CIA ਬਰਨਾਲਾ ‘ਚ ਵਿਜੀਲੈਂਸ ਦਾ ਛਾਪਾ, ਫੜ੍ਹ ਲਿਆ ਰਿਸ਼ਵਤ ਲੈਂਦਾ ਥਾਣੇਦਾਰ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 6 ਫਰਵਰੀ 2024
      ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਜੀਲੈਂਸ ਦੀ ਟੀਮ ਨੇ ਸੀ.ਆਈ.ਏ. ਬਰਨਾਲਾ ‘ਚ ਟ੍ਰੈਪ ਲਗਾ ਕੇ ਉੱਥੇ ਕੁੱਝ ਦਿਨਾਂ ਲਈ ਹੀ ਤਾਇਨਾਤ ਕੀਤੇ  ਪੁਲਿਸ ਸਬ-ਇੰਸਪੈਕਟਰ ਮਨਜਿੰਦਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਜਿਕਰਯੋਗ ਹੈ ਕਿ ਮਨਜਿੰਦਰ ਸਿੰਘ ਨੂੰ ਹਾਲੇ ਕੁੱਝ ਦਿਨ ਪਹਿਲਾਂ ਹੀ ਥਾਣਾ ਸਿਟੀ ਕੋਤਵਾਲੀ ਬਰਨਾਲਾ ਤੋਂ ਬਦਲ ਕੇ ਸੀਆਈਏ ਲਗਾਇਆ ਗਿਆ ਸੀ। ਪਰੰਤੂ ਉਸ ਦੀ ਰੌਂਗ ਰਿਪੋਰਟ ਮਿਲਦਿਆਂ ਹੀ ਐਸ ਆਈ ਮਨਜਿੰਦਰ ਸਿੰਘ ਨੂੰ ਐਸ ਐਸ ਪੀ ਸੰਦੀਪ ਮਲਿਕ ਨੇ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਸੀ। ਅੱਜ ਓੁਹ ਸੀ.ਆਈ.ਏ. ਦੇ ਕਾਰਜਕਾਰੀ ਇੰਚਾਰਜ ਵਜੋਂ ਚਾਰਜ ਛੱਡਣ ਲਈ ਪਹੁੰਚਿਆਂ ਹੋਇਆ ਸੀ।                                                 
   ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਐਸ ਆਈ ਮਨਜਿੰਦਰ ਸਿੰਘ ਨੂੰ ਬਰਨਾਲਾ ਸ਼ਹਿਰ ਦੇ ਕਾਰ ਡੀਲਰ ਸਿਮਰਦੀਪ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
   ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਸ ਦਾ ਮੋਗਾ ਸ਼ਹਿਰ ਦੇ ਰਹਿਣ ਵਾਲੇ ਧਰਮਪਾਲ ਨਾਲ ਸਕਾਰਪੀਓ ਗੱਡੀ ਵੇਚਣ ਨੂੰ ਲੈ ਕੇ ਥਾਣਾ ਸਿਟੀ ਕੋਤਵਾਲੀ ਬਰਨਾਲਾ ਵਿਖੇ ਪੈਸਿਆਂ ਦੇ ਲੈਣ ਦੇਣ ਸਬੰਧੀ ਸ਼ਕਾਇਤ ਦੀ ਪੜਤਾਲ ਐਸ ਆਈ ਮਨਜਿੰਦਰ ਸਿੰਘ ਕਰ ਰਿਹਾ ਹੈ । ਐਸ.ਆਈ. ਮਨਜਿੰਦਰ ਸਿੰਘ ਦੂਜੀ ਧਿਰ ਨਾਲ ਸਮਝੌਤਾ ਕਰਨ ਲਈ ਉਸ ‘ਤੇ ਦਬਾਅ ਪਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਮਝੌਤਾ ਨਾ ਕਰਨ ਦੀ ਸੂਰਤ ਵਿੱਚ ਉਸ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਦਾ ਡਰਾਵਾ ਦੇ ਕੇ ਐਸ ਆਈ ਮਨਜਿੰਦਰ ਸਿੰਘ ਉਸ ਪਾਸੋਂ 15,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
   ਵਿਜੀਲੈਂਸ ਦੇ ਬੁਲਾਰੇ ਅਨੁਸਾਰ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਪਟਿਆਲਾ ਰੇਂਜ ਤੋਂ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਾਲ ਵਿਛਾ ਕੇ ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀ ਪੁਲਿਸ ਮੁਲਾਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਐਸ.ਆਈ. ਮਨਜਿੰਦਰ ਸਿੰਘ ਨੇ ਅੱਜ ਸੀਆਈਏ ਦੇ ਆਰਜੀ ਇੰਚਾਰਜ ਵਜੋਂ ਚਾਰਜ ਛੱਡਣ ਮੌਕੇ ਸ਼ਕਾਇਤਕਰਤਾ ਕਾਰ ਡੀਲਰ ਸਿਮਰਦੀਪ ਸਿੰਘ ਨੂੰ ਸੀਆਈਏ ਵਿਖੇ ਹੀ ਰਿਸ਼ਵਤ ਲੈਣ ਲਈ ਬੁਲਾਇਆ ਹੋਇਆ ਸੀ। ਜਿਵੇਂ ਹੀ ਉਸ ਨੇ ਰਿਸ਼ਵਤ ਦੀ ਰਕਮ ਫੜ੍ਹੀ, ਉਦੋਂ ਹੀ ਪਹਿਲਾਂ ਤੋਂ ਘਾਤ ਲਗਾਈ ਖੜ੍ਹੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਦਬੋਚ ਲਿਆ। 

Advertisement
Advertisement
Advertisement
Advertisement
Advertisement
error: Content is protected !!