ਮੰਤਰੀ ਨੇ ਕੀਤਾ ਸਟੇਡੀਅਮ ਵਾਲੀ ਥਾਂ ਦਾ ਦੌਰਾ, ਸੀਨੀਅਰ ਅਧਿਕਾਰੀਆਂ ਨਾਲ ਕੀਤੀ ਬੈਠਕ
ਰਘਵੀਰ ਹੈਪੀ, ਸੰਘੇੜਾ (ਬਰਨਾਲਾ) 31 ਜਨਵਰੀ 2024
ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਹੁਲਾਰਾ ਦੇਣ ਲਈ ਅਤੇ ਪੰਜਾਬ ਨੂੰ ਖਿਡਾਰੀਆਂ ਦੀ ਨਰਸਰੀ ਬਣਾਉਣਾ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਨਵੇਂ ਉਪਰਾਲੇ ਕੀਤਾ ਜਾ ਰਹੇ ਹਨ । ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖੇਡਾਂ ਨੂੰ ਪੰਜਾਬ ‘ਚ ਨਵਾਂ ਰੂਪ ਦਿੱਤਾ ਗਿਆ ਹੈ ਜਿਸ ਨਾਲ ਜ਼ਮੀਨੀ ਪੱਧਰ ਤੱਕ ਹਰ ਇਕ ਖਿਡਾਰੀ ਖੇਡ ਦੀ ਬੁੱਕਲ ‘ਚ ਨਿੱਘ ਮਾਣ ਰਿਹਾ ਹੈ। ਇਸ ਨੂੰ ਹੋਰ ਵਧੇਰਾ ਹੁਲਾਰਾ ਦਿੰਦੇ ਹੋਏ ਜ਼ਿਲ੍ਹਾ ਬਰਨਾਲਾ ਦੇ ਸੰਘੇੜਾ ਖੇਤਰ ‘ਚ ਇੰਟੈਗਰੇਟਿਡ ਸਪੋਰਟਸ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਸ ਗੱਲ ਦਾ ਪ੍ਰਗਟਾਵਾ ਸ. ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਪੰਜਾਬ ਨੇ ਅੱਜ ਸੰਘੇੜਾ ਵਿਖੇ ਸਥਿਤ ਸਟੇਡੀਅਮ ਵਾਲੇ ਇਲਾਕੇ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕਰੀਬ 18 ਏਕੜ ਦੇ ਰਕਬੇ ‘ਚ ਇਸ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ ਜਿਥੇ ਹਰ ਪ੍ਰਕਾਰ ਦੀਆਂ ਖੇਡਾਂ ਦੇ ਗਰਾਉਂਡ, ਕੋਰਟ ਅਤੇ ਖਿਡਾਰੀਆਂ ਲਈ ਹੋਸਟਲ ਦੀ ਸਹੂਲਤ ਹੋਵੇਗੀ।
ਉਨ੍ਹਾਂ ਵਧੀਕ ਮੁੱਖ ਸਕੱਤਰ, ਖੇਡਾਂ ਸ. ਸਰਵਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਸ. ਸਤਵੰਤ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਖੇਡ ਵਿਭਾਗ ਵੱਲੋਂ ਪ੍ਰਸਤਾਵਿਤ ਨਕਸ਼ੇ ‘ਚ ਉਨ੍ਹਾਂ ਖਿਡਾਰੀਆਂ ਦੀ ਲੋੜ ਅਨੁਸਾਰ ਫੇਰ ਬਦਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਸਹਾਇਕ ਕਮਿਸ਼ਨਰ ਸ. ਸੁਖਪਾਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਆਰਕੀਟੈਕਟ ਸ਼੍ਰੀਮਤੀ ਦੀਪਾਲੀ, ਐਕਸ.ਈ.ਐਨ. ਲੋਕ ਨਿਰਮਾਣ ਵਿਭਾਗ ਸ੍ਰੀ ਦਵਿੰਦਰ ਪਾਲ ਸਿੰਘ, ਐਕਸ.ਈ.ਐਨ ਸੰਜੇ ਮਹਾਜਨ, ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ, ਜ਼ਿਲ੍ਹਾ ਲੋਕ ਸੰਪਰਕ ਅਫਸਰ ਮੇਘਾ ਮਾਨ ਅਤੇ ਹੋਰ ਅਫ਼ਸਰ ਮੌਜੂਦ ਸਨ।