਪਾਉਣੀ। ਲੋਕਾਂ ‘ਚ ਲੀਡਰਾਂ ਨੂੰ ਲੈ ਕੇ ਆਮ ਧਾਰਨੈ ਕਿ ਇਹਨਾਂ ਦੀ ਜੁਬਾਨ ਨੀ ਹੁੰਦੀ। ਪਰ ਗੋਲਡੀ ਜੋ ਕਹਿੰਦਾ ਉਹਦੇ ਤੇ ਖੜ੍ਹਦਾ ਵੀ ਆ। ਫਿਰ ਭਲਾਂ ਕਿੰਨਾ ਮਰਜੀ ਘਾਟਾ ਸਹਿਣਾ ਪਵੇ। ਇਹ ਦੀ ਸਭ ਤੋਂ ਵੱਡੀ ਮਿਸਾਲ ਆ ਲੱਡੇ ਆਲਾ ਟੋਲ ਪਲਾਜਾ। ਗੋਲਡੀ ਨੇ ਲੋਕਾਂ ਨਾਲ 2017 ਚ ਵਾਅਦਾ ਕੀਤਾ ਸੀ ਕਿ ਜੇ ਜਿੱਤ ਗਿਆ ਤਾਂ ਟੋਲ ਪਲਾਜਾ ਪੱਟ ਦੇਣਾ, ਪਰ ਜਦੋਂ ਸਰਕਾਰ ਤੇ ਕੋਰਟ ਅੱਗੇ ਜੋਰ ਨਾ ਪੁੱਗਿਆ ਤਾਂ ਜੱਟ ਨੇ ਬਰਾਬਰ ਸੜਕ ਹੀ ਬਣਾ ਦਿੱਤੀ, ਉਹ ਵੀ ਆਵਦੀ ਜੇਬ ‘ਚੋਂ । ਮੈਨੂੰ ਯਾਦ ਆ 2019 ਚ ਟੋਲ ਪਲਾਜੇ ਵਾਲੇ ਬੇਨੜੇ ਆਲੇ ਪਟਰੋਲ ਪੰਪ ਕੋਲ ਆਵਦਾ ਬੂਥ ਲਾ ਕੇ ਕਾਰਾਂ ਨੂੰ ਓਧਰ ਦੀ ਜਾਣੋ ਹਟਾ ਰਹੇ ਸੀ ਤਾਂ ਕਿਸੇ ਨੇ ਗੋਲਡੀ ਬਾਈ ਦੇ ਦਫਤਰ ਫੋਨ ਕੀਤਾ ਤਾਂ ਬਾਈ ਸ਼ਾਇਦ ਬਰਨਾਲੇ ਵਾਲੀ ਸਾਇਡ ਗਿਆ ਹੋਇਆ ਸੀ। ਪਰ ਅੱਧੇ ਪੌਣੇ ਘੰਟੇ ‘ਚ ਮੌਕੇ ਤੇ ਆ ਕੇ ਟੋਲ ਪਲਾਜੇ ਆਲਿਆਂ ਨਾਲ ਟੱਕਰ ਲੈ ਲਈ ਤੇ ਬੂਥ ਚੁਕਾਇਆ। ਹੋਰ ਵੀ ਬਹੁਤ ਸਾਰੇ ਕੰਮ ਜੋ ਗੋਲਡੀ ਨੇ ਆਵਦੇ ਹਲਕੇ ਲਈ ਕੀਤੇ, ਪਰ 2022 ‘ਚ ਕੁੱਝ ਕੁ ਪਾਰਟੀ ਦੀਆਂ ਗਲਤੀਆਂ ਕਰਕੇ ਅਤੇ ਕੁੱਝ ਕੁ AAP ਦੇ ਫੋਕੇ ਦਾਅਵਿਆਂ ‘ਚ ਆ ਕੇ ਅਸੀਂ ਆਵਦੇ ਲੋਕਲ ਲੀਡਰ ਨੂੰ ਹੀ ਹਰਾ ਦਿੱਤਾ । ਬਾਅਦ ਵਿੱਚ ਬਹੁਤ ਅਫਸੋਸ ਹੋਇਆ ਤੇ ਮੇਰੇ ਵਰਗੇ ਹੋਰ ਵੀ ਬਹੁਤ ਹਨ ਜੋ ਪਛਤਾ ਰਹੇ ਹੋਣਗੇ । ਹੁਣ ਸਾਨੂੰ ਇੱਕ ਉਮੀਦ ਜਾਗੀ ਸੀ ਕਿ ਬਾਈ ਨੂੰ MP ਬਣਾ ਕੇ ਭੇਜਾਂਗੇ, ਪਰ ਪਾਰਟੀ ਨੇ ਫਿਰ ਸਾਨੂੰ ਨਿਰਾਸ਼ ਕੀਤਾ। ਹੁਣ ਜਦੋਂ ਵੀ ਮੌਕਾ ਆਇਆ ਤਾਂ ਵਾਅਦਾ ਗੋਲਡੀ ਬਾਈ ਤੇਰੇ ਨਾਲ ਜਾਨ ਲਾ ਦਿਆਂਗੇ ਤੇਰੇ ਲਈ।