ਅਸ਼ੋਕ ਵਰਮਾ, ਚੰਡੀਗੜ੍ਹ 16 ਮਾਰਚ 2024
ਡੇਰਾ ਸੱਚਾ ਸੌਦਾ ਸਿਰਸਾ ਨੇ ਬਰਗਾੜੀ ਬੇਅਦਬੀ ਮਾਮਲੇ ’ਚ ਮੀਡੀਆ ਰਾਹੀਂ ਸਾਹਮਣੇ ਆਏ ਕੁੱਝ ਤੱਥਾਂ ਤੋਂ ਬਾਅਦ ਅੱਜ ਆਪਣਾ ਪੱਖ ਰੱਖਿਆ ਹੈ। ਡੇਰੇ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਪ੍ਰਦੀਪ ਕਲੇਰ ਨਾਮਿਕ ਵਿਅਕਤੀ ਵੱਲੋਂ ਇਸ ਮਾਮਲੇ ’ਚ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਅਤੇ ਹਨੀਪ੍ਰੀਤ ਇੰਸਾਂ ਦੀ ਸ਼ਮੂਲੀਅਤ ਬਾਰੇ ਦਿੱਤੇ ਬਿਆਨ, ਜਿਸ ਤਰਾਂ ਮੀਡੀਆ ’ਚ ਦੱਸਿਆ ਜਾ ਰਿਹਾ ਹੈ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ। ਐਡਵੋਕੇਟ ਖੁਰਾਣਾ ਨੇ ਕਿਹਾ ਕਿ ਅਜਿਹਾ ਕਿਸੇ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਡੇਰਾ ਮੁਖੀ , ਹਨੀਪ੍ਰੀਤ ਇੰਸਾਂ ਅਤੇ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ’ਚ ਕੋਈ ਹੱਥ ਨਹੀਂ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਤੇ ਡੇਰਾ ਸਿਰਸਾ ਮੁਖੀ ਵੱਲੋਂ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨਾ ਤਾਂ ਦੂਰ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ ਹਨ। ਉਨ੍ਹਾਂ ਕਿਹਾ ਕਿ ਏਦਾਂ ਦੇ ਝੂਠੇ ਬਿਆਨ ਪਹਿਲੀ ਵਾਰ ਦਰਜ਼ ਨਹੀਂ ਕਰਵਾਏ .। ਬਲਕਿ ਇਸ ਤੋਂ ਪਹਿਲਾਂ ਵੀ ਐਸਆਈਟੀ ਨੇ ਧਾਰਾ 164 ਤਹਿਤ ਮਹਿੰਦਰਪਾਲ ਬਿੱਟੂ ਦੇ ਬਿਆਨ ਵੀ ਦਰਜ ਹੋਏ ਸਨ । ਜੋ ਸੀਬੀਆਈ ਜਾਂਚ ’ਚ ਬਿਲਕੁਲ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ 4 ਸਾਲ ਲਗਾਤਰ ਇਸ ਕੇਸ ਦੀ ਪੂਰੀ ਗੰਭੀਰਤਾ ਤੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਸੀ । ਜਿਸ ’ਚ ਲਿਖਾਈ ਮਾਹਿਰ , ਪੌਲੀਗ੍ਰਾਫਿਕ ਟੈਸਟ, ਡੰਪ ਡਾਟਾ, ਮੋਬਾਇਲ ਸੀਡੀਆਰ ਆਦਿ ਤੇ ਹੋਰ ਸਾਰੇ ਤੱਥਾਂ ਦੀ ਜਾਂਚ ਕਰਕੇ ਇਸ ਕੇਸ ਨੂੰ ਰੱਦ ਕਰਨ ਲਈ ਮੋਹਾਲੀ ਸੀਬੀਆਈ ਅਦਾਲਤ ’ਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ।
ਸੀਬੀਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ ਕਿਸੇ ਵੀ ਮੈਂਬਰ ਅਤੇ ਡੇਰਾ ਮੁਖੀ ਦੀ ਕਿਸੇ ਕਿਸਮ ਦੀ ਕੋਈ ਭੂਮਿਕਾ ਨਹੀਂ ਹੈ। ਐਡਵੋਕੇਟ ਖੁਰਾਣਾ ਨੇ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਕਿ ਸੀਬੀਆਈ ਨੇ ਅਦਾਲਤ ’ਚ ਇਹ ਵੀ ਸਪੱਸ਼ਟ ਕੀਤਾ ਸੀ ਕਿ ਮਹਿੰਦਰਪਾਲ ਬਿੱਟੂ ਤੇ ਤਸ਼ੱਦਦ ਕਰਕੇ ਧਾਰਾ 164 ਦੇ ਝੂਠੇ ਬਿਆਨ ਹਾਸਲ ਕੀਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਐਸਆਈਟੀ ਨੂੰ ਸੀਬੀਆਈ ਦੀ ਕਲੋਜ਼ਰ ਰਿਪੋਰਟ ਆਉਣ ਬਾਰੇ ਪਤਾ ਲੱਗਿਆ ਤਾਂ ਇਹ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਜੋ ਕਿ ਨਹੀਂ ਲਈ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਡੇਰਾ ਸਿਰਸਾ ਮੁਖੀ ਨੇ ਪੰਜਾਬ ਅਤੇ ਹਰਿਆਦਾਂ ਹਾਈਕੋਰਟ ’ਚ ਅਰਜੀ ਦਾਖਲ ਕੀਤੀ ਸੀ। ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਫਰੀਦਕੋਟ ਅਦਾਲਤ ’ਚ ਚੱਲ ਰਹੀ ਸੁਣਵਾਈ ਤੇ ਰੋਕ ਲਾ ਦਿੱਤੀ ਹੈ।