ਪ੍ਰਜਾਪਤੀ ਸਮਾਜ ਦੇ 60 ਪਰਿਵਾਰ ਭਾਜਪਾ ‘ਚ ਸ਼ਾਮਲ, ਪ੍ਰਨੀਤ ਕੌਰ ਨੇ ਕਿਹਾ, ਜੀ ਆਇਆ…

Advertisement
Spread information

ਗੋਪਾਲ ਕਾਲੋਨੀ ਦੇ ਰਹਿਣ ਵਾਲੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦੱਸਿਆ ਵਿਕਾਸ ਦੀ ਦੇਵੀ
ਰਿਚਾ ਨਾਗਪਾਲ, 31 ਮਾਰਚ, ਪਟਿਆਲਾ 2024
             ਸ਼ਹਿਰ ਦੀ ਗੋਪਾਲ ਕਾਲੋਨੀ ਵਿੱਚ ਰਹਿਣ ਵਾਲੇ ਪ੍ਰਜਾਪਤੀ ਸਮਾਜ ਦੇ ਕਰੀਬ 60 ਪਰਿਵਾਰ ਐਤਵਾਰ ਸ਼ਾਮ ਨੂੰ ਹੋਰ ਸਿਆਸੀ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਇਨ੍ਹਾਂ ਸਾਰੇ ਪਰਿਵਾਰਾਂ ਦਾ ਭਾਜਪਾ ਵਿੱਚ ਆਉਂਣ ਤੇ ਸਵਾਗਤ ਕੀਤਾ। ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪ੍ਰਨੀਤ ਕੌਰ ਨੂੰ ਵਿਕਾਸ ਦੀ ਦੇਵੀ ਕਹਿ ਕੇ ਨਾਅਰੇਬਾਜ਼ੀ ਕਰਦਿਆਂ ਇਲਾਕੇ ਦੇ ਲੋਕਾਂ ਵਲੋਂ ਵਧਾਈ ਦਿੱਤੀ ਗਈ। ਨਾਲ ਹੀ ਗੋਪਾਲ ਕਲੋਨੀ ਵਾਸੀਆਂ ਨੇ ਪ੍ਰਨੀਤ ਕੌਰ ਦਾ ਇਲਾਕੇ ਵਿੱਚ ਕਰਵਾਏ ਵਿਕਾਸ ਕਾਰਜਾਂ ਦੇ ਨਾਲ-ਨਾਲ 50 ਸਾਲ ਪੁਰਾਣੇ ਕੂੜੇ ਦੇ ਡੰਪ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਪਾਲ ਕਲੋਨੀ ਦਾ ਇੱਕ ਵੀ ਮੈਂਬਰ ਕਦੇ ਨਹੀਂ ਭੁੱਲ ਸਕਦਾ ਕਿ ਪਿਛਲੇ ਸਾਲ ਜਦੋਂ ਇਹ ਇਲਾਕਾ ਹੜ੍ਹ ਨਾਲ ਪ੍ਰਭਾਵਿਤ ਹੋਇਆ ਸੀ ਤਾਂ ਬੀਬਾ ਜੈਇੰਦਰ ਕੌਰ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੀ ਜਾਨ ਦੀ ਪਰਵਾ ਨਾ ਕਰਦਿਆਂ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਣ ਅਤੇ ਹੜ੍ਹਾਂ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਵਿੱਚ ਵਿਸ਼ੇਸ ਭੂਮਿਕਾ ਨਿਭਾਈ ਸੀ। ਪ੍ਰਨੀਤ ਕੌਰ ਦੇ ਹੁਕਮਾਂ ‘ਤੇ ਸਾਬਕਾ ਮੇਅਰ ਨੇ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਇਲਾਕੇ ਦੇ ਪਸ਼ੂਆਂ ਨੂੰ ਵੀ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।
              ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਟਿਆਲਾ ਜ਼ਿਲ੍ਹਾ ਉਹਨਾਂ ਦਾ ਇੱਕ ਵੱਡਾ ਪਰਿਵਾਰ ਹੈ ਅਤੇ ਜਦੋਂ ਵੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਹਰ ਸੰਭਵ ਮਦਦ ਕਰਨ ਵਿੱਚ ਕਦੇ ਵੀ ਦੇਰੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਪਟਿਆਲਾ ਦੇ ਪੂਰਬੀ ਹਿੱਸੇ ਦੀ ਸਥਿਤੀ ਬਹੁਤ ਗੰਭੀਰ ਸੀ, ਪਰ ਉਨ੍ਹਾਂ ਨੇ ਆਪਣੀ ਪੁਰਾਤਨ ਰਵਾਇਤ ਦੀ ਪਾਲਣਾ ਕਰਦੇ ਹੋਏ ਵੱਡੀ ਨਦੀ ਨੂੰ ਨਾਥ ਚੂੜੇ ਦੀ ਸਦੀਆਂ ਪੁਰਾਣੀ ਰਸਮ ਨੂੰ ਪੂਰਾ ਕੀਤਾ ਅਤੇ ਕੁਝ ਘੰਟਿਆਂ ਬਾਅਦ ਵੱਡੀ ਨਦੀ ਸ਼ਾਤ ਹੋਣਾ ਸ਼ੁਰੂ ਹੋ ਗਈ ਸੀ। ਉਹਨਾਂ ਕਿਹਾ ਬੇਸ਼ੱਕ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੇ ਢੰਗ ਨਾਲ ਪਟਿਆਲੇ ਦੇ ਇਨ੍ਹਾਂ ਪੁਰਾਤਨ ਰੀਤੀ-ਰਿਵਾਜਾਂ ਬਾਰੇ ਕਈ ਟਿੱਪਣੀਆਂ ਕੀਤੀਆਂ ਪਰ ਪਟਿਆਲਾ ਵਾਸੀਆਂ ਨੇ ਅਸਲੀਅਤ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਲੋਕਸਭਾ ਮੈਂਬਰ ਪ੍ਰਨੀਤ ਕੌਰ ਨੇ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਸਿਰਫ਼ ਇਸ਼ਤਿਹਾਰ ਵਜੋਂ ਹੀ ਵਿਕਾਸ ਕੀਤਾ ਹੈ, ਪਰ 205 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ-ਵੱਡੀ ਨਦੀ ਦਾ ਸੁੰਦਰੀਕਰਨ, 6.80 ਕਰੋੜ ਰੁਪਏ ਦੀ ਲਾਗਤ ਨਾਲ ਡੰਪ ਵਾਲੀ ਥਾਂ ‘ਤੇ ਰੈਮਿਡਿਏਸ਼ਨ ਪਲਾਂਟ। ਸ਼ਹਿਰ ਦੇ ਅੰਦਰੇ ਹਿੱਸੇ ਲਈ ਸਿੰਗਲ ਵਾਇਰ ਸਿਸਟਮ, ਨਵਾਂ ਬੱਸ ਸਟੈਂਡ, ਦੋ ਨਵੀਆਂ ਯੂਨੀਵਰਸਿਟੀਆਂ, 502 ਕਰੋੜ ਰੁਪਏ ਦਾ ਨਹਿਰੀ ਪਾਣੀ ਦਾ ਪ੍ਰੋਜੈਕਟ, 19 ਕਰੋੜ ਰੁਪਏ ਦਾ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ, ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ, ਕਰੋੜਾਂ ਰੁਪਏ ਦੇ ਪੱਛਮੀ ਬਾਈਪਾਸ ਦੇ ਨਿਰਮਾਣ ਲਈ ਟੈਂਡਰ ਜਾਰੀ ਕਰਵਾਉਣਾ, ਸੇਤੂ ਬੰਧਨ ਸਕੀਮ ਤਹਿਤ ਸ਼ਹਿਰ ਦੇ ਡੀਅਰ ਪਾਰਕ ਤੋਂ ਸਰਹਿੰਦ ਰੋਡ ਤੱਕ ਦੀ 10 ਕਿਲੋਮੀਟਰ ਲੰਬੀ ਸਿਟੀ ਰਿੰਗ ਰੋਡ ਨੂੰ ਮੰਜੂਰੀ ਦਵਾਉਂਣਾ, ਜੈਕਬ ਡਰੇਨ ਦਾ ਨਵੀਨੀਕਰਨ ਵਰਗੇ ਵੱਡੇ ਵਿਕਾਸ ਕਾਰਜ ਕੀਤੇ ਹਨ। ਹਰੇਕ ਸਾਲ ਘੱਗਰ ਤੋਂ ਹੋਣ ਵਾਲੇ ਨੁਕਸਾਨ ਨੂੰ ਪੂਰੀ ਤਰਾਂ ਰੋਕਣ ਲਈ ਬੀਤੇ ਦਿਨੀ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈ ਲਈ ਗਈ ਹੈ, ਜਿਸ ਉੱਤੇ ਲੋਕਸਭਾ ਚੌਣਾ ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। । ਇਸ ਤੋਂ ਇਲਾਵਾ ਉਨ੍ਹਾਂ ਨੇ ਪਟਿਆਲਾ ਲਈ ਕਈ ਵੱਡੇ ਪ੍ਰਾਜੈਕਟ ਉਲੀਕੇ ਹਨ, ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਪੂਰਾ ਕਰਵਾਉਣਾ ਹੈ।
       ਇਸ ਮੌਕੇ ਸਾਬਕਾ ਮੇਅਰ ਤੇ ਮੌਜੂਦਾ ਬੀਜੇਪੀ ਦੇ ਜਿਲਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਜਿਸ ਤਰ੍ਹਾਂ ਪਟਿਆਲਾ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਿਧਾਇਕ ਚੁਣਿਆ ਅਤੇ ਉਹ ਮੁੱਖ ਮੰਤਰੀ ਬਣੇ, ਉਸੇ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਦੇ ਲੋਕਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਚੁਣ ਕੇ ਕੇਂਦਰ ਵਿੱਚ ਕੇਂਦਰੀ ਮੰਤਰੀ ਵਨਾਉਣਾ ਹੈ। ਉਹਨਾਂ ਕਿਆ ਕਿ ਇਸ ਦਾ ਸਿੱਧਾ ਲਾਭ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਮਿਲੇਗਾ। ਇਸ ਮੌਕੇ ਸਾਬਕਾ ਕੌਂਸਲਰ ਗਿੰਨੀ ਨਾਗਪਾਲ, ਹਰੀਸ਼ ਕਪੂਰ, ਗੁਰਮੀਤ ਸਿੰਘ ਪ੍ਰਜਾਪਤੀ, ਹਰਪ੍ਰੀਤ ਸਿੰਘ, ਸਚਿਨ ਢੰਡ, ਸਾਗਰ ਗੁਰੀ, ਹੈਪੀ ਸੋਫਤ, ਸਾਹਿਲ, ਪੂਨਮ, ਰਵੀ ਭਾਰਦਵਾਜ ਅਤੇ ਸ਼ੰਕਰ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!