ਟੀ.ਐਨ.ਐਨ., ਨਿਊਯਾਰਕ(ਅਮਰੀਕਾ) 10 ਜਨਵਰੀ 2024
ਅਮਰੀਕੀ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਰਮੌਰ ਸਿੱਖ ਜਥੇਬੰਦੀਆਂ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਐਸਸੀਸੀਈਸੀ) ‘ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਗੈਰ-ਕਾਨੂੰਨੀ ਕਤਲ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ । ਦੋਵਾਂ ਸਿਰਮੌਰ ਸਿੱਖ ਜਥੇਬੰਦੀਆਂ ਦੀ ਹੋਈ ਮੀਟਿੰਗ ਵਿੱਚ ਜਥੇਦਾਰ ਕਾਉਂਕੇ ਦੇ ਪੁਲਿਸ ਹਿਰਾਸਤ ਵਿੱਚ ਹੋਏ ਤਸ਼ੱਦਦ ਅਤੇ ਕਤਲ ਬਾਰੇ ਹਾਲ ਹੀ ਵਿੱਚ ਸਾਹਮਣੇ ਆਈ ‘ਤਿਵਾੜੀ ਰਿਪੋਰਟ’ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ‘ਸਰਬੱਤ-ਖਾਲਸਾ’ ਦੁਆਰਾ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਅਗਵਾ, ਤਸ਼ੱਦਦ ਅਤੇ ਘਿਨਾਉਣੇ ਕਤਲ ਬਾਰੇ ਉਸ ਸਮੇਂ ਦੇ ਏ.ਡੀ.ਜੀ.ਪੀ. ਸੁਰੱਖਿਆ ਪੰਜਾਬ ਬੀ.ਐਨ. ਤਿਵਾੜੀ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਹੁਣ 24 ਸਾਲਾਂ ਬਾਅਦ, ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਪੀ.ਐੱਚ.ਆਰ.ਓ.) ਦੇ ਯਤਨਾਂ ਨਾਲ ਹਾਲ ਹੀ ਵਿੱਚ ਜਨਤਕ ਕੀਤੀ ਗਈ ਹੈ । ਉਨਾਂ ਦੱਸਿਆ ਕਿ ਇਹ ਰਿਪੋਰਟ ਅਸਲ ਵਿੱਚ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਾਲ 1999 ਵਿੱਚ ਸੌਂਪੀ ਗਈ ਸੀ, ਜਿਨ੍ਹਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਕੀਤਾ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਕਾਰਵਾਈ ਵੀ ਨਹੀਂ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਬੇਅੰਤੇ ਬੁੱਚੜ ਦੀ ਕਾਂਗਰਸ ਸਰਕਾਰ ਸਮੇਂ ਉਦੋਂ ਹੋਇਆ ਜਦੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾ ਰਹੇ ਸਨ । ਉਨਾਂ ਕਿਹਾ ਕਿ ਸਮੇਂ ਸਮੇਂ ਤੇ ਪੰਜਾਬ ਵਿੱਚ ਸੱਤਾ ਵਿੱਚ ਰਹੀਆਂ ਕਾਂਗਰਸ, ਬਾਦਲ ਤੇ ਹੋਰ ਸਰਕਾਰਾਂ ਹਮੇਸ਼ਾ ਕੇਂਦਰ ਦੇ ਇਸ਼ਾਰਿਆਂ ਤੇ ਭਾਰਤੀ ਸਟੇਟ ਦੇ ਹੱਥ-ਠੋਕੇ ਬਣ ਕੇ ਸਿੱਖਾਂ ਦਾ ਘਾਣ ਕਰਨ ਵਿੱਚ ਕਦੇ ਪਿੱਛੇ ਨਹੀਂ ਰਹੀਆਂ।
ਵਿਦੇਸ਼ਾਂ ਵਿੱਚ ਵਸਦੇ ਸਿੱਖ ਡਾਇਸਪੋਰਾ ਦੀ ਤਰਫੋਂ S.C.C.E.C. ਅਤੇ A.G.P.C. ਲੀਡਰਸ਼ਿਪ ਨੇ ਸਿੱਖ ਪੰਥ ਨੂੰ ਹੇਠ ਲਿਖੇ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਹੈ:-
• ਸ੍ਰੀ ਅਕਾਲ ਤਖਤ ਸਾਹਿਬ ਸਿੱਖ ਧਰਮ ਦਾ ਸਭ ਤੋਂ ਉੱਚਾ ਅਸਥਾਨ ਹੈ ਜੋ ਮੀਰੀ-ਪੀਰੀ (ਧਰਮ-ਸਿਆਸਤ) ਸਿਧਾਂਤ ਨੂੰ ਦਰਸਾਉਂਦਾ ਹੈ ਜਿਵੇਂ ਕਿ ਸਾਡੇ ਗੁਰੂ ਸਾਹਿਬਾਨ ਦੁਆਰਾ ਪੂਰਨੇ ਪਾਏ ਗਏ ਹਨ । ਅਕਾਲ ਤਖਤ ਸਾਹਿਬ ਦਾ ਜਥੇਦਾਰ ਦੁਨੀਆਂ ਭਰ ਵਿਚ ਵਸਦੇ ਕਰੋੜਾਂ ਸਿੱਖਾਂ ਦਾ ਮੁਖੀ ਹੁੰਦਾ ਹੈ।
•ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਾਉਂਕੇ ਦਾ ਨਾਜਾਇਜ਼ ਹਿਰਾਸਤੀ ਕਤਲ 30 ਸਾਲਾਂ ਤੋਂ ਲੈ ਕੇ ਬਾਦਲਾਂ ਵੱਲੋਂ ਲੁਕਾਇਆ ਗਿਆ ਘਿਨੌਣਾ ਅਪਰਾਧ ਸੀ। ਤਿਵਾੜੀ ਰਿਪੋਰਟ ਜਾਰੀ ਹੋਣ ਨਾਲ ਆਖਿਰਕਾਰ ਇਸ ਕਤਲ ਦੀ ਸੱਚਾਈ ਸਾਹਮਣੇ ਆ ਗਈ ਹੈ। ਇਹ ਸਪੱਸ਼ਟ ਹੈ ਕਿ ਬਾਦਲ ਇਸ ਵਿਚ ਇਕ ਮੁੱਖ ਦੋਸ਼ੀ ਧਿਰ ਹਨ , ਜਿਨ੍ਹਾਂ ਨੇ ਇਸ ਅਪਰਾਧ ਨੂੰ ਉਕਸਾਇਆ ਅਤੇ ਇਸ ਤੇ ਪਰਦਾ ਪਾਇਆ ਹੈ।
• ਇਸ ਲਈ, 2015 ਵਿੱਚ ਹੋਏ “ਸਰਬੱਤ-ਖਾਲਸਾ” ਨੇ ਪ੍ਰਕਾਸ਼ ਸਿੰਘ ਬਾਦਲ ਤੋਂ ‘ਪੰਥ ਰਤਨ’ ਅਤੇ ‘ਫਖਰ-ਏ-ਕੌਮ’ ਐਵਾਰਡ ਵਾਪਸ ਲੈ ਲਿਆ ਸੀ।
•ਪੰਥ ਨੂੰ ਚਾਹੀਦਾ ਹੈ ਕਿ ਉਹ ਜਥੇਦਾਰ ਕਾਉਂਕੇ ਨੂੰ ‘ਕੌਮੀ ਸ਼ਹੀਦ’ ਐਲਾਨੇ।
•ਸੁਖਬੀਰ ਸਿੰਘ ਬਾਦਲ ‘ਤੇ ਮੁਕੱਦਮਾ ਚਲਾਇਆ ਜਾਵੇ, ਜਿਸ ਨੇ ਪੰਜਾਬ ਦੇ ਗ੍ਰਹਿ ਮੰਤਰੀ ਵਜੋਂ ਦਹਾਕਿਆਂ ਤੱਕ ਤਿਵਾੜੀ ਰਿਪੋਰਟ ਤੇ ਪਰਦਾ ਪਾਇਆ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ-ਦਲ ਦੀ ਪ੍ਰਧਾਨਗੀ ਤੋਂ ਹਟਾਇਆ ਜਾਵੇ।
• ਜਥੇਦਾਰ ਕਾਉਂਕੇ ਨੂੰ ਤਸੀਹੇ ਦੇਣ ਅਤੇ ਕਤਲ ਕਰਨ ਦਾ ਹੁਕਮ ਦੇਣ ਵਾਲੇ ਸੁਮੇਧ ਸੈਣੀ ਤੇ ਮੁਕੱਦਮਾ ਚਲਾਇਆ ਜਾਵੇ । ਜਿਸ ਨੇ ਆਪਣੇ ਅਧੀਨ ਐੱਸਐੱਸਪੀ ਸਵਰਨ ਸਿੰਘ ਘੋਟਣਾ ਅਤੇ ਐੱਸਐੱਚਓ ਗੁਰਮੀਤ ਸਿੰਘ ਦੀ ਰਾਹੀਂ ਇਹ ਅਪਰਾਧ ਕੀਤਾ ਸੀ।
• ਜਥੇਦਾਰ ਕਾਉਂਕੇ ਨੂੰ ਅਗਵਾ ਕਰਨ, ਤਸ਼ੱਦਦ ਕਰਨ ਅਤੇ ਕਤਲ ਕਰਨ ਲਈ ਹੁਣ ਡੀ.ਐਸ.ਪੀ. ਗੁਰਮੀਤ ਸਿੰਘ ਤੇ ਮੁਕੱਦਮਾ ਚਲਾਇਆ ਜਾਵੇ।
•ਸਵਰਨ ਸਿੰਘ ਘੋਟਣਾ ਦੇ ਭੋਗ ਤੇ ਜ਼ਬਰਦਸਤੀ ਰਾਗੀ ਜਥਾ ਭੇਜਣ ਲਈ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਮੀਡੀਆ ਨੂੰ ਇਹ ਜਾਣਕਾਰੀ ਹਿੰਮਤ ਸਿੰਘ – ਕੋਆਰਡੀਨੇਟਰ ਐਸ.ਸੀ.ਸੀ.ਈ.ਸੀ, ਡਾ. ਪ੍ਰਿਤਪਾਲ ਸਿੰਘ-ਕੋਆਰਡੀਨੇਟਰ, ਏ.ਜੀ.ਪੀ.ਸੀ ਅਤੇ ਹਰਜਿੰਦਰ ਸਿੰਘ – ਮੀਡੀਆ ਸਪੋਕਸਮੈਨ, ਐਸ.ਸੀ.ਸੀ.ਈ.ਸੀ ਵੱਲੋਂ ਜਾਰੀ ਕੀਤੀ ਗਈ ਹੈ।