ਮੈਰਿਟ ‘ਚ ਜ਼ਿਲ੍ਹਾ ਬਰਨਾਲਾ ਦੇ 11 ਵਿਦਿਆਰਥੀਆਂ ਨੇ ਥਾਂ ਮੱਲਿਆ...
ਅਦੀਸ਼ ਗੋਇਲ, ਬਰਨਾਲਾ, 2 ਅਪ੍ਰੈਲ 2024
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਵੀਂ ਦਾ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਜ਼ਿਲ੍ਹਾ ਬਰਨਾਲਾ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿੰਮਕ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਪੰਜਵੀਂ ਜਮਾਤ ਦੇ ਨਤੀਜਿਆਂ ਦੀ ਪਾਸ ਪ੍ਰਤੀਸ਼ਤ 99.72 ਰਹੀ। ਜ਼ਿਲ੍ਹੇ ਵਿੱਚ ਕੁੱਲ 5315 ਵਿਦਿਆਰਥੀਆਂ, ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਬੈਠੇ ਤੇ 5300 ਬੱਚੇ ਪਾਸ ਹੋਣ ਵਿੱਚ ਸਫ਼ਲ ਰਹੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 11 ਵਿਦਿਆਰਥੀਆਂ ਏਕਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਰਾਜਪ੍ਰੀਤ ਸਿੰਘ, ਸੁਖਮਨਦੀਪ ਕੌਰ, ਸੁਖਮਨੀ ਕੌਰ,ਅਮਨਜੋਤ ਕੌਰ, ਕਨਿਕਾ, ਸਾਇਨਾ, ਹਰਪ੍ਰੀਤ ਕੌਰ, ਸਾਂਚੀ ਦੇਵੀ ਤੇ ਗੁਰਲੀਨ ਕੌਰ ਨੇ 100 ਵਿੱਚੋਂ 100 ਨੰਬਰ ਪ੍ਰਾਪਤ ਕਰਦਿਆਂ ਮੈਰਿਟ ਵਿੱਚ ਆਪਣਾ ਸਥਾਨ ਬਣਾਇਆ ਹੈ। ਉਹਨਾਂ ਦੱਸਿਆ ਕਿ ਪ੍ਰੀਖਿਆ ਵਿੱਚ ਸਫ਼ਲ ਨਾ ਹੋਣ ਵਾਲੇ ਵਿਦਿਆਰਥੀਆਂ ਲਈ ਦੋ ਮਹੀਨੇ ਬਾਅਦ ਵਿਭਾਗ ਵੱਲੋਂ ਸਪਲੀਮੈਂਟਰੀ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿੰਮਕ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਸੁੰਧਰਾ ਕਪਿਲਾ, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਹਰਿੰਦਰ ਬਰਾੜ ਅਤੇ ਗੁਰਦੀਪ ਸਿੰਘ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਅਤੇ ਪਾਸ ਆਉਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਅੱਗੇ ਤੋਂ ਹੋਰ ਵੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ।