ਧਰੀਆਂ ਧਰਾਈਆਂ ਰਹਿਗੀਆਂ ਆਪ ਵਾਲਿਆਂ ਦੀਆਂ ਘੜੀਆਂ ਸਕੀਮਾਂ
ਹਰਿੰਦਰ ਨਿੱਕਾ, ਬਰਨਾਲਾ 5 ਫਰਵਰੀ 2024
ਨਗਰ ਕੌਂਸਲ ਬਰਨਾਲਾ ਦੇ ਕੌਂਸਲਰਾਂ ਦੀ ਅੱਜ ਹੋਣ ਵਾਲੀ ਮੀਟਿੰਗ ‘ਚ ਸੱਤਾਧਾਰੀਆਂ ਦੀ ਗਿਣਤੀ ਹਾਊਸ ਵਿੱਚ ਘੱਟ ਰਹਿ ਜਾਣ ਕਾਰਣ, ਉਨ੍ਹਾਂ ਦੀਆਂ ਘੜੀਆਂ ਸਭ ਸਕੀਮਾਂ ਫਿਲਹਾਲ ਧਰੀਆਂ-ਧਰਾਈਆਂ ਹੀ ਰਹਿ ਗਈਆਂ। ਤਣਾਅਪੂਰਣ ਮਾਹੌਲ ਦਾ ਹਵਾਲਾ ਦੇ ਕੇ ਕਾਰਜ ਸਾਧਕ ਅਫਸਰ ਨੇ ਮੀਟਿੰਗ ਹੀ ਮੁਲਤਵੀ ਕਰ ਦਿੱਤੀ। ਨਗਰ ਕੌਂਸਲ ਦੇ ਅਹੁਦਿਉਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ਵਿੱਚ ਪੂਰੀ ਤਿਆਰੀ ਅਤੇ ਰਣਨੀਤੀ ਨਾਲ ਪਹੁੰਚੇ 12 ਕੌਂਸਲਰ ਮੀਟਿੰਗ ਲਈ ਨਿਸਚਿਤ ਸਮੇਂ ਸਿਰ ਦਫਤਰ ਵਿੱਚ ਪਹੁੰਚ ਕੇ ਮੋਰਚੇ ਤੇ ਡਟ ਗਏ। ਪਰੰਤੂ ਮੀਟਿੰਗ ਲਈ ਨਿਸਚਿਤ ਸਮੇਂ ਤੇ ਆਪ ਦੇ ਬਹੁਤੇ ਕੌਂਸਲਰ ਦਫਤਰ ਵਿੱਚ ਨਾ ਪਹੁੰਚ ਸਕੇ । ਕਾਰਜ ਸਾਧਕ ਅਫਸਰ ਵਿਸ਼ਾਲਦੀਪ ਬਾਂਸਲ ਨੇ ਵੀ ਕੋਈ ਪ੍ਰਸ਼ਾਸ਼ਨਿਕ ਕੰਮ ਦਾ ਹਵਾਲਾ ਦੇ ਕੇ ਹਾਊਸ ਦੀ ਮੀਟਿੰਗ ਵਿੱਚ ਆਉਣ ਲਈ ਕੁੱਝ ਸਮਾਂ ਟਾਲਮਟੋਲ ਕਰਕੇ ਲੰਘਾਇਆ। ਮੀਟਿੰਗ ਲਈ ਨਿਸਚਿਤ ਸਮੇਂ ਤੋਂ ਕਰੀਬ ਅੱਧਾ ਘੰਟਾ ਦੇਰੀ ਨਾਲ ਮੀਟਿੰਗ ਸ਼ੁਰੂ ਹੋਈ।
ਹਾਊਸ ਦੀ ਪ੍ਰਧਾਨਗੀ ਦਾ ਫਸ ਗਿਆ ਪੇਚ…!
ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਦੀ ਅਣਹੋਂਦ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਗੁਰਜੀਤ ਸਿੰਘ ਰਾਮਣਵਾਸੀਆਂ ਦੀ ਅਗਵਾਈ ਵਾਲੇ ਧੜੇ ਨੇ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਦਾ ਨਾਮ ਪਰਪੋਜ਼ ਕਰ ਦਿੱਤਾ,ਜਦੋਂਕਿ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ @ ਬੰਟੀ ਦੀ ਅਗਵਾਈ ਵਾਲੇ ਧੜੇ ਨੇ ਪਰਮਜੀਤ ਸਿੰਘ ਜ਼ੌਂਟੀ ਮਾਨ ਦਾ ਨਾਮ ਪਰਪੋਜ ਕਰ ਦਿੱਤਾ । ਮੀਟਿੰਗ ਦੇ ਬਹੁਗਿਣਤੀ ਧੜੇ ‘ਚੋਂ ਇੱਕ ਕੌਂਸਲਰ ਨੇ ਪ੍ਰਧਾਨਗੀ ਲਈ ਹੱਥ ਖੜ੍ਹੇ ਕਰਨ ਲਈ ਹੋਕਰਾ ਮਾਰ ਦਿੱਤਾ। ਜਦੋਂ ਬਹੁਗਿਣਤੀ ਮੈਂਬਰ ਭੁਪਿੰਦਰ ਸਿੰਘ ਭਿੰਦੀ ਦੇ ਹੱਕ ਵਿੱਚ ਆ ਗਏ ਤਾਂ ਕੌਂਸਲਰ ਰੁਪਿੰਦਰ ਸ਼ੀਤਲ ਦੇ ਧੜੇ ਵੱਲੋਂ ਪ੍ਰਧਾਨਗੀ ਲਈ ਪੇਸ਼ ਕੀਤੇ ਕੌਂਸਲਰ ਪਰਮਜੀਤ ਸਿੰਘ ਜ਼ੌਂਟੀ ਮਾਨ ਨੇ ਖੁਦ ਨੂੰ ਇਸ ਦੌੜ ਵਿੱਚੋਂ ਬਾਹਰ ਕਰਦਿਆਂ ਭੁਪਿੰਦਰ ਸਿੰਘ ਭਿੰਦੀ ਨੂੰ ਹੀ ਪ੍ਰਧਾਨਗੀ ਕਰਨ ਲਈ ਸਹਿਮਤੀ ਦੇ ਦਿੱਤੀ।
ਭੁਪਿੰਦਰ ਭਿੰਦੀ ਨੇ ਕਿਹਾ! ਕੌਂਸਲਰਾਂ ਦੇ ਪਰਿਵਾਰਿਕ ਜਾਉ ਬਾਹਰ…!
ਭੁਪਿੰਦਰ ਸਿੰਘ ਭਿੰਦੀ ਨੇ ਮੀਟਿੰਗ ਵਿੱਚ ਕੁੱਝ ਕੌਂਸਲਰਾਂ ਦੀ ਥਾਂ ਤੇ ਬੈਠੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੀਟਿੰਗ ਵਿੱਚੋਂ ਬਾਹਰ ਚਲੇ ਜਾਣ ਲਈ ਕਿਹਾ ਤਾਂ ਹਾਊਸ ਵਿੱਚ ਤਕਰਾਰਬਾਜੀ ਸ਼ੁਰੂ ਹੋ ਗਈ ‘ਤੇ ਮਾਹੌਲ ਤਣਾਅਪੂਰਨ ਹੋ ਗਿਆ। ਬੇਸ਼ੱਕ ਭੁਪਿੰਦਰ ਸਿੰਘ ਭਿੰਦੀ ਦੀ ਇਹ ਗੱਲ ਕਾਨੂੰਨਨ ਤੌਰ ਤੇ ਵਾਜਿਬ ਵੀ ਸੀ, ਪਰੰਤੂ ਫਿਰ ਵੀ ਸੱਤਾਧਾਰੀ ਧਿਰ ਦੇ ਮੈਂਬਰਾਂ ਨੇ ਅਜਿਹਾ ਪਹਿਲਾਂ ਵੀ ਹੁੰਦੇ ਰਹਿਣ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਆਖਿਰ ਹਾਊਸ ਵਿੱਚ ਬੈਠੇ ਆਪ ਕੌਂਸਲਰ ਮੀਟਿੰਗ ਛੱਡ ਕੇ ਚਲੇ ਗਏ ਅਤੇ ਉਨ੍ਹਾਂ ਈਓ ਨੂੰ ਵੀ ਦਫਤਰ ਦੇ ਰਿਟਾਇਰਿੰਗ ਰੂਮ ਵਿੱਚ ਬੁਲਾ ਲਿਆ। ਪਰੰਤੂ ਮੀਟਿੰਗ ਵਿੱਚ ਤਕਰਾਰਬਾਜੀ ਵਧਦੀ ਦੇਖ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਇਸ ਦੀ ਪੁਸ਼ਟੀ ਈਓ ਵਿਸ਼ਾਲਦੀਪ ਬਾਂਸਲ ਨੇ ਵੀ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 31 ਮੈਂਬਰੀ ਹਾਊਸ ਦੇ 19 ਮੈਂਬਰ ਹੀ ਮੌਜੂਦ ਸਨ, ਕੌਰਮ ਬੇਸ਼ੱਕ ਪੂਰਾ ਸੀ। ਪਰੰਤੂ ਮਾਹੌਲ ਤਕਰਾਰਬਾਜੀ ਵਾਲਾ ਬਣ ਜਾਣ ਕਾਰਣ, ਹਾਜਿਰ ਮੈਂਬਰਾਂ ਦੀ ਸਹਿਮਤੀ ਨਾਲ ਮੀਟਿੰਗ ਮੁਲਤਵੀ ਕਰ ਦਿੱਤੀ ਗਈ। ਅੱਗੋਂ ਫਿਰ ਮੀਟਿੰਗ ਦੀ ਤਾਰੀਖ ਮੁਕਰਰ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਲਈ ਚੁਣੇ ਚੇਅਰਮੈਨ ਭੁਪਿੰਦਰ ਸਿੰਘ ਭਿੰਦੀ ਨੇ ਮੀਡੀਆ ਨੂੰ ਕਿਹਾ ਕਿ ਮੈਂ ਗਰੀਬ ਵਰਗ ਨਾਲ ਸਬੰਧਿਤ ਹਾਂ ਅਤ਼ੇ ਆਮ ਆਦਮੀ ਪਾਰਟੀ ਨੇ ਮੈਨੂੰ ਪਾਰਟੀ ਵਿੱਚੋਂ ਕੱਢਿਆ ਹੋਇਆ ਹੈ। ਮੇਰੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਆਪ ਕੌਂਸਲਰਾਂ ਨੂੰ ਹਜ਼ਮ ਨਹੀਂ ਆ ਸਕੀ। ਜਿਸ ਕਾਰਣ, ਉਨ੍ਹਾਂ ਬੇਵਜ੍ਹਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਰਾਮਣਵਾਸਆਂ ਦੀ ਅਗਵਾਈ ਵਾਲੇ ਮੈਂਬਰਾਂ ਦੀ ਗਿਣਤੀ 12 ਸੀ ਅਤੇ ਆਪ ਵਾਲਿਆਂ ਦੀ ਸਿਰਫ 7 ਹੀ ਸੀ। ਜਿਸ ਦੇ ਚਲਦਿਆਂ, ਉਨ੍ਹਾਂ ਨੂੰ ਸਾਫ ਪਤਾ ਲੱਗ ਗਿਆ ਸੀ ਕਿ ਹਾਊਸ ਦੀ ਪ੍ਰਵਾਨਗੀ ਲਈ ਰੱਖੇ ਮਤਿਆਂ ਵਿੱਚੋਂ ਸਭ ਤੋਂ ਅਹਿਮ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਜਗ੍ਹਾ ਨੂੰ ਸਟੇਡੀਅਮ ਵਿੱਚ ਬਦਲੇ ਜਾਣ ਦੇ ਮਤੇ ਸਣੇ ਹੋਰ ਕਈ ਮਤੇ, ਜਿਹੜੇ ਸੱਤਾਧਾਰੀ ਧਿਰ ਪਾਸ ਕਰਵਾਉਣਾ ਚਾਹੁੰਦੀ ਸੀ, ਉਹ ਪ੍ਰਵਾਨ ਨਹੀਂ ਹੋਣੇ। ਇਸ ਤਰਾਂ ਹੋਣ ਵਾਲੀ ਫਜੀਹਤ ਤੋਂ ਬਚਣ ਲਈ, ਆਪ ਕੌਂਸਲਰ ਮੀਟਿੰਗ ਕਰਨੋ ਭੱਜ ਗਏ। ਗੁਰਜੀਤ ਸਿੰਘ ਰਾਮਣਵਾਸੀਆ, ਧਰਮ ਸਿੰਘ ਫੌਜੀ ਆਦਿ ਮੈਂਬਰਾਂ ਨੇ ਭੁਪਿੰਦਰ ਸਿੰਘ ਭਿੰਦੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਈ।
ਕੌਂਸਲਰ ਹੇਮ ਰਾਜ ਗਰਗ ਨੇ ਕਿਹਾ ਭੁਪਿੰਦਰ ਭਿੰਦੀ ਦੇ ਦੋਸ਼ ਗਲਤ..
