ਮਿਸ਼ਨ ਫਤਿਹ ਤਹਿਤ ਸਮੂਹ ਬੈਂਕਾ ਅੰਦਰ ਆਉਣ ਵਾਲੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਪ੍ਰਤੀ ਜਾਗਰੂਕ ਕੀਤਾ ਜਾਵੇ -ਡਿਪਟੀ ਕਮਿਸ਼ਨਰ
ਬੀਟੀਐਨ ਫ਼ਾਜ਼ਿਲਕਾ, 26 ਜੂਨ:2020
ਜ਼ਿਲਾ ਲੀਡ ਬੈਂਕ ਫ਼ਾਜ਼ਿਲਕਾ ਦੁਆਰਾ ਤਿਆਰ ਕੀਤੀ ਗਈ ਕਰਜ਼ਾ ਯੋਜਨਾ 2020-21 ਅੱਜ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਇਸ ਯੋਜਨਾ ਤਹਿਤ ਇਸ ਸਾਲ ਖੇਤੀ ਖੇਤਰ ਲਈ 4083.27 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਚੀਫ਼ ਮੈਨੇਜਰ, ਲੀਡ ਬੈਂਕ ਫ਼ਾਜ਼ਿਲਕਾ ਸ੍ਰੀ ਸ਼ਿਵ ਚਰਨ ਨੇ ਦੱਸਿਆ ਕਿ ਇਸ ਯੋਜਨਾ ਤਹਿਤ 5448.55 ਕਰੋੜ ਰੁਪਏ ਦੇ ਕਰਜ਼ੇ ਵੱਖ-ਵੱਖ ਖੇਤਰਾਂ ਵਿਚ ਬੈਂਕਾਂ ਵੱਲੋਂ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਤਰਜੀਹੀ ਖੇਤਰ ਵਿੱਚ 5056. 32 ਕਰੋੜ ਰੁਪਏ, ਉਦਯੋਗ ਖੇਤਰ ਲਈ 713.69 ਕਰੋੜ ਅਤੇ 505.6 ਕਰੋੜ ਦੇ ਟੀਚੇ ਸਰਕਾਰ ਵੱਲੋਂ ਗਰੀਬ, ਅਨੁਸੂਚਿਤ ਜਾਤੀ ਅਤੇ ਗ਼ਰੀਬੀ ਰੇਖਾ ਤੋਂ ਹੇਠ ਗੁਜ਼ਾਰਾ ਕਰ ਰਹੇ ਬੇਰੁਜ਼ਗਾਰ ਲੋਕਾਂ ਲਈ ਵੱਖ-ਵੱਖ ਸਪਾਂਸਰ ਸਕੀਮਾਂ ਲਈ ਮਿੱਥੇ ਗਏ ਹਨ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਹਰੇਕ ਲੋੜਵੰਦ ਲਾਭਪਾਤਰੀ ਨੂੰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਟੀਚੇ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਬੈਂਕ ਪੱਧਰ ’ਤੇ ਸਰਕਾਰੀ ਯੋਜਨਾਵਾਂ ਦਾ ਹਰੇਕ ਪਿੰਡ ਪੱਧਰ ’ਤੇ ਪ੍ਰਚਾਰ ਕੀਤਾ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਸਰਕਾਰ ਦੀਆਂ ਕਰਜ਼ਾ ਯੋਜਨਾਵਾਂ ਤੋਂ ਵਾਂਝਾ ਨਾ ਰਹੇ। ਉਨਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਕੋਵਿਡ 19 ਦੇ ਚੱਲ ਰਹੇ ਪ੍ਰਕੋਪ ਨੂੰ ਧਿਆਨ ’ਚ ਰੱਖਦਿਆਂ ਸਮੂਹ ਬੈਂਕਾ ਅੰਦਰ ਆਉਣ ਵਾਲੇ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਖੁਦ ਬੈਂਕ ਕਰਮਚਰੀ ਕੋਵਿਡ ਦੀਆਂ ਸਾਵਧਾਨੀਆਂ ਤੋਂ ਸੁਚੇਤ ਰਹਿਣ।
ਉਨਾਂ ਕਿਹਾ ਕਿ ਵੱਖ-ਵੱਖ ਖਿੱਤਿਆਂ ਵਿੱਚ ਕਰਜ਼ਾ ਪ੍ਰਾਪਤ ਕਰਨ ਦੇ ਲਈ ਮਨਜੂਰ ਕੇਸਾਂ ਨੂੰ ਪਹਿਲਕਦਮੀ ਨਾਲ ਨਜਿੱਠਿਆ ਜਾਵੇ। ਉਨਾਂ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਅਤੇ ਟੀਚਿਆਂ ’ਚ ਅਣਗਹਿਲੀ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਨਾਂ ਸਮੂਹ ਬੈਂਕ ਅਧਿਕਾਰੀਆਂ ਨੂੰ ਡੇਅਰੀ, ਉਦਯੋਗ, ਪਸ਼ੂ-ਪਾਲਣ, ਘਰ-ਘਰ ਰੋਜ਼ਗਾਰ ਯੋਜਨਾ ਆਦਿ ਲਈ ਲੋੜੀਂਦੇ ਕੇਸਾਂ ਨੂੰ ਪਹਿਲਕਦਮੀ ਨਾਲ ਨੇਪਰੇ ਚੜਾਉਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਬੈਂਕ ਗ਼ਰੀਬ ਅਤੇ ਲੋੜਵੰਦ ਬੇਰੁਜ਼ਗਾਰ ਵਿਅਕਤੀਆਂ ਦੀ ਮਦਦ ਕਰਦੇ ਰਹਿਣਗੇ। ਸਮੂਹ ਬੈਂਕਾਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹ ਸਰਕਾਰ ਦੀਆਂ ਉਮੀਦਾਂ ਤੇ ਪੂਰੇ ਉਤਰਨਗੇ ਅਤੇ ਉਨਾਂ ਵੱਲੋਂ ਸਾਲ 2020-21 ਲਈ ਮਿੱਥੇ ਟੀਚੇ ਪੂਰੇ ਕੀਤੇ ਜਾਣਗੇ।