ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ 31 ਮਾਰਚ 2024
ਲੰਘੀ ਕੱਲ੍ਹ ਬਾਅਦ ਦੁਪਿਹਰ ਪੁਲਿਸ ਵਾਲਿਆਂ ਨੇ ਸ਼ਹਿਰ ਦੇ ਪੁਰਾਣਾ ਸਿਨੇਮਾ ਰੋਡ ਨੇੜਿਉਂ ਭਾਰੀ ਮਾਤਰਾ ਵਿੱਚ ਠੇਕੇ ਦੀ ਅੰਗਰੇਜੀ ਸ਼ਰਾਬ ਬਰਾਮਦ ਕੀਤੀ। ਪੁਲਿਸ ਦਾ ਸਰਚ ਆਪ੍ਰੇਸ਼ਨ ਕਾਫੀ ਸਮਾਂ ਚੱਲਿਆ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਪੁਲਿਸ ਨੇ ਇਸ ਖੇਤਰ ਦੇ ਦੋ ਨਾਮੀਂ ਵਪਾਰੀਆਂ/ਦੁਕਾਨਦਾਰਾਂ ਦੇ ਕਬਜੇ ਵਿੱਚੋਂ ਸ਼ਰਾਬ ਦੀਆਂ 10 ਤੋਂ ਜਿਆਦਾ ਪੇਟੀਆਂ ਬਰਾਮਦ ਵੀ ਕੀਤੀਆਂ। ਪੁਲਿਸ ਪਾਰਟੀ , PB-13 W….. ਕਾਰ ਵਿੱਚ ਨਜਾਇਜ਼ ਸ਼ਰਾਬ ਲੱਦ ਕੇ, ਦੋਵੇਂ ਵਪਾਰੀਆਂ ਨੂੰ ਸ਼ਰਾਬ ਸਣੇ ਹਿਰਾਸਤ ਵਿੱਚ ਐ ਕੇ ਆਪਣੇ ਨਾਲ, ਉੱਥੋਂ ਰਵਾਨਾ ਹੋ ਗਈ। ਪਰ ਪਰਚਾ ਦਿੱਤੇ ਬਿਨਾਂ ਹੀ ਪੁਲਿਸ ਪਾਰਟੀ ਨੇ ਕਰੀਬ ਦੋ ਘੰਟਿਆਂ ਬਾਅਦ ਹਿਰਾਸਤ ਵਿੱਚ ਲਏ ਦੋਵੇਂ ਦੁਕਾਨਦਾਰਾਂ ਨੂੰ ਰਿਹਾ ਵੀ ਕਰ ਦਿੱਤਾ। ਪਹਿਲਾਂ ਤਾਂ ਸ਼ਰਾਬ ਫੜ੍ਹੇ ਜਾਣ ਦੀ ਚਰਚਾ, ਸ਼ਹਿਰ ਅੰਦਰ ਜੰਗਲ ਦੀ ਅੱਗ ਵਾਂਗ ਫੈਲ ਗਈ । ਫਿਰ ਸ਼ਰਾਬ ਸਣੇ ਫੜ੍ਹੇ ਦੁਕਾਨਦਾਰਾਂ ਨੂੰ ਬਿਨਾਂ ਕੋਈ ਕਾਰਵਾਈ ਕੀਤਿਆਂ ਛੱਡ ਦਿੱਤੇ ਜਾਣ ਦੀ ਘਟਨਾ ਨੇ ਪੁਲਿਸ ਦੀ ਕਾਰਵਾਈ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜ੍ਹਾ ਕਰ ਦਿੱਤਾ ।
ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀਆਂ ਮੁਤਾਬਿਕ ਪੁਲਿਸ ਪਾਰਟੀ 30 ਮਾਰਚ ਦੀ ਬਾਅਦ ਦੁਪਿਹਰ ਕਰੀਬ 2.30 ਵਜੇ ਇੱਕ ਕਾਰ ਵਿੱਚ ਸਵਾਰ ਹੋ ਕੇ, ਪੁਰਾਣਾ ਸਿਨੇਮਾ ਰੋਡ ਤੇ ਸਥਿਤ ਦੋ ਨਾਮੀਂ ਦੁਕਾਨਦਾਰਾਂ ਕੋਲ ਪਹੁੰਚੀ। ਪੁਲਿਸ ਨੇ ਤਲਾਸ਼ੀ ਸਮੇਂ ਦੋਵਾਂ ਦੁਕਾਨਾਂ ਦੇ ਸ਼ਟਰ ਵੀ ਬੰਦ ਕਰ ਲਏ। ਕਾਫੀ ਸਮੇਂ ਤੋਂ ਬਾਅਦ ਸ਼ਟਰ ਖੁੱਲ੍ਹੇ ਤਾਂ ਪੁਲਿਸ ਪਾਰਟੀ, ਸਿਨੇਮੇ ਦੇ ਨੇੜੇ ਇੱਕ ਸੱਟਾ ਮਾਰਕਿਟ ਗਲੀ ਵਿੱਚ ਪਹੁੰਚੀ, ਜਿੱਥੇ ਉਨ੍ਹਾਂ ਇੱਕ ਖੰਡਰ ਜਿਹੇ ਦਰਵਾਜੇ, ਉੱਪਰ ਲੱਗੇ ਸੀਸੀਟੀਵੀ ਕੈਮਰੇ ਨੂੰ ਕੱਪੜੇ ਨਾਲ ਢਕ ਦਿੱਤਾ। ਤਾਂਕਿ ਗੱਡੀ ਵਿੱਚ ਲੋਡ ਕੀਤੀ ਜਾ ਰਹੀ, ਨਜਾਇਜ਼ ਸ਼ਰਾਬ ਤੇ ਪਰਦਾ ਪਾਇਆ ਜਾ ਸਕੇ। ਮੌਕੇ ਤੇ ਮੌਜੂਦ ਲੋਕਾਂ ਦੀ ਮੰਨੀਏ ਤਾਂ ਪੁਲਿਸ ਪਾਰਟੀ ਨੂੰ, ਉੱਥੋਂ 10 ਤੋਂ ਵਧੇਰੇ ਪੇਟੀਆਂ ਸ਼ਰਾਬ ਬਰਾਮਦ ਹੋਈ। ਬਰਾਮਦ ਹੋਈ ਇਹ ਸਾਰੀ ਮਹਿੰਗੇ ਮੁੱਲ ਦੀ ਅੰਗਰੇਜੀ ਸ਼ਰਾਬ ਹੀ ਸੀ। ਸ਼ਰਾਬ ਬਰਾਮਦਗੀ ਅਤੇ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ, ਦੋਵੇਂ ਨਾਮੀ ਵਪਾਰੀਆਂ ਨੂੰ ਬਚਾਉਣ ਲਈ, ਰਾਜਸੀ ਦਬਾਅ ਅਤੇ ਸੌਦੇਬਾਜ਼ੀ ਸ਼ੁਰੂ ਹੋ ਗਈ। ਆਖਿਰ ਅੰਤ ਵਿੱਚ ਸੌਦਾ ਕੀ ਤੇ ਕਿਵੇਂ ਤੈਅ ਹੋਇਆ, ਤਾਂ ਪਤਾ ਨਹੀਂ ਲੱਗ ਸਕਿਆ। ਪਰੰਤੂ ਸ਼ਰਾਬ ਸਣੇ, ਫੜ੍ਹੇ ਵਿਅਕਤੀਆਂ ਨੂੰ ਪੁਲਿਸ ਨੇ ਕਲੀਨ ਚਿੱਟ ਦੇ ਕੇ ਰਿਹਾ ਜਰੂਰ ਕਰ ਦਿੱਤਾ। ਪੁਲਿਸ ਵੱਲੋਂ ਸ਼ਰੇਆਮ ਬਜਾਰ ਵਿੱਚ ਅੰਜਾਮ ਦਿੱਤੀ, ਅਜਿਹੀ ਕਾਰਵਾਈ ਨਾਲ, ਇੱਕ ਵਾਰ ਫਿਰ ਬਰਨਾਲਾ ਪੁਲਿਸ ਦੇ ਸਿਰ ਬਦਨਾਮੀ ਦਾ ਠੀਕਰਾ ਜਰੂਰ ਭੰਨਿਆ ਗਿਆ। ਪੁਲਿਸ ਦੀ ਕਾਰਵਾਈ, ਕੁੱਝ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪਤਾ ਇਹ ਵੀ ਲੱਗਿਆ ਹੈ ਕਿ ਪੁਲਿਸ ਵਾਲੇ, ਅਤੇ ਹਿਰਾਸਤ ਵਿੱਚੋਂ ਛੁੱਟ ਕੇ ਆਏ ਵਪਾਰੀ/ਦੁਕਾਨਦਾਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੁਰਦ-ਬੁਰਦ ਕਰਨ ਤੇ ਲੱਗੇ ਹੋਏ ਹਨ, ਤਾਂਕਿ ਰਾਜ ਕੀ ਬਾਤ ਹੈ , ਰਾਜ ਹੀ ਰਹਿਣੇ ਦੋ,,,! ਪੜਤਾਲ ਦੌਰਾਨ ਗੱਲ ਇਹ ਵੀ ਛਣ ਕੇ ਆਈ ਹੈ ਕਿ ਪੁਲਿਸ ਨੇ, ਜਿੰਨ੍ਹਾਂ ਵਪਾਰੀਆਂ ਦੇ ਕਬਜੇ ਵਿੱਚੋਂ ਸ਼ਰਾਬ ਬਰਾਮਦ ਹੋਈ, ਉਨ੍ਹਾਂ ਨੂੰ ਸਪੇਅਰ ਕਰਨ ਲਈ, ਕਿਸੇ ਹੋਰ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ।
ਕ੍ਰਾਈਮ ਰਿਪੋਰਟ ਵੀ ਕਰਦੀ ਐ ਇਸ਼ਾਰੇ,,,,
ਲੰਘੀ ਕੱਲ੍ਹ ਦੋ ਵੱਖ- ਵੱਖ ਥਾਣਿਆਂ ਵਿੱਚ ਆਬਕਾਰੀ ਐਕਟ ਤਹਿਤ ਦਰਜ ਹੋਏ ਦੋ ਮੁਕੱਦਮਿਆਂ ਵਿੱਚੋਂ ਇੱਕ ਵਿੱਚ ਤਾਂ ਅਣਪਛਾਤੇ ਕਾਰ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਸ ਕਾਰ ਦਾ ਨਾਮ ਪਤਾ ਆਨਲਾਈਨ ਪੋਰਟਲ ਤੇ ਸ਼ੋਅ ਹੀ ਨਹੀਂ ਹੋ ਰਿਹਾ। ਜਦੋਂਕਿ ਦੂਜੇ ਕੇਸ ਵਿੱਚ ਜਿਹੜੇ ਕਾਰ ਚਾਲਕ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਸ ਆਈ 20 ਕਾਰ ਦਾ ਮਾਲਿਕ ਸ਼ਹੀਦ ਭਗਤ ਸਿੰਘ ਰੋਡ ਬਰਨਾਲਾ ਵਾਰਡ ਨੰਬਰ 12 ਦਾ ਰਹਿਣ ਵਾਲਾ …ਗੋਇਲ ਹੈ। ਉਸ ਤੋਂ ਉਸ ਦਾ ਪੱਖ ਜਾਣਨ ਲਈ ਫੋਨ ਕੀਤਾ ਗਿਆ ਤਾਂ, ਉਸ ਨੇ ਕਿਹਾ ਕਿ ਮੈਂ ਕੁੱਝ ਘੰਟੇ ਕਿਸੇ ਜਰੂਰੀ ਕੰਮ ਵਿੱਚ ਰੁੱਝਿਆ ਹੋਇਆ ਹਾਂ। ਗੱਲ ਬਾਅਦ ਵਿੱਚ ਕਰਾਂਗੇ,ਕਹਿ ਕੇ ਫੋਨ ਕੱਟ ਦਿੱਤਾ।