ਹਰਿੰਦਰ ਨਿੱਕਾ, ਪਟਿਆਲਾ 1 ਅਪ੍ਰੈਲ 2024
ਰੁੱਤ ਦਲ ਬਦਲਣ ਦੀ ਆਈ ਵੇ ਲਾਲੋ, ਇਹ ਸਤਰਾਂ ਨੂੰ ਰੂਪਮਾਣ ਕਰਦਿਆਂ ਪੰਜਾਬ ਦੇ ਇੱਕ ਹੋਰ ਸਾਬਕਾ ਮੈਂਬਰ ਪਾਰਲੀਮੈਂਟ ਨੇ ਪਾਲਾ ਬਦਲਣ ਦਾ ਮਨ ਬਣਾ ਲਿਆ ਹੈ। ਪਾਲਾ ਬਦਲਣ ਦਾ ਰਸਮੀ ਐਲਾਨ ਹੁਣ ਤੋਂ ਥੋੜੀ ਦੇਰ ਤੱਕ ਪੰਜਾਬ ਕਾਂਗਰਸ ਦੇ ਸੂਬਾਈ ਦਫਤਰ ਵਿੱਚ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਕੀਤਾ ਜਾਣਾ ਹੈ। ਮੀਡੀਆ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਡਾਕਟਰ ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦੀ ਟਿਕਟ ਤੇ ਪਹਿਲੀ ਵਾਰ 2014 ਦੀ ਲੋਕ ਸਭਾ ਚੋਣ ਵਿੱਚ ਪਟਿਆਲਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ। ਪਰੰਤੂ ਉਹ ਬਹੁਤੀ ਦੇਰ ਤੱਕ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਨਾ ਰਹਿ ਸਕੇ। ਉਨ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਮੰਚ ਦੀ ਸਥਾਪਨਾ ਕਰਦਿਆਂ ਬਕਾਇਦਾ ਅਪਣਾ ਐਲਾਨਨਾਮਾ ਵੀ ਜ਼ਾਰੀ ਕਰ ਦਿੱਤਾ ਸੀ। ਉਨ੍ਹਾਂ ਲੋਕ ਸਭਾ ਚੋਣ 2019 ਵਿੱਚ ਵੀ ਪਟਿਆਲਾ ਹਲਕੇ ਤੋਂ ਚੋਣ ਲੜੀ, ਪਰੰਤੂ ਉਹ ਹਾਰ ਗਏ । ਹੁਣ 2024 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਵੀ ਡਾਕਟਰ ਗਾਂਧੀ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲਿਆ ਹੈ। ਇਸ ਦੀ ਪੁਸ਼ਟੀ ਖੁਦ ਡਾਕਟਰ ਗਾਂਧੀ ਨੇ ਵੀ ਇੱਕ ਨਿੱਜੀ ਚੈਨਲ ਨਾਲ ਫੋਨ ਕਾਲ ਤੇ ਗੱਲਬਾਤ ਕਰਦਿਆਂ ਵੀ ਕੀਤੀ ਹੈ। ਇਸ ਗੱਲਬਾਤ ਦੌਰਾਨ, ਉਨ੍ਹਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਰਾਹੁਲ ਗਾਂਧੀ ਨੂੰ ਹੀ ਚੰਗਾ, ਵਿਜਨ ਵਾਲਾ ਤੇ ਸੰਭਾਵਨਾਵਾਂ ਭਰਪੂਰ ਆਗੂ ਮੰਨਿਆ ਹੈ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਡਾਕਟਰ ਗਾਂਧੀ ਨੂੰ ਪਟਿਆਲਾ ਤੋਂ ਲੋਕ ਸਭਾ ਚੋਣ ਲੜਾਉਣਾ ਚਾਹੁੰਦੀ ਹੈ। ਜਿਸ ਦਹ ਸੰਕੇਤ ਖੁਦ ਡਾਕਟਰ ਗਾਂਧੀ ਨੇ ਵੀ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ,ਪਾਰਟੀ, ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹ ਮੈਦਾਨ ਵਿੱਚ ਡਟ ਜਾਣਗੇ।
ਵਰਣਨਯੋਗ ਹੈ ਕਿ ਡਾਕਟਰ ਗਾਂਧੀ ਨੇ ਜਦੋਂ ਪੰਜਾਬ ਮੰਚ ਦਾ ਐਲਾਨਨਾਮਾ ਮੀਡੀਆ ਨੂੰ ਜ਼ਾਰੀ ਕੀਤਾ ਸੀ ਤਾਂ ਉਨ੍ਹਾਂ ਜ਼ੋਰ ਦੇ ਕੇ ਆਖਿਆ ਸੀ ਕਿ ਪੰਜਾਬ ਮੰਚ ਕਾਂਗਰਸ ਦੇ ‘ਨਹਿਰੂਵਾਦੀ ਸਮਾਜਵਾਦ’ ਅਤੇ ‘ਨਹਿਰੂਵਾਦੀ ਧਰਮ ਨਿਰਪੱਖਤਾ’ ਦੇ ਨਾਕਾਮ ਤਜਰਬੇ ਨੂੰ ਦਰਅਸਲ ਭਾਰਤੀ ਉਪ-ਮਹਾਂਦੀਪ ਦੀ ਫ਼ਿਰਕੂ ਵੰਡ ਦਾ ਹੀ ਵਿਸਥਾਰ ਮੰਨਦਾ ਹੈ, ਜਿਸ ਨੇ ਹੁਣ ਬੀਜੇਪੀ ਦੇ ਰੂਪ ਵਿਚ ਪਰਗਟ ਹਿੰਦੂ-ਬਹੁਗਿਣਤੀਵਾਦ ਲਈ ਧਰਾਤਲ ਤਿਆਰ ਕੀਤੀ ਹੈ। ਪੰਜਾਬ ਮੰਚ ਭਾਰਤੀ ਸਿਆਸਤ ਦੀਆਂ ਦੋਹਾਂ ਧਾਰਾਵਾਂ ਨੂੰ ਇਕੋ ਕੇਂਦਰਵਾਦੀ ਧਾਰਾ ਮੰਨਦਾ ਹੈ ਜੋ ਭਾਰਤੀ ਉਪ-ਮਹਾਂਦੀਪ ਦੀਆਂ ਵਿਲੱਖਣਤਾਵਾਂ ਦੇ ਰੂਪ ਵਿਚ ਵਿਚਰ ਰਹੀਆਂ ਨੀਮ-ਕੌਮੀ, ਧਾਰਮਿਕ, ਜਾਤਪਾਤੀ, ਭਾਸ਼ਾਈ, ਇਲਾਕਾਈ ਅਤੇ ਨਸਲੀ ਪਛਾਣਾਂ ਲਈ ਦਮ-ਘੋਟੂ ਹਨ।