ਇਸ਼ਕ ‘ਚ ਅੰਨ੍ਹਿਆਂ ਨੇ, ਚੁੱਕਿਆ ਰਾਹ ਦਾ ਰੋੜਾ…!

Advertisement
Spread information

ਇਸ਼ਕ ਚੰਦਰੇ ਦੀ ਅੱਗ ਨੇ, ਕਾਤਲ ਬਣਾਇਆ ਪ੍ਰੇਮੀ ਜੋੜਾ 
ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ ,8 ਜਨਵਰੀ 2024

        ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ  ਮੁਕਤਸਰ ਪੁਲਿਸ ਨੇ 24 ਘੰਟਿਆਂ ਵਿੱਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਇੱਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਮੁਕਤਸਰ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਥਾਣਾ ਅਫਸਰ  ਐਸ.ਆਈ ਵਰੂਨ ਨੇ ਇਹ ਸਫਲਤਾ ਹਾਸਿਲ ਕੀਤੀ ਹੈ।  ਮਿਤੀ 08 ਜਨਵਰੀ ਨੂੰ ਜਲਾਲਾਬਾਦ ਰੋਡ ਦੇ ਨਜ਼ਦੀਕ ਲਿੰਕ ਰੋਡ ਤੇ ਖੇਤਾਂ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ । ਜਿਸ ਤੇ ਤੇਜ ਹਥਿਆਰਾਂ ਦੀਆਂ ਸੱਟਾ ਦੇ ਨਿਸ਼ਾਨ ਸਨ । ਮ੍ਰਿਤਕ ਦੀ ਪਛਾਣ ਸੋਹਣ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਲੱਧੂਆਣਾ ਜਿਲ੍ਹਾ ਫਾਜਿਲਕਾ ਵਜ਼ੋ ਹੋਈ ਸੀ।                                                 ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਮਾਮਲੇ ਦੀ ਪੜਤਾਲ ਦੌਰਾਨ ਬੇਅੰਤ ਸਿੰਘ ਪੁੱਤਰ ਧਰਮ ਸਿੰਘ ਵਾਸੀ ਸੋਹਣੇ ਵਾਲਾ ਅਤੇ ਸੁਖਵਿੰਦਰ ਕੌਰ ਪਤਨੀ ਬਲਬੀਰ ਸਿੰਘ ਵਾਸੀ ਬਸਤੀ ਬੋਰੀਆਵਾਲੀ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜਮਾਂ ਨੇ ਦੱਸਿਆ ਕਿ ਮ੍ਰਿਤਕ ਸੋਹਣ ਸਿੰਘ ਦੀ ਸੁਖਵਿੰਦਰ ਕੌਰ ਨਾਲ ਰਿਸ਼ਤੇਦਾਰੀ ਸੀ।              ਸੋਹਣ ਸਿੰਘ, ਸੁਖਵਿੰਦਰ ਕੌਰ ਨੂੰ ਉਸ ਦੇ ਪ੍ਰੇਮੀ ਬੇਅੰਤ ਸਿੰਘ ਨੂੰ ਮਿਲਣ ਤੋਂ ਰੋਕਦਾ ਸੀ। ਇਸੇ ਰੰਜਿਸ਼ ’ਚ  ਬੇਅੰਤ ਸਿੰਘ ਅਤੇ ਸੁਖਵਿੰਦਰ ਕੌਰ ਨੇ ਆਪਣੇ ਰਾਹ ਦਾ ਰੋੜਾ ਸਮਝਦਿਆਂ ਸੋਹਣ ਸਿੰਘ ਨੂੰ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।  

Advertisement
Advertisement
Advertisement
Advertisement
Advertisement
error: Content is protected !!