ਮੁਕੱਦਮੇ ਦਾ ਚਲਾਨ ਪੇਸ਼ ਕਰਨ ਦੇ ਨਾਂ ਤੇ ਲੈ ਰਿਹਾ ਸੀ 20 ਹਜ਼ਾਰ ਦੀ ਰਿਸ਼ਵਤ ਤੇ ਰੰਗੇ ਹੱਥੇ ਚੜ੍ਹ ਗਿਆ ਅੜਿੱਕੇ…
ਹਰਿੰਦਰ ਨਿੱਕਾ, ਸੰਗਰੂਰ , 19 ਮਾਰਚ 2024
ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜਿਲ੍ਹੇ ‘ਚ ਹੀ ਇੱਕ ਥਾਣੇ ਦੇ ਅੰਦਰ ਹੀ ਚਲਾਨ ਪੇਸ਼ ਕਰਨ ਦੇ ਬਦਲੇ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਬਿਊਰੋ ਦੀ ਟੀਮ ਦੇ ਅੜਿੱਕੇ ਆ ਗਿਆ। ਵਿਜੀਲੈਂਸ ਟੀਮ ਨੇ ਰਿਸ਼ਵਤ ਵਜੋਂ ਮੁਦਈ ਮੁਕੱਦਮਾਂ ਤੋਂ ਹਾਸਿਲ ਕੀਤੀ ਰਕਮ ਵੀ ਨਾਮਜ਼ਦ ਦੋਸ਼ੀ ਥਾਣੇਦਾਰ ਤੋਂ ਬਰਾਮਦ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸਲੇਮਪੁਰ, ਥਾਣਾ ਸ਼ੇਰਪੁਰ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਕਿ ਥਾਣਾ ਸ਼ੇਰਪੁਰ ਵਿਖੇ ਤਾਇਨਾਤ ਅਤੇ ਥਾਣੇ ਵਿਖੇ ਦਰਜ ਮੁਕੱਦਮਾਂ ਨੰਬਰ 85/2023 ਅਧੀਨ ਜ਼ੁਰਮ 306/34 ਆਈਪੀਸੀ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਦੇ ਨਾਂ ਉੱਤੇ ਮਾਮਲੇ ਦਾ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ, ਵਾਸੀ ਪਿੰਡ ਬੁਰਜ ਰਾਜਗੜ੍ਹ, ਜਿਲ੍ਹਾ ਬਠਿੰਡਾ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਨੇ ਰਿਸ਼ਵਤ ਮੰਗਣ ਵਾਲੇ ਥਾਣੇਦਾਰ ਦਰਸ਼ਨ ਸਿੰਘ ਨੂੰ ਫੜ੍ਹਨ ਲਈ ਵਿਜੀਲੈਂਸ ਬਿਊਰੋ ਜਿਲ੍ਹਾ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਮ ਗਠਿਤ ਕਰ ਦਿੱਤੀ ਗਈ ।
ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਆਪਣੀ ਟੀਮ ਸਣੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਥਾਣਾ ਸ਼ੇਰਪੁਰ ਵਿਖੇ ਟਰੈਪ ਲਗਾ ਦਿੱਤੀ। ਜਦੋਂ ਹੀ ਏ.ਐਸ.ਆਈ. ਦਰਸ਼ਨ ਸਿੰਘ ਨੇ ਸ਼ਕਾਇਤ ਕਰਤਾ ਬਿੰਦਰ ਸਿੰਘ ਤੋਂ ਚਲਾਨ ਪੇਸ਼ ਕਰਨ ਦੇ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਤਾਂ ਤੁਰੰਤ ਹੀ ਬੜੀ ਫੁਰਤੀ ਨਾਲ ਵਿਜੀਲੈਂਸ ਦੀ ਟੀਮ ਨੇ ਏ.ਐਸ.ਆਈ. ਦਰਸ਼ਨ ਸਿੰਘ ਨੂੰ ਰੰਗੇ ਹੱਥੀ ਦਬੋਚ ਲਿਆ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਰਿਸ਼ਵਤ ਦੀ ਰਾਸ਼ੀ ਸਮੇਤ ਗਿਰਫਤਾਰ ਕੀਤੇ ਏ.ਐਸ.ਆਈ. ਦਰਸ਼ਨ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਵਿਜੀਲੈਂਸ ਰੇਂਦ ਪਟਿਆਲਾ ਵਿਖੇ ਕੇਸ ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਮਹਿਕਮਾ ਦਾ ਕੋਈ ਵੀ ਵੱਡਾ/ਛੋਟਾ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿਉ, ਤਾਂਕਿ ਦੋਸ਼ੀ ਨੂੰ ਗਿਰਫਤਾਰ ਕਰਕੇ, ਭ੍ਰਿਸ਼ਟਾਚਾਰ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਅੱਜ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਵਿਜੀਲੈਂਸ ਦੀ ਟੀਮ ਵਿੱਚ ਸ਼ਾਮਿਲ ਏ.ਐਸ.ਆਈ. ਸਤਗੁਰ ਸਿੰਘ, ਏ.ਐਸ.ਆਈ.ਸੁਖਵਿੰਦਰ ਸਿੰਘ, ਏ.ਐਸ.ਆਈ. ਗੁਰਪ੍ਰੀਤ ਸਿੰਘ ਅਤੇ ਹੌਲਦਾਰ ਗੁਰਜਿੰਦਰ ਸਿੰਘ ਆਦਿ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ।