ਅਸ਼ੋਕ ਵਰਮਾ , ਬਠਿੰਡਾ 23 ਜਨਵਰੀ 2024
ਜਦੋਂ ਕੋਈ ਵਿਅਕਤੀ ਮਨੁੱਖਤਾ ਦੀ ਸੇਵਾ ਕਰਨ ਦੇ ਜਨੂੰਨ ’ਚ ਦੂਰ ਦੁਰਾਡੇ ਜਾਕੇ ਵੀ ਲੋਕਾਈ ਦੀ ਪੀੜ ਨੂੰ ਹਰਨ ਦੀ ਕਸ਼ਿਸ਼ ਕਰੇ ਤਾਂ ਉਸ ਨੂੰ ਅਜੋਕੇ ਜਮਾਨੇ ’ਚ ਫਰਿਸ਼ਤਾ ਹੀ ਸਮਝਿਆ ਜਾਣਾ ਚਾਹੀਦਾ ਹੈ। ਅਜਿਹਾ ਨੌਜਵਾਨ ਸਹਿਯੋਗ ਵੈਲਫੇਅਰ ਕਲੱਬ ਬਠਿੰਡਾ ਦਾ ਪ੍ਰਧਾਨ ਗੁਰਵਿੰਦਰ ਸ਼ਰਮਾ ਹੈ ਜਿਸ ਨੇ ਮਾਨਵਤਾ ਭਲਾਈ ਕਾਰਜਾਂ ਨੂੰ ਆਪਣਾ ਟੀਚਾ ਬਣਾਇਆ ਹੋਇਆ ਹੈ।ਗੁਰਵਿੰਦਰ ਸ਼ਰਮਾ ਉਹ ਨੌਜਵਾਨ ਹੈ ਗਮੀ ਖੁਸ਼ੀ ਦੇ ਸਮਾਗਮਾਂ ਦੌਰਾਨ ਵੀ ਸਮਾਜਸੇਵਾ ਲਈ ਪ੍ਰੇਰਿਤ ਕਰਨਾ ਨਹੀਂ ਭੁੱਲਦਾ ਹੈ। ਸਹਿਯੋਗ ਵੈਲਫੇਅਰ ਕਲੱਬ ਰਾਹੀਂ ਲੋਕਾਂ ਦੇ ਦੁੱਖਾਂ ਦੀ ਦਾਰੂ ਬਣਨ ਦਾ ਬੀੜਾ ਚੁੱਕਣ ਵਾਲੇ ਗੁਰਵਿੰਦਰ ਸ਼ਰਮਾ ਦੇ ਸਾਥੀ ਸ਼ਹਿਰ ਦੇ ਦਾਨਵੀਰ ਅਤੇ ਸਮਾਜ ਲਈ ਕੁੱਝ ਕਰ ਗੁਜ਼ਰਨ ਦੀ ਚਾਹਤ ਰੱਖਣ ਵਾਲੇ ਨੌਜਵਾਨ ਹਨ। ਉਹ ਕਦੇ ਵਹੀਲ ਚੇਅਰਾਂ ਵੰਡਦਾ ਹੈ ਤੇ ਕਦੀ ਸੱਪ ਫੜਦਾ ਨਜ਼ਰ ਆਉਂਦਾ ਹੈ।
ਦੋਸਤਾਂ ਮਿੱਤਰਾਂ ਦੇ ਸਹਿਯੋਗ ਨਾਲ ਉਸ ਨੇ ਗਰੀਬ ਘਰਾਂ ਦੀਆਂ ਲੜਕੀਆਂ ਦੇ ਸਿਰ ਤੇ ਹੱਥ ਰੱਖਿਆ ਅਤੇ ਰਾਸ਼ਨ ਵੀ ਵੰਡਿਆ ਹੈ ਜਦੋਂ ਕਿ ਸਰਦੀ ’ਚ ਗਰਮ ਕੋਟੀਆਂ,ਬੂਟ ਜੁਰਾਬਾਂ ਵੀ ਵੰਡਣੇ ਸ਼ੁਰੂ ਕੀਤੇ ਹੋਏ ਹਨ। ਤਾਜਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਮਲੋਟ ਸ਼ਹਿਰ ਦੇ ਨਜ਼ਦੀਕ ਪੈਂਦੇ ਛੋਟੇ ਜਿਹੇ ਪਿੰਡ ਕਰਮਗੜ੍ਹ ਦਾ ਹੈ ਜਿੱਥੇ ਗੁਰਵਿੰਦਰ ਸ਼ਰਮਾ ਨੇ ਆਪਣੇ ਸਾਥੀ ਨੰਦ ਭਾਰਗਵ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿੱਚ ਸਿੱਖਿਆ ਹਾਸਲ ਕਰ ਰਹੇ ਲੋੜਵੰਦ ਪ੍ਰੀਵਾਰਾਂ ਦੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਜਰਸੀਆਂ ਵੰਡੀਆਂ ਹਨ। ਗੁਰਵਿੰਦਰ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਫੌਰਨ ਬਠਿੰਡਾ ਤੋਂ ਚੱਲਕੇ ਸਕੂਲ ’ਚ ਪੁੱਜਿਆ ਅਤੇ ਆਪਣੇ ਸੇਵਾ ਪਰਮੋ ਧਰਮ ਦੇ ਨਾਅਰੇ ਨੂੰ ਅੰਜਾਮ ਦਿੱਤਾ। ਸਕੂਲ ਦੀ ਹੈਡਮਿਸਟਰੈਸ ਡਿੰਪਲ ਵਰਮਾ ਅਤੇ ਸਟਾਫ ਨੇ ਗੁਰਵਿੰਦਰ ਸ਼ਰਮਾ ਅਤੇ ਨੰਦ ਭਾਰਗਵ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
Advertisement