ਰਾਮ ਰਹੀਮ ਨੇ 25 ਜਨਵਰੀ ਨੂੰ ਹੋਣ ਵਾਲੇ  ਸਮਾਗਮ ਦਾ ਦਾਇਰਾ ਵਧਾਇਆ

Advertisement
Spread information

ਅਸ਼ੋਕ ਵਰਮਾ ,ਬਠਿੰਡਾ 23 ਜਨਵਰੀ 2024

      ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਗੁਰੂ ਤੇ ਡੇਰੇ ਦੇ ਦੂਸਰੇ  ਮੁਖੀ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਏ ਜਾਣ ਵਾਲੇ ਮੁੱਖ ਸਮਾਗਮ ਦੌਰਾਨ ਲਗਾਤਾਰ ਵਧ ਰਹੇ ਇਕੱਠ ਅਤੇ ਕੜਾਕੇ ਦੀ ਠੰਢ ਨੂੰ ਦੇਖਦਿਆਂ ਇਸ ਵਾਰ ਦੇ ਸਮਾਗਮਾਂ ਦਾ ਦਾਇਰਾ ਵੱਖ ਵੱਖ ਸੂਬਿਆਂ ਤੱਕ ਵਧਾ ਦਿੱਤਾ ਹੈ। ਹਾਲਾਂਕਿ ਦੋ ਦਿਨ ਪਹਿਲਾਂ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ  ਮੁੱਖ ਡੇਰੇ ਸ਼ਾਹ ਸਤਿਨਾਮ ਜੀ ਰੁਹਾਨੀ ਧਾਮ ਸਿਰਸਾ ਵਿਖੇ ਵੱਡਾ ਸਮਾਗਮ ਕਰਵਾਇਆ ਜਾਏਗਾ ਪਰ ਹੁਣ ਪ੍ਰੋਗਰਾਮ ’ਚ ਤਬਦੀਲੀ ਕਰ ਦਿੱਤੀ ਗਈ ਹੈ। ਡੇਰਾ ਸੱਚਾ ਸੌਦਾ ਦੇ ਅਖਬਾਰ ਨੇ ਪ੍ਰੋਗਰਾਮ ’ਚ ਤਬਦੀਲੀ ਕਰਨ ਅਤੇ ਸਮਾਗਮ ਵਾਲੀਆਂ ਥਾਵਾਂ ਦੀ ਪੁਸ਼ਟੀ ਕੀਤੀ ਹੈ।
     ਜਾਣਕਾਰੀ ਅਨੁਸਾਰ ਬਠਿੰਡਾ ਜਿਲ੍ਹੇ  ‘ਚ ਪੈਂਦੇ ਆਪਣੇ ਪੰਜਾਬ ਦੇ ਸਭ ਤੋਂ ਵੱਡੇ ਹੈਡਕੁਆਟਰ ਸਲਾਬਤਪੁਰਾ ’ਚ 25 ਜਨਵਰੀ ਨੂੰ ਵੱਡਾ ਇਕੱਠ ਕਰਨ ਤੋਂ ਇਲਾਵਾ  ਹਰਿਆਣਾ ਦੇ  ਸਿਰਸਾ ’ਚ ਹੋਣ ਵਾਲੇ ਸਮਾਗਮ ਦੇ ਨਾਲ ਨਾਲ  ,ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ’ਚ ਵੱਖੋ ਵੱਖਰੇ ਸਮਾਗਮ ਕਰਵਾਉਣ ਦੀ ਰੂਪਰੇਖਾ ਉਲੀਕੀ ਗਈ ਹੈ। ਇਨ੍ਹਾਂ ਸਮਾਗਮਾਂ ਦੌਰਾਨ ਦੋ ਕਰੋੜ ਤੋਂ ਵੱਧ ਡੇਰਾ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੇ ਅਨੁਮਾਨ ਲਾਏ ਗਏ ਹਨ। ਡੇਰਾ ਸੱਚਾ ਸੌਦਾ ਸਿਰਸਾ ਦੇ ਦੂਸਰੇ ਗੁਰੂ ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਵਸ ਦੇ ਸਬੰਧ ’ਚ ਸਲਾਬਤਪੁਰਾ ਵਿਖੇ ਕਰਵਾਏ ਜਾ ਰਹੇ ਸਮਾਗਮ  ਨੂੰ ਲੈ ਕੇ ਪੰਜਾਬ ਦੇ ਡੇਰਾ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
      ਸਮਾਗਮ ਨੂੰ ਐਮ ਐਸ ਜੀ ਭੰਡਾਰੇ ਦਾ ਨਾਮ ਦਿੱਤਾ ਗਿਆ ਹੈ ਜਿਸ ਦੇ ਸ਼ਾਮ 12ਵਜੇ ਸ਼ੁਰੂ ਅਤੇ ਲਗਾਤਾਰ ਤਿੰਨ ਘੰਟੇ ਤੱਕ ਚੱਲਣ ਦੀ ਸੰਭਾਵਨਾ ਹੈ। ਡੇਰਾ ਸੱਚਾ  ਸੌਦਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸਮਾਗਮਾਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਸੰਬੋਧਨ ਕੀਤਾ ਜਾਣਾ ਹੈ ਜੋ  ਇਨ੍ਹਾਂ ਦਿਨਾਂ ਦੌਰਾਨ 50 ਦਿਨਾਂ ਦੀ ਪੈਰੋਲ ਤੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਬਰਨਾਵਾ ਡੇਰੇ ’ਚ ਰੁਕੇ ਹੋਏ ਹਨ। ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਦੇ ਮੰਤਵ ਨਾਲ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਲਈ ਡੇਰਾ ਸਿਰਸਾ ਦੇ ਵਲੰਟੀਅਰ ਪਿਛਲੇ ਕਈ ਦਿਨਾਂ ਤੋਂ ਜੁਟੇ ਹੋਏ ਹਨ । ਮਹੱਤਵਪੂਰਨ ਤੱਥ ਹੈ ਕਿ ਸਲਾਬਤਪੁਰਾ ਸਮਾਗਮਾਂ ਦੌਰਾਨ ਸੇਵਾ ਕਰਨ ਲਈ ਡੇਰਾ ਪੈਰੋਕਾਰ ਅੱਜ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ ਹਨ।
        ਇਸ ਪੱਤਰਕਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਸਮਾਗਮ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਦੇ ਅਧੀਨ ਪੈਂਦੇ ਸਮੁੱਚੇ ਇਲਾਕੇ ਨੂੰ ਦੁਲਹਨ ਵਾਂਗ ਸਜਾਇਆ ਜਾ ਰਿਹਾ।  ਗੌਰਤਲਬ ਹੈ ਕਿ ਜਦੋਂ ਡੇਰਾ ਸਰਸਾ ਮੁਖੀ ਵੱਲੋਂ ਜੇਲ੍ਹ ਜਾਣ ਤੋਂ ਪਹਿਲਾਂ ਆਪਣੇ ਗੁਰੂਆਂ ਦੀ ਯਾਦ ’ਚ ਸਮਾਗਮ ਕਰਵਾਏ ਜਾਂਦੇ ਸਨ ਤਾਂ ਉਦੋਂ ਵੀ ਵੱਡੇ ਇਕੱਠ ਹੁੰਦੇ ਰਹੇ ਹਨ। ਕੁੱਝ ਮਹੀਨੇ ਪਹਿਲਾਂ ਵੀ ਸਿਰਸਾ ਡੇਰੇ ਦੇ ਅੰਦਰ ਬਣੇ ਮੁੱਖ ਪੰਡਾਲ ਅਤੇ ਸੜਕਾਂ ਤੇ ਪਹਿਲਾਂ ਵਾਲਾ ਵਰਗਾ ਨਜ਼ਾਰਾ ਹੀ ਦਿਖਾਈ ਦਿੱਤਾ ਸੀ। ਪ੍ਰੋਗਰਾਮ ਦੇ ਸਮਾਪਤ ਹੋਣ ਤੋਂ ਬਾਅਦ ਦੇਰ ਰਾਤ ਤੱਕ ਸ਼ਰਧਾਲੂਆਂ ਦਾ ਸਿਰਸਾ ਤੋਂ ਬਾਹਰ ਜਾਣ ਲਈ ਮੇਲਾ ਲੱਗਿਆ ਰਿਹਾ ਸੀ। ਗੱਡੀਆਂ ਦਾ ਕਾਫਲਾ ਐਨਾ ਵੱਡਾ ਸੀ ਕਿ ਦੂਰ ਦੂਰ ਤੱਕ ਜਾਮ ਲੱਗੇ ਰਹੇ ਸਨ।
       ਡੇਰੇ ਵਿਚਲੇ ਸੂਤਰਾਂ ਦਾ ਦੱਸਣਾ ਹੈ ਕਿ ਕਿ ਤਾਜਾ ਰਣਨੀਤੀ ਨਾਲ ਇਕੱਠ ਵੰਡਿਆ ਜਾਏਗਾ ਅਤੇ ਜਾਮ ਕਾਰਨ ਹੁੰਦੀਆਂ ਦਿੱਕਤਾਂ ਤੋਂ ਆਮ ਲੋਕਾਂ ਨੂੰ ਰਾਹਤ ਮਿਲ ਸਕੇਗੀ। ਪ੍ਰਬੰਧਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੈਣ ਲੱਗੀ ਠੰਢ ਨੂੰ ਦੇਖਦਿਆਂ ਸ਼ਰਧਾਲੂਆਂ ਦੇ ਠਹਿਰਨ ਅਤੇ ਖਾਣ ਪੀਣ ਆਦਿ ਦੇ ਢੁੱਕਵੇਂ ਇੰਤਜਾਮ  ਕੀਤੇ ਜਾ ਰਹੇ  ਹਨ।    ਡੇਰੇ ਦੀ ਮੁੱਖ ਪ੍ਰਬੰਧਕੀ ਕਮੇਟੀ ਇਹਨਾਂ ਪ੍ਰਬੰਧਾਂ ਤੇ ਲਗਾਤਾਰ ਨਜ਼ਰਸਾਨੀ ਕਰ ਰਹੀ ਹੈ।ਇਨ੍ਹਾਂ ਪ੍ਰਬੰਧਾਂ ਨੂੰ ਪੁਖ਼ਤਾ ਬਨਾਉਣ ਲਈ ਲੋੜ ਅਨੁਸਾਰ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਇੱਕ ਮੋਹਰੀ ਡੇਰਾ ਆਗੂ ਪ੍ਰਬੰਧਕ ਨੇ ਦੱਸਿਆ ਕਿ ਭੰਡਾਰੇ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਅਨੁਸ਼ਾਸਨ ਬੱਧ ਤਰੀਕੇ ਨਾਲ ਕਰਵਾਉਣ ਲਈ ਵੱਖ-ਵੱਖ ਕਮੇਟੀਆਂ ਦੇ ਵਲੰਟੀਅਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ।      
ਸ਼ਰਧਾਲੂਆਂ ਵਿੱਚ ਉਤਸ਼ਾਹ: ਪ੍ਰਬੰਧਕ
      ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ 85 ਮੈਂਬਰ ਗੁਰਦੇਵ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਪੰਜਾਬ ਤੋਂ ਵੱਡੀ ਗਿਣਤੀ ਪੈਰੋਕਾਰ ਸਲਾਬਤਪੁਰਾ ਸਮਾਗਮਾਂ ’ਚ ਸ਼ਾਮਲ ਹੋਣਗੇ । ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਲਈ ਖਾਣ ਪੀਣ ਆਦਿ ਦੇ ਢੁੱਕਵੇਂ ਪ੍ਰਬੰਧ ਇੰਤਜਾਮ ਕੀਤੇ ਜਾ ਰਹੇ  ਹਨ।

Advertisement
Advertisement
Advertisement
Advertisement
Advertisement
Advertisement
error: Content is protected !!