ਰੇਰਾ’ ਦਾ ਵੱਡਾ ਐਕਸ਼ਨ
ਬੇਅੰਤ ਬਾਜਵਾ , ਬਰਨਾਲਾ 5 ਜਨਵਰੀ 2024
‘ਰੇਰਾ’ ਅਥਾਰਟੀ ਪੰਜਾਬ ਵੱਲੋਂ ਬਰਨਾਲਾ ਸ਼ਹਿਰ ਦੀਆਂ ਚਾਰ ਕਲੋਨੀਆਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਜਾਣਕਾਰੀ ਰੇਰਾ ਅਥਾਰਟੀ ਚੰਡੀਗੜ੍ਹ ਨੇ ਇੱਕ 668 ਕਲੋਨੀਆਂ ਦੀ ਸੂਚੀ ਜਾਰੀ ਕਰਕੇ ਆਪਣੀ ਸਾਈਟ ਤੇ ਪਬਲਿਕ ਕੀਤੀ। ਇਨ੍ਹਾਂ 668 ਕਲੋਨੀਆਂ ਦੀ ਸੂਚੀ ਵਿਚ ਬਰਨਾਲਾ ਸ਼ਹਿਰ ਦੀਆਂ ਚਾਰ ਮੁੱਖ ਕਲੋਨੀਆਂ ਸ਼ਾਮਲ ਹਨ। ਜਾਰੀ ਸੂਚੀ ਵਿਚ ਆਈਟੀਆਈ ਚੌਂਕ ਨੇੜੇ ਬਰਨਾਲਾ ਇੰਪਰੂਵਮੈਂਟ ਟਰੱਸਟ ਦੀ ਮਹਾਰਾਜਾ ਅੱਗਰਸ਼ੈਨ ਇਨਕਲੇਵ ਕਲੋਨੀ ਵੀ ਸ਼ਾਮਲ ਹੈ। ਬਰਨਾਲਾ ਇੰਪਰੂਵਮੈਂਟ ਟਰੱਸਟ ਦੀ ਮਹਾਰਾਜਾ ਅੱਗਰਸ਼ੈਨ ਇਨਕਲੇਵ ਕਲੋਨੀ ਦਾ ਨਾਮ ਜਿਉਂ ਹੀ ਸੂਚੀ ਵਿਚ ਦੇਖਿਆ ਗਿਆ ਤਾਂ ਆਮ ਲੋਕਾਂ ਅਤੇ ਕਲੋਨੀ ਵਿਚ ਪਲਾਟ ਅਤੇ ਫਲੈਟ ਖਰੀਦਣ ਵਾਲਿਆਂ ਦੀ ਧੜਕਣਾਂ ਵੱਧ ਗਈਆਂ ਹਨ। ਮਹਾਰਾਜਾ ਅੱਗਰਸ਼ੈਨ ਇਨਕਲੇਵ ਕਲੋਨੀ ਦੀ ਮਾਨਤਾ ਰੱਦ ਹੋਣ ਦਾ ਜ਼ਿਕਰ ਪਹਿਲੀਆਂ ਸਫ਼ਾਂ ਵਿਚ ਹੈ। ਉਕਤ ਕਲੋਨੀ ਦੀ ਮਾਨਤਾ ਰੱਦ ਹੋਣ ਦੀ ਖਬਰ ਸ਼ਹਿਰ ਅੰਦਰ ਜੰਗਲ ਦੀ ਅੱਗ ਵਾਂਗ ਸ਼ੋਸ਼ਲ ਮੀਡੀਏ ‘ਤੇ ਫੈਲ ਗਈ। ਰਜਿਸਟ੍ਰੇਸ਼ਨ ਰੱਦ ਹੋਣ ਵਾਲੀਆਂ ਕਲੋਨੀਆਂ ਵਿੱਚ ਬਰਨਾਲਾ ਬਿਲਡਰਜ ਐਂਡ ਪ੍ਰੋਪਰਟੀ ਕੰਸਲਟੈਂਟਸ ਦੀਆਂ ਮਾਇਆ ਗਾਰਡਨ ਫੇਜ 1, ਮਾਇਆ ਗਾਰਡਨ 2 ਅਤੇ ਮਾਇਆ ਗਾਰਡਨ ਫੇਜ 3 ਵੀ ਸ਼ਾਮਿਲ ਹਨ।
ਕੀ ਕਹਿਣਾ ਹੈ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਦਾ:-
ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ. ਮਹਾਰਜਾ ਅਗਰਸੈਨ ਇਨਕਲੇਵ ਦੇ ਅਲਾਟੀਆ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਮਹਾਰਜਾ ਅਗਰਸੈਨ ਇਨਕਲੇਵ (18.23 ਏਕੜ) ਸਕੀਮ ਦੀ ਰਜਿਸਟਰੇਸ਼ਨ ‘ਦੀ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਪੰਜਾਬ ਪਾਸ ਕਰਵਾਈ ਗਈ ਸੀ, ਜਿਸ ਦੀ ਮਿਆਦ 31 ਮਾਰਚ 2023 ਤੱਕ ਸੀ।31 ਮਾਰਚ 2023 ਤੋਂ ਬਾਅਦ ਰਜਿਸਟਰੇਸ਼ਨ ਰਿਨਿਊ ਨਾ ਕਰਵਾਉਣ ਕਾਰਨ ਜਾਂ ਕੰਪਲੀਸ਼ਨ ਨਾ ਦੇਣ ਕਾਰਨ ਰੇਰਾ ਪੰਜਾਬ ਵੱਲੋਂ ਆਪਣੀ ਵੈਬਸਾਈਟ’ ਤੇ ਪੰਜਾਬ ਵਿੱਚ ਜਿੰਨ੍ਹਾਂ ਕਲੋਨੀਆਂ ਦੀਆਂ ਰਜਿਸਟਰੇਸ਼ਨਾਂ ਲੈਪਸ ਹੋ ਚੁੱਕੀਆ ਹਨ। ਉਸ ਸੂਚੀ ਵਿੱਚ ਇਸ ਸਕੀਮ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਟਰੱਸਟ ਦੀ ਉਕਤ ਸਕੀਮ ਦਾ ਕੰਪਲੀਸ਼ਨ ਸਟਰੀਫਿਕੇਟ ਡਾਇਰੈਕੋਰੇਟ ਸਥਾਨਕ ਸਰਕਾਰ ਵਿਭਾਗ ਪੰਜਾਬ,ਚੰਡੀਗੜ੍ਹ ਵੱਲੋਂ ਬਣਾਈ ਸਬ ਕਮੇਟੀ ਦੀ ਮੀਟਿੰਗ 11 ਸਤੰਬਰ 2023 ਵਿੱਚ ਪ੍ਰਵਾਨ ਹੋ ਚੁੱਕਾ ਹੈ, ਜੋ ਕਿ ਇਸ ਦਫਤਰ ਵਿਖੇ 21 ਸਤੰਬਰ 2023 ਨੂੰ ਪ੍ਰਾਪਤ ਹੋ ਗਿਆ ਸੀ। ਇਹ ਕੰਪਲੀਸ਼ਨ ਸਟਰੀਫਿਕੇਟ ਉਸ ਉਪਰੰਤ ‘ਦੀ ਰੀਅਲ ਅਸਟੇਟ ਰੈਗਲੇਟਰੀ ਅਥਾਰਟੀ (ਰੇਰਾ) ਪੰਜਾਬ’ ਵਿੱਚ ਸਬਮਿਟ ਕਰ ਦਿੱਤਾ ਗਿਆ ਹੈ ਅਤੇ ਐਨ.ਓ.ਸੀ.ਲਈ ਅਪਲਾਈ ਕੀਤਾ ਜਾ ਚੁੱਕਿਆ ਹੈ।
ਟਰੱਸਟ ਨੇ ਅਲਾਟੀਆਂ ਦਾ ਟਰੱਸਟ ਖੋਇਆ- ਐਡਵੋਕੇਟ ਧੀਰਜ
ਇੰਪਰੂਵਮੈਟ ਟਰੱਸਟ ਦੀ ਮਹਾਰਾਜਾ ਅੱਗਰਸ਼ੈਨ ਇਨਕਲੇਵ ਕਲੋਨੀ ਅੰਦਰ ਪ੍ਰੋਪਰਟੀ ਦੇ ਖਰੀਦਦਾਰ ਪੀੜਤ ਲੋਕਾਂ ਦੇ ਕੇਸਾਂ ਦੀ ਲੰਬੇ ਅਰਸੇ ਤੋਂ ਪੈਰਵੀ ਕਰ ਰਹੇ ਐਡਵੋਕੇਟ ਧੀਰਜ ਕੁਮਾਰ ਨੇ ਟਰੱਸਟ ਦੀ ਕਾਰਜ਼ਸ਼ੈਲੀ ਤੇ ਵਿਅੰਗ ਕਸਦਿਆਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੇ ਪਿਛਲੇ ਕਾਫੀ ਸਮੇਂ ਦੌਰਾਨ ਪ੍ਰੋਪਰਟੀ ਦੇ ਖਰੀਦਦਾਰਾਂ ਅਲਾਟੀਆਂ ਦਾ ਨਿਸਚਿਤ ਸਮੇਂ ਅੰਦਰ ਸੁਖ ਸੁਵਿਧਾਵਾਂ ਦਾ ਲਾਭ ਨਾ ਦੇ ਕੇ ਟਰੱਸਟ ਯਾਨੀ ਭਰੋਸਾ ਤੋੜਿਆ ਹੈ। ਐਡਵੋਕੇਟ ਧੀਰਜ ਕੁਮਾਰ ਨੇ ਦੱਸਿਆ ਕਿ ਮਹਾਰਾਜਾ ਅੱਗਰਸ਼ੈਨ ਇਨਕਲੇਵ ਕਲੋਨੀ ਦੀ ਮਾਨਤਾ ਰੱਦ ਹੋਣ ਦਾ ਸਭ ਤੋਂ ਵੱਡਾ ਕਾਰਨ ਕਲੋਨੀ ਦੀ ਕੰਪਲੀਸ਼ਨ ਨਿਸਚਿਤ ਸਮੇਂ ਅੰਦਰ ਨਾ ਹੋਣਾ ਹੈ। ਉਨਾਂ ਕਲੋਨੀ ਦੀ ਪਿਛਲੀ ਕਾਰਗੁਜਾਰੀ ਦਾ ਜਿਕਰ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਹਾਰਾਜਾ ਅਗਰਸੈਨ ਇਨਕਲੇਵ ਕਲੋਨੀ ਵਿਚ ਚੱਲ ਰਹੇ ਕੰਮਾਂ ਨੂੰ ਪੂਰਾ ਨਾ ਕਰਕੇ ਪਹਿਲਾਂ ਹੀ ਰੰਗ ਰੋਗਨ ਅਤੇ ਹੋਰ ਕੰਮਾਂ ਦੇ ਬਿੱਲ ਪਾਸ ਕਰਵਾ ਲਏ ਸਨ। ਜਿਸ ਦਾ ਖੁਲਾਸਾ ਹੋਣ ਤੋਂ ਬਾਅਦ ਸੰਬੰਧਤ ਵਿਭਾਗ ਵੱਲੋਂ ਕੀਤੀ ਪੜਤਾਲ ਦੌਰਾਨ ਊਣਤਾਈਆਂ ਦੀ ਪੁਸ਼ਟੀ ਹੋਣ ਉਪਰੰਤ ਕੁਝ ਮੁਲਾਜ਼ਮਾਂ ਨੂੰ ਚਾਰਜ਼ਸੀਟ ਵੀ ਕੀਤਾ ਜਾ ਚੁੱਕਿਆ ਹੈ। ਐਡਵੋਕੇਟ ਧੀਰਜ ਕੁਮਾਰ ਨੇ ਹੋਰ ਵਿਸਥਾਰ ਦਿੰਦਿਆਂ ਦੱਸਿਆ ਕਿ ਰੇਰਾ ਅਥਾਰਟੀ ਨੇ ਮਾਨਤਾ ਰੱਦ ਹੋਣ ਤੋਂ ਬਾਅਦ ਇੱਕ ਸਬ ਕਮੇਟੀ ਦਾ ਗਠਨ ਕਰਕੇ ਦੁਬਾਰਾ ਮਾਨਤਾ ਮਿਲਣ ਤੱਕ ਸਾਰੇ ਹੀ ਕੰਮਾਂ ‘ਤੇ ਪੱਕੀ ਰੋਕ ਵੀ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਪ੍ਰਬੰਧਕਾਂ ਤੋਂ ਭਰੋਸਾ ਟੁੱਟ ਜਾਣ ਕਾਰਣ ਹੀ ਕੁੱਝ ਅਰਸਾ ਪਹਿਲਾਂ ਕਲੋਨੀ ਦੇ ਕਈ ਫਲੈਟ ਮਾਲਕਾਂ ਨੇ ਆਪਣੇ ਪੈਸੇ ਵਾਪਸ ਕਰਵਾਉਣ ਲਈ ਜ਼ਿਲ੍ਹਾ ਖਪਤਕਾਰ ਫੋਰਮ ਬਰਨਾਲਾ ਵਿਚ ਕੇਸ ਵੀ ਦਾਇਰ ਕੀਤੇ ਸਨ। ਜਿਨ੍ਹਾਂ ਵਿਚੋਂ 5 ਖਪਤਕਾਰਾਂ ਨੂੰ ਕਰੀਬ 1 ਕਰੋੜ ਰੁਪਏ ਵਾਪਸ ਵੀ ਮਿਲ ਚੁੱਕੇ ਹਨ ਅਤੇ ਬਾਕੀ 9 ਖਪਤਕਾਰਾਂ ਦੇ ਕੇਸ ਹਾਲੇ ਪੈਡਿੰਗ ਵੀ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਈ ਹੋਰ ਪੀੜਤ ਵੀ ਖਪਤਕਾਰ ਫੋਰਮ ਵਿਚ ਕੇਸ ਦਾਇਰ ਕਰਨ ਦੀ ਤਿਆਰੀ ਵਿਚ ਹਨ। ਐਡਵੋਕੇਟ ਧੀਰਜ ਕੁਮਾਰ ਨੇ ਹਾਲੇ ਤੱਕ ਕਲੋਨੀ ਦੀਆਂ ਰਜਿਸਟਰੀਆਂ ਜ਼ਾਰੀ ਰਹਿਣ ਸਬੰਧੀ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਜਦੋਂ ਤੋਂ ਕਲੋਨੀ ਦੀ ਰਜਿਸਟ੍ਰੇਸ਼ਨ ਰੱਦ ਹੋਈ ਹੈ,ਉਸ ਤੋਂ ਬਾਅਦ ਹੋਣ ਜਾਂ ਤਹਿਸੀਲਦਾਰ ਵੱਲੋਂ ਕੀਤੀਆਂ ਜਾ ਰਹੀਆਂ ਰਜਿਸਟਰੀਆਂ ਵੀ ਗੈਰਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਜਾਰੀ ਰਹਿਣ ਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਹਾਲੇ ਤੱਕ ਕਲੋਨੀ ਦੀ ਰਜਿਸਟ੍ਰੇਸ਼ਨ ਰੱਦ ਹੋਣ ਸਬੰਧੀ ਰੇਰਾ ਦਾ ਪੱਤਰ ਤਹਿਸੀਲਦਾਰ ਕੋਲ ਨਾ ਪਹੁੰਚਿਆ ਹੋਵੇ, ਜਾਂ ਅਜਿਹਾ ਪੱਤਰ ਕਿਸੇ ਸਾਜਿਸ਼ ਤਹਿਤ ਕਿਸੇ ਨੇ ਖੁਰਦ ਬੁਰਦ ਨਾ ਕਰ ਦਿੱਤਾ ਹੋਵੇ। ਐਡਵੋਕੇਟ ਧੀਰਜ ਕੁਮਾਰ ਨੇ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਦੇ ਉਸ ਬਿਆਨ ਨੂੰ ਗੁੰਮਰਾਹ ਕਰਨ ਵਾਲਾ ਕਿਹਾ ਕਿ, ਜਿਸ ਵਿੱਚ ਉਨ੍ਹਾਂ ਰੇਰਾ ਕੋਲ ਕੰਪਲੀਸ਼ਨ ਸਰਟੀਫਿਕੇਟ ਪੇਸ਼ ਕਰਨ ਬਾਰੇ ਦਾਅਵਾ ਕੀਤਾ ਹੈ। ਐਡਵੋਕੇਟ ਧੀਰਜ ਕੁਮਾਰ ਨੇ ਕਿਹਾ ਕਿ ਹਾਲੇ ਕੁੱਝ ਦਿਨ ਪਹਿਲਾਂ ਹੀ ਕੁੱਝ ਪਲਾਟ ਅਲਾਟੀਆਂ ਦਾ ਕੇਸ ਦਾਇਰ ਕੀਤਾ ਹੈ, ਜਿਸ ਵਿੱਚ ਕਲੋਨੀ ਦੀ ਕੰਪਲੀਸ਼ਨ ਨਾ ਹੋਣ ਦਾ ਇਤਰਾਜ ਹੈ। ਉਨ੍ਹਾਂ ਕਿਹਾ ਕਿ ਜੇਕਰ, ਕਲੋਨੀ ਦੀ ਕੰਪਲੀਸ਼ਨ ਤੋਂ ਬਿਨਾਂ ਹੀ ਟਰੱਸਟ ਵੱਲੋਂ ਰੇਰਾ ਅਥਾਰਟੀ ਕੋਲ ਕੰਪਲੀਸ਼ਨ ਸਰਟੀਫਿਕੇਟ ਪੇਸ਼ ਕੀਤਾ ਹੈ, ਉਹ ਵੀ ਗਲਤ ਹੈ, ਇਸ ਨੂੰ ਵੀ ਸਮਾਂ ਆਉਣ ਤੇ ਚੈਲਿੰਜ ਕੀਤਾ ਜਾਵੇਗਾ।