2 ਕਾਰਾਂ ‘ਚ ਆਏ ਬਦਮਾਸ਼ਾਂ ਨੇ ਏਅਰਪੋਰਟ ਰੋਡ ‘ਤੇ ਸ਼ਾਪਿੰਗ ਮਾਲ ਦੇ ਬਾਹਰ ਕੀਤੀ ਤਾਂਬੜਤੋੜ ਫਾਈਰਿੰਗ
ਅਨੁਭਵ ਦੂਬੇ, ਚੰਡੀਗੜ੍ਹ 4 ਮਾਰਚ 2024
ਜੰਮੂ ਜੇਲ੍ਹ ਤੋਂ ਬਾਹਰ ਆ ਕੇ ਪ੍ਰੋਪਰਟੀ ਡੀਲਿੰਗ ਦੇ ਧੰਦੇ ਨਾਲ ਜੁੜੇ ਗੈਂਗਸਟਰ ਰਾਜੇਸ਼ ਡੋੋਗਰਾ ਉਰਫ ਮੋਹਨ (45) ਨੂੰ 2 ਗੱਡੀਆਂ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਅੱਜ ਏਅਰਪੋਰਟ ਰੋਡ ‘ਤੇ ਸੈਕਟਰ-67 ਸਥਿਤ ਸੀਪੀ-16 ਸ਼ਾਪਿੰਗ ਮਾਲ ਨੇੜੇ ਤਾਂਬੜਤੋੜ ਫਾਈਰਿੰਗ ਕਰਕੇ, ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤੀ। ਹਮਲਾਵਰਾਂ ਵੱਲੋਂ 18 ਰਾਉਂਡ ਫਾਇਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਮਲਾਵਰ, ਰਾਜੇਸ਼ ਡੋਗਰਾ ਦੀ ਹੱਤਿਆ ਤੋਂ ਬਾਅਦ ਚੰਡੀਗੜ੍ਹ ਰੋਡ ਵੱਲ ਫ਼ਰਾਰ ਹੋ ਗਏ।
ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਪੁਲਿਸ ਪਾਰਟੀ ਸਣੇ ਮੌਕਾ ਵਾਲੀ ਥਾਂ ’ਤੇ ਪਹੁੰਚੇ। ਪੁਲਿਸ ਵੱਲੋਂ ਮਾੱਲ ਦੇ ਆਲੇ-ਦੁਆਲੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਡੋਗਰਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਵੇਰਵਿਆਂ ਮੁਤਾਬਿਕ ਰਾਜੇਸ਼ ਖ਼ਿਲਾਫ਼ 8 ਕੇਸ ਦਰਜ ਹਨ । ਪੁਲਿਸ ਨੇ ਰਾਜੇਸ਼ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਗੋਲੀਬਾਰੀ ਕਰਨ ਵਾਲੇ ਵੀ ਜੰਮੂ-ਕਸ਼ਮੀਰ ਦੇ ਹੀ ਰਹਿਣ ਵਾਲੇ ਹਨ। ਮੋਹਾਲੀ ਪੁਲਿਸ ਨੇ ਜੰਮੂ ਕਸ਼ਮੀਰ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਨੇੜਿਓਂ ਜੰਮੂ-ਕਸ਼ਮੀਰ ਦੀ ਇੱਕ ਗੱਡੀ ਵੀ ਜ਼ਬਤ ਕੀਤੀ ਹੈ।
ਐਸਐਸਪੀ ਨੇ ਕਿਹਾ- 10 ਗੋਲੀਆਂ ਚਲਾਈਆਂ ਗਈਆਂ
ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਡੋਗਰਾ ਦਾ ਆਧਾਰ ਕਾਰਡ ਬਰਾਮਦ ਹੋਇਆ ਹੈ। ਪੁਲਿਸ ਨੂੰ ਤਫਤੀਸ਼ ਦੌਰਾਨ ਕੁਝ ਅਹਿਮ ਸੁਰਾਗ ਵੀ ਮਿਲੇ ਹਨ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਕਤਲ ਅਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੋਗਰਾ ਨੂੰ ਕਰੀਬ 10 ਗੋਲੀਆਂ ਲੱਗੀਆਂ। ਜਿਸ ਕਾਰਨ ਉਸ ਦੀ ਮੌਤ ਹੋ ਗਈ।
ਗੈਂਗਸਟਰ ਜਿਉਣਾ ਚਾਹੁੰਦਾ ਸੀ ਆਮ ਜਿੰਦਗੀ
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਜਸਕਰਨ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਰਾਜੇਸ਼ ਡੋਗਰਾ ਪ੍ਰਾਪਰਟੀ ਦੇ ਕੰਮ ਲਈ ਮੋਹਾਲੀ ਆਇਆ ਸੀ । ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਉਹ ਆਮ ਜ਼ਿੰਦਗੀ ਜਿਊਣਾ ਚਾਹੁੰਦਾ ਸੀ। ਜਿਸ ਕਾਰਨ ਉਸ ਨੇ ਪ੍ਰਾਪਰਟੀ ਡੀਲਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਏਡੀਜੀਪੀ ਜਸਕਰਨ ਸਿੰਘ ਨੇ ਕਿਹਾ ਕਿ ਗੈਂਗ ਵਾਰ ਦੇ ਹੋਣ ਸਬੰਧੀ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਜੇਸ਼ ਡੋਗਰਾ ਉਰਫ਼ ਮੋਹਨ ਆਪਣੇ ਦੋ ਸਾਥੀਆਂ ਨਾਲ ਪੈਦਲ ਹੀ ਜਾ ਰਿਹਾ ਸੀ। ਇਸ ਦੌਰਾਨ ਜੰਮੂ ਕਸ਼ਮੀਰ ਨੰਬਰ ਵਾਲੀ ਸਕਾਰਪੀਓ ਗੱਡੀ ਅਤੇ ਚੰਡੀਗੜ੍ਹ ਨੰਬਰ ਵਾਲੀ ਗੱਡੀ ਆ ਗਈ। ਹਮਲਾਵਰਾਂ ਨੇ ਡੋਗਰਾ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਡੋਗਰਾ ਦੇ ਦੋਵੇਂ ਸਾਥੀ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਕਰਨ ਵਾਲਿਆਂ ਦੀ ਗਿਣਤੀ 4 ਦੱਸੀ ਜਾ ਰਹੀ ਹੈ।