ਅਸ਼ੋਕ ਵਰਮਾ, ਬਠਿੰਡਾ 4 ਅਪਰੈਲ 2024
34 ਦਿਨ ਪਹਿਲਾਂ ਇੱਕ ਨੌਜਵਾਨ ਨੂੰ ਅਗਵਾ ਕਰਕੇ 10 ਲੱਖ ਰੁਪਏ ਫਿਰੌਤੀ ਵਸੂਲਣ ਦੇ ਮਾਮਲੇ ’ਚ ਚਾਰ ਦਿਨ ਪਹਿਲਾਂ ਬਠਿੰਡਾ ਪੁਲਿਸ ਨੇ ਸੀਨੀਅਰ ਪੁਲਿਸ ਕਪਤਾਨ ਦੀਪਕ ਪਾਰੀਕ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇੱਕ ਔਰਤ ਸਣੇ ਤਿੰਨ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਪੁਲਿਸ ਦੇ ਹੱਥੇ ਚੜ੍ਹੇ ਮੁੰਡਿਆਂ ਦੀ ਉਮਰ 21 ਤੋਂ 34 ਸਾਲ ਦੀ ਹੈ ,ਜਦੋਂਕਿ ਉਨ੍ਹਾਂ ਦੀ ਸਹਿਯੋਗੀ ਔਰਤ ਕਰੀਬ 39 ਸਾਲ ਦੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੰਦੂ ਖੇੜਾ, ਲਵਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਤਰਮਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਕਿਰਨਾ ਪਤਨੀ ਵਰਿੰਂਦਰ ਸਿੰਘ ਵਾਸੀ ਕਮਲਾ ਨਹਿਰੂ ਕਲੋਨੀ ਬਠਿੰਡਾ ਦੇ ਤੌਰ ਤੇ ਕੀਤੀ ਗਈ ਹੈ।
ਅਗਵਾ ਹੋਇਆ ਨੌਜਵਾਨ ਫਾਇਨਾਂਸ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਅਗਵਾਕਾਰਾਂ ਨੇ ਪੀੜਤ ਪ੍ਰੀਵਾਰ ਤੋਂ ਮੁੰਡਾ ਛੱਡਣ ਬਦਲੇ 40 ਲੱਖ ਰੁਪਏ ਦੀ ਮੰਗ ਕੀਤੀ ਸੀ । ਪਤਾ ਲੱਗਿਆ ਹੈ ਕਿ ਪ੍ਰੀਵਾਰ ਨੇ ਦੋ ਦਿਨਾਂ ਦੌਰਾਨ 10 ਲੱਖ ਦੇ ਕੇ ਲੜਕਾ ਛੁਡਵਾ ਲਿਆ । ਖਾਸ ਤੱਥ ਹੈ ਕਿ ਅੱਜ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨ ਅਗਵਾ ਕੀਤੇ ਗਏ ਨੌਜਵਾਨ ਦੀ ਸ਼ਨਾਖਤ ਵੀ ਜਾਹਰ ਨਹੀਂ ਕੀਤੀ ਹੈ। ਐਸਐਸਪੀ ਬਠਿੰਡਾ ਦੀਪਕ ਪਾਰੀਕ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਸ ਅਗਵਾ ਕਾਂਡ ਦੇ ਹੱਲ ਹੋਣ ਸਬੰਧੀ ਖੁਲਾਸਾ ਕੀਤਾ ਅਤੇ ਇਸ ਮਾਮਲੇ ਨੂੰ ਸੁਲਝਾਉਣ ਵਾਲੀ ਪੁਲਿਸ ਪਾਰਟੀ ਦੀ ਪਿੱਠ ਵੀ ਥਾਪੜੀ। ਉਨ੍ਹਾਂ ਦੱਸਿਆ ਕਿ ਮਿਤੀ 1 ਮਾਰਚ 2024 ਨੂੰ ਇੱਕ ਲੜਕੇ ਨੂੰ ਅਣਪਛਾਤੇ ਵਿਅਕਤੀ ਅਗਵਾ ਕਰਕੇ ਲੈ ਗਏ ਸੀ ।
ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਨੇ ਪਰਿਵਾਰ ਤੋਂ ਲੜਕਾ ਸਹੀ ਸਲਾਮਤ ਛੱਡਣ ਬਦਲੇ ਫਿਰੌਤੀ 40 ਪੇਟੀਆਂ ਭਾਵ 40 ਲੱਖ ਰੁਪਏ ਦੀ ਮੰਗ ਕੀਤੀ ਸੀ । ਉਨ੍ਹਾਂ ਦੱਸਿਆ ਕਿ ਪ੍ਰੀਵਾਰ ਵੱਲੋਂ ਇਸ ਸਬੰਧ ’ਚ ਸੂਚਨਾ ਦੇਣ ਤੋਂ ਬਾਅਦ ਤੁਰੰਤ ਹਰਕਤ ’ਚ ਆਈ ਪੁਲਿਸ ਨੇ ਕਾਰਵਾਈ ਕਰਦਿਆਂ ਥਾਣਾ ਥਰਮਲ ’ਚ ਮੁਕੱਦਮਾ ਨੰਬਰ- 38 ਧਾਰਾ 364 ਏ, 34 ਹਿੰ.ਦੰ. ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਐੱਸ.ਪੀ (ਇੰਨਵੈਸਟੀਗੇਸ਼ਨ) ਅਜੈ ਗਾਂਧੀ , ਡੀ.ਐੱਸ.ਪੀ (ਇੰਨਵੈਸਟੀਗੇਸ਼ਨ) ਬਠਿੰਡਾ ਰਾਜੇਸ਼ ਕੁਮਾਰ ਡੀ.ਐਸ.ਪੀ ( ਸਿਟੀ-2 ) ਸਰਬਜੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ 1 ਅਤੇ 2 ਅਤੇ ਮੁੱਖ ਅਫਸਰ ਥਾਣਾ ਸਿਵਲ ਲਾਈਂਨਜ਼ ਬਠਿੰਡਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤਫਤੀਸ਼ ਦੌਰਾਨ ਤਕਨੀਕੀ ਅਤੇ ਹੋਰ ਕਈ ਤਰਾਂ ਦੀ ਜਾਣਕਾਰੀ ਦੇ ਅਧਾਰ ਤੇ ਅਗਵਾ ਕਰਨ ਵਾਲੇ ਮੁਲਜਮਾਂ ਦਾ ਪਤਾ ਲਾਉਣ ਮਗਰੋਂ ਉਨ੍ਹਾਂ ਨੂੰ ਨਾਮਜਦ ਕਰ ਲਿਆ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਧਾਰਾ 120 ਬੀ ਆਈ ਪੀ ਸੀ ਦਾ ਵਾਧਾ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਭ ਤੋਂ ਵੱਡੀ ਤਰਜੀਹ ਪੀੜਤ ਦੀ ਸੁਰੱਖਿਆ ਸੀ। ਜਿਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਗਿਆ ਅਤੇ ਕਮਲਾ ਨਹਿਰੂ ਕਲੋਨੀ ਬਠਿੰਡਾ ਤੋਂ ਮਨਿੰਦਰ ਸਿੰਘ,ਲਵਪ੍ਰੀਤ ਸਿੰਘ ਅਤੇ ਕਿਰਨਾ ਨੂੰ ਕਾਬੂ ਕਰਕੇ ਇੰਨ੍ਹਾਂ ਤੋਂ 10 ਲੱਖ ਰੁਪਏ, ਮੋਬਾਇਲ ਫੋਨ, ਪਿਸਤੌਲਨੁਮਾ ਲਾਈਟਰ,ਕਾਰ ਸਵਿੱਫਟ ਬਰਾਮਦ ਕਰਨ ’ਚ ਸਫਲਤਾ ਹਾਸਲ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਅਗਵਾ ਕਾਂਡ ’ਚ ਸ਼ਾਮਲ ਇੱਕ ਵਿਅਕਤੀ ਫਿਲਹਾਲ ਹਾਲੇ ਵੀ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਚੌਥੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਏਗਾ ਅਤੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ । ਪੁਲਿਸ ਅਨੁਸਾਰ ਮਨਿੰਦਰ ਸਿੰਘ ਉਰਫ ਗੋਰਾ ਪੁੱਤਰ ਕੁਲਦੀਪ ਸਿੰਘ ਵਾਸੀ ਕੰਦੂ ਖੇੜਾ ਦੀ ਉਮਰ ਕਰੀਬ 24 ਸਾਲ ਹੈ ਜਦੋਂਕਿ ਲਵਪ੍ਰੀਤ ਸਿੰਘ ਉਰਫ ਪ੍ਰੀਤ ਵਾਸੀ ਪਿੰਡ ਤਰਮਾਲਾ ਦੀ ਉਮਰ ਕਰੀਬ 21 ਸਾਲ ਅਤੇ ਦੋਵੇਂ ਖੇਤੀਬਾੜੀ ਕਰਦੇ ਹਨ। ਇਸੇ ਤਰਾਂ ਕਿਰਨਾ ਪਤਨੀ ਵਰਿੰਦਰ ਸਿੰਘ ਵਾਸੀ ਕਮਲਾ ਨਹਿਰੂ ਕਲੋਨੀ ਬਠਿੰਡਾ ਦੀ ਉਮਰ ਕਰੀਬ 39 ਸਾਲ ਅਤੇ ਘਰੇਲੂ ਕੰਮ ਕਰਦੀ ਹੈ।