ਰਘਵੀਰ ਹੈਪੀ, ਬਰਨਾਲਾ 27 ਮਾਰਚ 2024
ਡਾਕਟਰ ਰਘੂਬੀਰ ਪ੍ਰਕਾਸ਼ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ 24 ਮਾਰਚ ਤੋਂ 30 ਮਾਰਚ ਲਗਾਇਆ ਜਾਣ ਵਾਲਾ ਐਨ.ਐਸ.ਐਸ. ਕੈਂਪ ਸਫਲਤਾਪੂਰਵਕ ਚਲ ਰਿਹਾ ਹੈ। ਇਹ ਦਿਨ-ਰਾਤ ਦਾ ਸੱਤ ਰੋਜ਼ਾ ਕੈਂਪ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਵੱਲੋਂ ਦਿਸ਼ਾ-ਨਿਰਦੇਸ਼ਾਂ ਨਾਲ ਲਗਾਇਆ ਜਾ ਰਿਹਾ ਹੈ। ਕੈਂਪ ਦਾ ਉਦਘਾਟਨ ਐਸ. ਡੀ. ਕਾਲਜ ਵਿੱਦਿਅਕ ਸੰਸਥਾਵਾਂ ਦੇ ਵਿੱਤ ਸਕੱਤਰ ਡਾ.ਮੁਕੰਦ ਲਾਲ ਬਾਂਸਲ ਨੇ ਕੀਤਾ। ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਾਨਵਤਾ ਦੀ ਸੇਵਾ ਅਸਲ ਸੇਵਾ ਹੈ। ਐਨ.ਐਸ.ਐਸ ਰਾਹੀਂ ਅਸੀਂ ਸਮਾਜਿਕ ਕੰਮਾਂ ਵਿਚ ਵੱਧ ਚੜ੍ਹਕੇ ਹਿੱਸਾ ਲੈ ਸਕਦੇ ਹਾਂ। ਉਹਨਾਂ ਨੇ ਕੌਮੀ ਸੇਵਾ ਯੋਜਨਾ ਦੇ ਸਹੀ ਅਰਥਾਂ ਤੋਂ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਅਤੇ ਸਟਫ ਨੇ ਪੌਦੇ ਲਗਾਕੇ ਵਿਦਿਆਰਥੀਆਂ ਨੂੰ ਸਮਾਜਿਕ ਚੌਗਿਰਦੇ ਨੂੰ ਸਵੱਛ ਤੇ ਸਿਹਤਮੰਦ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਪਿ੍ਰੰਸੀਪਲ ਸ.ਕਸ਼ਮੀਰ ਸਿੰਘ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸਕੂਲ ਵੱਲੋਂ ਹਮੇਸ਼ਾ ਵਿਦਿਆਰਥੀਆਂ ਨੂੰ ਵਿਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਹਿ-ਵਿਦਿਅਕ ਗਤੀਵਿਧੀਆਂ ਵੱਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹਨਾਂ ਪ੍ਰੋਗਰਾਮ ਅਫਸਰਾਂ ਅਤੇ ਵਿਦਿਆਰਥੀਆਂ ਨੂੰ ਇਹ ਕੈਂਪ ਲਗਾਉਣ ਦੀ ਮੁਬਾਰਕਬਾਦ ਦਿੱਤੀ। ਪ੍ਰੋਗਰਾਮ ਅਫ਼ਸਰ ਲੈਕਚਰਾਰ ਮੈਡਮ ਪ੍ਰੀਤੀ ਕੌਸ਼ਲ, ਪ੍ਰੋਗਰਾਮ ਅਫ਼ਸਰ ਲੈਕ. ਰੇਨੂੰ ਮਿੱਤਲ ਦੀ ਅਗਵਾਈ ਵਿਚ ਲਗਾਏ ਜਾ ਰਹੇ ਇਸ ਕੈਂਪ ਵਿਚ 57 ਵਿਦਿਆਰਥੀ ਹਿੱਸਾ ਲੈ ਰਹੇ ਹਨ। ਲੈਕ. ਰੇਨੂੰ ਮਿੱਤਲ ਨੇ ਕੈਂਪ ਦੇ ਟੀਚਿਆਂ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇਸ ਕੈਂਪ ਦੌਰਾਨ ਐਨ.ਐਸ.ਐਸ ਦੀਆਂ ਨਿਯਮਿਤ ਗਤੀਵਿਧੀਆਂ ਦੇ ਨਾਲ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਨਿਖਾਰ ਦੀਆਂ ਕਈ ਸਰਗਰਮੀਆਂ ਉਲੀਕੀਆਂ ਗਈਆਂ ਹਨ। ਇਸ ਉਦਘਾਟਨੀ ਸਮਾਰੋਹ ਵਿਚ ਸਕੂਲ ਦਾ ਸਮੂਹ ਸਟਾਫ਼ ਸ਼ਾਮਿਲ ਰਿਹਾ।