ਜ਼ਿਲ੍ਹਾ ਚੋਣ ਅਫ਼ਸਰ ਨੇ ਤਿੰਨੋਂ ਵਿਧਾਨ ਸਭਾ ਹਲਕਿਆਂ ਦੀਆਂ ਟੀਮਾਂ ਨੂੰ ਮੁਸਤੈਦ ਰਹਿਣ ਦੇ ਹੁਕਮ
ਰਘਵੀਰ ਹੈਪੀ, ਬਰਨਾਲਾ, 2 ਅਪ੍ਰੈਲ 2024
ਜ਼ਿਲ੍ਹਾ ਬਰਨਾਲਾ ਦੇ ਖੇਤਰ ਅਧੀਨ ਆਉਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ – ਬਰਨਾਲਾ, ਮਹਿਲ ਕਲਾਂ ਅਤੇ ਭਦੌੜ – ਦੀਆਂ ਚੋਣ ਸਬੰਧੀ ਟੀਮਾਂ ਨੂੰ ਚੋਣਾਂ ‘ਚ ਕੈਸ਼, ਸੋਨਾ/ ਚਾਂਦੀ, ਸ਼ਰਾਬ ਆਦਿ ਜ਼ਬਤ ਕਰਨ ਅਤੇ ਉਸ ਦੇ ਵੇਰਵੇ ਚੋਣ ਕਮਿਸ਼ਨ ਨੂੰ ਭੇਜਣ ਲਈ ਬਣਾਈ ਗਈ ਮੋਬਾਈਲ ਐੱਪ ਈ. – ਐੱਸ. ਐੱਮ. ਐੱਸ. ਸਬੰਧੀ ਸਿਖਲਾਈ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲੀ ਵਾਰ ਕੈਸ਼, ਸੋਨਾ / ਚਾਂਦੀ ਸ਼ਰਾਬ ਆਦਿ ਸਬੰਧੀ ਮੋਬਾਈਲ ਐਪਲੀਕੇਸ਼ਨ ਬਣਾਈ ਗਈ ਹੈ ਜਿਸ ਵਿਚ ਟੀਮਾਂ ਵੱਲੋਂ ਜਬਤ ਕੀਤੇ ਗਏ ਉਪਰੋਕਤ ਸਾਮਾਨ ਦੀ ਐਂਟਰੀ ਮੌਕੇ ਉੱਤੇ ਹੀ ਕੀਤੀ ਜਾਂਦੀ ਹੈ ਅਤੇ ਇਹ ਡਾਟਾ ਸਿੱਧਾ ਚੋਣ ਕਮਿਸ਼ਨ ਕੋਲ ਜਾਂਦਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਇਸ ਸਬੰਧੀ ਲਗਾਏ ਗਏ ਨੋਡਲ ਅਫ਼ਸਰ ਆਪਣੇ ਆਪਣੇ ਮੋਬਾਈਲ ਫੋਨਾਂ ਰਾਹੀਂ ਲੋਗ ਇਨ ਕਰਨ ਅਤੇ ਦਰਸਾਏ ਗਏ ਵੇਰਵੇ ਸਟੀਕ ਅਤੇ ਇਨ੍ਹਾਂ ਚੀਜ਼ਾਂ ਨੂੰ ਜ਼ਬਤ ਕਰਨ ਦੇ 24 ਘੰਟਿਆਂ ਦੇ ਅੰਦਰ ਅੰਦਰ ਅੱਪਲੋਡ ਕਰਨ। ਉਨ੍ਹਾਂ ਕਿਹਾ ਕਿ ਇਸ ਐੱਪ ਵਿਚ ਕਰੀਬ 20 ਵਿਭਾਗਾਂ ਦੀ ਸ਼ਮੂਲੀਅਤ ਜਿਸ ਵਿੱਚੋਂ ਜ਼ਿਲ੍ਹਾ ਪੱਧਰ ਉੱਤੇ ਕੇਵਲ ਉੱਚ ਚੋਣ ਅਧਿਕਾਰੀ, ਪੁਲਿਸ, ਕਰ ਵਿਭਾਗ, ਆਬਕਾਰੀ ਵਿਭਾਗ ਸ਼ਾਮਿਲ ਹਨ। ਇਸ ਮੌਕੇ ਵਧੀਕ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ, ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸਤਵੰਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਭਦੌੜ ਪੂਨਮਪ੍ਰੀਤ, ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਵਰਿੰਦਰ ਸਿੰਘ, ਖ਼ਰਚਾ ਨਿਗਰਾਨ ਅਫ਼ਸਰ, ਐੱਸ.ਪੀ. ਜਗਦੀਸ਼ ਬਿਸ਼ਨੋਈ ਅਤੇ ਹੋਰ ਟੀਮਾਂ ਦੇ ਮੁਖੀ ਹਾਜ਼ਰ ਸਨ।