ਆਪ ਆਗੂ ਤੇ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ ਦੇ ਧੜੇ ਵੱਲੋਂ ਕੌਂਸਲਰ ਹੇਮ ਰਾਜ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭੁਪਿੰਦਰ ਭਿੰਦੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਿੰਦੀ ਵੱਲੋਂ ਕੋਂਸਲਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਬਾਹਰ ਚਲੇ ਜਾਣ ਦੀ ਗੱਲ, ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਖੀ ਗਈ ਸੀ। ਜਦੋਂ ਕੁੱਝ ਕੋਂਸਲਰਾਂ ਦੇ ਪਰਿਵਾਰਿਕ ਮੈਂਬਰ ਦਫਤਰ ਵਿੱਚ ਬੈਠੇ ਸਨ, ਉਦੋਂ ਹਾਲੇ ਮੀਟਿੰਗ ਸ਼ੁਰੂ ਹੀ ਨਹੀਂ ਸੀ ਹੋਈ। ਇਸ ਲਈ, ਬਿਨਾਂ ਮੀਟਿੰਗ ਤੋਂ ਕਿਸੇ ਵੀ ਕੋਂਸਲਰ ਦੇ ਪਰਿਵਾਰਿਕ ਮੈਂਬਰ ਨੂੰ ਦਫਤਰ ਵਿੱਚੋਂ ਬਾਹਰ ਚਲੇ ਜਾਣ ਲਈ ਕਹਿਣ ਤੇ ਰੋਸ ਜਾਹਿਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਗੱਲ ਤੋਂ ਹਰ ਵਿਅਕਤੀ ਜਾਣੂ ਹੈ ਕਿ ਮੀਟਿੰਗ ਵਿੱਚ ਸਿਰਫ ਮੈਂਬਰ ਹੀ ਹਿੱਸਾ ਲੈ ਸਕਦਾ ਹੈ,ਉਸ ਦਾ ਕੋਈ ਪਰਿਵਾਰਿਕ ਮੈਂਬਰ ਨਹੀਂ। ਨਗਰ ਕੌਂਸਲ ਦੀ ਮੀਟਿੰਗ ਵਿੱਚ ਕੌਂਸਲਰ ਗੁਰਜੀਤ ਸਿੰਘ ਰਾਮਣਵਾਸੀਆ, ਭੁਪਿੰਦਰ ਸਿੰਘ ਭਿੰਦੀ, ਧਰਮ ਸਿੰਘ ਫੌਜੀ, ਜਗਜੀਤ ਸਿੰਘ ਜੱਗੂ ਮੋਰ, ਹਰਬਖਸ਼ੀਸ਼ ਸਿੰਘ ਗੋਨੀ, ਗੁਰਪ੍ਰੀਤ ਸਿੰਘ ਕਾਕਾ, ਅਜੇ ਕੁਮਾਰ, ਗਿਆਨ ਕੌਰ, ਦੀਪਿਕਾ ਸ਼ਰਮਾ, ਸ਼ਬਾਨਾ, ਰਾਣੀ ਕੌਰ ,ਰਣਦੀਪ ਕੌਰ ਬਰਾੜ,ਕਰਮਜੀਤ ਕੌਰ ਰੁਪਾਣਾ, ਸਰੋਜ ਰਾਣੀ, ਸਿੰਦਰ ਪਾਲ ਕੌਰ, ਰੁਪਿੰਦਰ ਸਿੰਘ ਸ਼ੀਤਲ, ਮਲਕੀਤ ਸਿੰਘ, ਪਰਮਜੀਤ ਸਿੰਘ ਜੌਂਟੀ ਮਾਨ, ਰੇਨੂੰ ਧਰਮਾ, ਜੀਵਨ ਕੁਮਾਰ, ਧਰਮਿੰਦਰ ਸਿੰਘ ਸ਼ੰਟੀ, ਹੇਮਰਾਜ ਗਰਗ ,ਬਲਵੀਰ ਸਿੰਘ ਆਦਿ, ਇੱਨ੍ਹਾਂ ਵਿੱਚੋਂ ਵੀ ਕੁੱਝ ਮੈਂਬਰ ਪ੍ਰੋਸੀਡਿੰਗ ਬੁੱਕ ਤੇ ਦਸਤਖਤ ਹੋਣ ਤੋਂ ਬਾਅਦ ਨਗਰ ਕੌਂਸਲ ਦਫਤਰ ਪਹੁੰਚੇ ਸਨ।