ਕਾਲਾ ਮੋਤੀਆ ਦਿਵਸ ਮੌਕੇ ਕੀਤਾ ਜਾਗਰੂਕਤਾ ਪੋਸਟਰ ਜਾਰੀ
ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 11 ਮਾਰਚ 2024
ਸਿਵਲ ਸਰਜਨ ਫਾਜ਼ਿਲਕਾ (ਵਾਧੂ ਕਾਰਜਭਾਰ) ਡਾ. ਕਵਿਤਾ ਸਿੰਘ ਵਲੋਂ ‘ਵਿਸ਼ਵ ਗੁਲੂਕੋਮਾ ਦਿਵਸ’ (ਕਾਲਾ ਮੋਤੀਆ ਦਿਵਸ) ਮੌਕੇ ਅੱਜ ਸਿਵਲ ਸਰਜਨ ਦਫਤਰ ਫਾਜ਼ਿਲਕਾ ਵਿੱਖੇ ਇਕ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਮਹਾਂਮਾਰੀ ਅਫਸਰ ਡਾ. ਸੁਨੀਤਾ, ਡਾ. ਆਮਨਾ ਕੰਬੋਜ, ਡਾ. ਪ੍ਰਿੰਸ ਪੂਰੀ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਕਾਲਾ ਮੋਤੀਆ ਅੱਖਾਂ ਦੀ ਆਮ ਸਮੱਸਿਆ ਹੈ, ਜੋ ਉਮਰ ਵਧਣ ਦੇ ਨਾਲ ਵਧੇਰੇ ਲੋਕਾਂ ‘ਚ ਹੋ ਜਾਂਦੀ ਹੈ ਪਰ ਸਹੀ ਸਮੇਂ ‘ਤੇ ਪਹਿਚਾਣ ਕਰ ਲੈਣ ‘ਤੇ ਬਚਾਅ ਕੀਤਾ ਜਾ ਸਕਦਾ ਹੈ। ਉਮਰ ਵਧਣ ‘ਤੇ ਪੁਰਾਣੀਆਂ ਕੋਸ਼ਿਕਾਵਾਂ ਅੱਖਾਂ ਦੇ ਰੈਟਿਨਾ ਦੇ ਕੇਂਦਰ ਨੂੰ ਪ੍ਰਭਾਵਿਤ ਕਰਨ ਲੱਗਦੀਆਂ ਹਨ। ਇਸ ਨਾਲ ਰੋਗੀ ਨੂੰ ਚੀਜਾਂ ਇਸ ਤਰ੍ਹਾਂ ਦਿਖਾਈ ਦਿੰਦੀਆਂ ਹਨ, ਜਿਵੇਂ ਧੁੰਦ ਪਈ ਹੋਣ ‘ਤੇ ਨਜਰ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਕਾਲਾ ਮੋਤੀਆ ਹੋਣ ਕਾਰਨ ਅੱਖਾਂ ‘ਚ ਲਾਲੀ ਤੇ ਪਾਣੀ ਆਉਣਾ, ਅੱਖ ਦੀ ਪੁਤਲੀ ਦਾ ਆਕਾਰ ਵੱਡਾ ਹੋਣਾ, ਘੱਟ ਵਿਖਾਈ ਦੇਣਾ, ਅੱਖ ਦੇ ਲੈਂਜ ਉੱਤੇ ਖਿਚਾਅ ਆਉਣਾ, ਸਿਰ ਵਿਚ ਦਰਦ ਹੋਣਾ, ਚਸ਼ਮੇ ਦਾ ਨੰਬਰ ਵਾਰ-ਵਾਰ ਬਦਲਣਾ ਤੋਂ ਇਲਾਵਾ ਸ਼ੂਗਰ ਤੇ ਬਲੱਡ ਪਰੈਸ਼ਰ ਦੀ ਬਿਮਾਰੀ ਦਾ ਹੋਣਾ ਆਦਿ ਅੱਖਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਜੇ ਕਾਲੇ ਮੋਤੀਏ ਕਾਰਨ ਰੋਜ਼ਾਨਾ ਦੇ ਕੰਮ ਕਰਨ ਵਿਚ ਕੋਈ ਪੇ੍ਸ਼ਾਨੀ ਹੋ ਰਹੀ ਹੈ ਤਾਂ ਉਸ ਲਈ ਸਰਜਰੀ ਕਰਵਾਉਣ ਦੀ ਜਰੂਰਤ ਪੈ ਜਾਂਦੀ ਹੈ, ਜੋ ਸੁਰੱਖਿਅਤ ਤੇ ਪ੍ਰਭਾਵੀ ਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਕਾਲਾ ਮੋਤੀਆ ਜਾਂ ਗੁਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿਚ ਰੁਕਾਵਟ ਆਉਣ ਲੱਗਦੀ ਹੈ। ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਐਕਵਿਸ ਹਿਊਮਰ ਦੇ ਵਹਾਅ ਵਿੱਚ ਪੇ੍ਸ਼ਾਨੀ ਹੁੰਦੀ ਹੈ ਅਤੇ ਅੱਖਾਂ ਦਾ ਦਬਾਅ ਵਧਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਦਿਵੇਸ਼ ਕੁਮਾਰ, ਹਰਮੀਤ ਸਿੰਘ, ਬੀਸੀਸੀ ਸੁਖਦੇਵ ਸਿੰਘ, ਅਤਿੰਦਰਪਾਲ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਕ੍ਰਿਸ਼ਨ ਕੰਬੋਜ, ਸਵਰਨ ਸਿੰਘ ਆਦਿ ਹਾਜਰ ਸਨ।