ਅਸ਼ੋਕ ਵਰਮਾ, ਮਲੋਟ 30 ਜਨਵਰੀ 2024
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਸਰਕਾਰ ਦੇ ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ’ਜਲਗਾਹ ਬਚਾਓ’ ਵਿਸ਼ੇ ਤੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੇਂਟਿੰਗ ਤੇ ਪੋਸਟਰ ਤਿਆਰ ਕਰਕੇ ਜਲਗਾਹਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕਰਦੇ ਹੋਏ ਸਮਾਜ ਨੂੰ ਢੁੱਕਵਾਂ ਸੰਦੇਸ਼ ਦਿੱਤਾ। ਭਾਸ਼ਣ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਚਿੰਤਾ ਜਾਹਰ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਜਲਗਾਹਾਂ ਜਿਥੇ ਵੱਖ-ਵੱਖ ਜਲ ਜੀਵ ਜੰਤੂਆਂ ਦੀ ਜੀਵਨ ਭੂਮੀ ਹੈ ਉੱਥੇ ਹੀ ਸਾਡਾ ਭਵਿੱਖ ਵੀ ਇਹਨਾਂ ਜਲਗਾਹਾਂ ਨਾਲ ਹੀ ਜੁੜਿਆ ਹੈ। ਉਹਨਾਂ ਕਿਹਾ ਕਿ ਜੇਕਰ ਅੱਜ ਅਸੀਂ ਇਹਨਾਂ ਦੀ ਸੰਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਜਲਗਾਹਾਂ ਦੀ ਹੋਂਦ ਖਤਮ ਹੋ ਜਾਵੇਗੀ ਤੇ ਫਿਰ ਸਾਨੂੰ ਜ਼ਿੰਦਗੀ ਭਰ ਪਛਤਾਉਣਾ ਪਵੇਗਾ।ਇਸ ਸਮੇਂ ਸਕੂਲ ਦੀ ਮੁੱਖ ਅਧਿਆਪਕਾ ਡਿੰਪਲ ਵਰਮਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਅਗਵਾਈ ਹੇਠ ਵਾਤਾਵਰਨ ਬਚਾਉਣ ਹਿੱਤ ਬਹੱਦ ਸ਼ਲਾਘਾਯੋਗ ਕਾਰਜ ਕੀਤਾ ਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਗਾਹਾਂ ਸਬੰਧੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣ ਲਈ ਸ੍ਰੀਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਸੇ ਕੜੀ ਤਹਿਤ ਹੀ ਵਿਦਿਆਰਥੀਆਂ ਦੇ ਮੁਕਾਬਲਿਆਂ ਰਾਹੀਂ ਅੱਜ ਵਾਤਾਵਰਨ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਕਰਮਗੜ੍ਹ ਸਕੂਲ ਨੇ ਯੋਗਦਾਨ ਪਾਇਆ ਹੈ। ਇਸ ਸਮੇਂ ਸਕੂਲ ਦੇ ਅਧਿਆਪਕ ਧਰਮਵੀਰ, ਸੁਨੀਤਾ ਕੁਮਾਰੀ, ਸੰਜੈ ਕੁਮਾਰ, ਜੈਮਲ ਸਿੰਘ, ਰਵਿੰਦਰ ਸਿੰਘ, ਗਾਇਤਰੀ, ਗੁਰਜੀਤ ਕੌਰ ਵੀ ਹਾਜ਼ਰ ਸਨ। ਇਹਨਾਂ ਮੁਕਾਬਲਿਆਂ ਵਿੱਚ ਵਧੀਆ ਪਰਫਾਰਮੈਂਸ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਮਟੀਰੀਅਲ ਦੇ ਕੇ ਸਨਮਾਨਿਤ ਕੀਤਾ ਗਿਆ।
Advertisement