ਕਾਂਗਰਸੀ ਕਾਟੋ ਕਲੇਸ਼ ਸੜਕਾਂ ਤੇ ਲਿਆਈ ਨਵਜੋਤ  ਸਿੱਧੂ ਦੀ ਜਿੱਤੇਗਾ ਪੰਜਾਬ ਰੈਲੀ

Advertisement
Spread information
ਅਸ਼ੋਕ ਵਰਮਾ
ਬਠਿੰਡਾ,5ਜਨਵਰੀ 2024
     ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ 7 ਜਨਵਰੀ ਨੂੰ ਹੋਣ ਵਾਲੀ ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਰੈਲੀ ਨੇ ਕਾਂਗਰਸ ਪਾਰਟੀ ’ਚ ਚੱਲ ਰਿਹਾ ਅੰਦਰੂਨੀ ਕਾਟੋ ਕਲੇਸ਼ ਹੁਣ ਸੜਕਾਂ ਤੇ ਲੈਆਂਦਾ ਹੈ। ਹਾਲਾਂਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਦਵੇਂਦਰ ਯਾਦਵ ਨੇ ਬਿਨਾਂ ਕਿਸੇ ਆਗੂ ਦਾ ਨਾਮ ਲਿਆਂ ਚਿਤਾਵਨੀ ਦਿੱਤੀ ਹੈ ਕਿ ਪਾਰਟੀ ਦੀਆਂ ਲੀਹਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਜਿਸ ਦਾ ਰੈਲੀ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਦਿਹਾਤੀ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਵੱਲੋਂ ਵੀ ਕਾਂਗਰਸੀ ਵਰਕਰਾਂ ਨੂੰ ਹਲਕਾ ਇੰਚਾਰਜ ਹਰਵਿੰਦਰ ਲਾਡੀ ਦੀ ਅਗਵਾਈ ਹੇਠ ਹੋਣ ਜਾ ਰਹੇ ਇਸ ਸਿਆਸੀ ਪ੍ਰੋਗਰਾਮ ਤੋਂ ਦੂਰ ਰਹਿਣ ਲਈ ਦਿੱਤੀਆਂ ਨਸੀਹਤਾਂ ਵੀ ਬੇਅਸਰ ਨਜ਼ਰ ਆ ਰਹੀਆਂ ਹਨ।
                      ਉਲਟਾ ਹਰਵਿੰਦਰ ਲਾਡੀ ਨੂੰ ਕਾਂਗਰਸ ਚੋਂ ਕੱਢਿਆ ਹੋਣ ਸਬੰਧੀ ਪ੍ਰੈਸ ਨੋਟ ਜਾਰੀ ਕਰਨ ਉਪਰੰਤ ਲਾਡੀ ਸਮਰਥਕ ਸਰਪੰਚਾਂ ਤੇ ਕੌਂਸਲਰਾਂ ਨੇ ਜਿਲ੍ਹਾ ਪ੍ਰਧਾਨ ਜਟਾਣਾ ਖਿਲਾਫ ਮੋਰਚਾ ਖੋਹਲ ਦਿੱਤਾ ਹੈ। ਇੰਨ੍ਹਾਂ ਕਾਂਗਰਸੀ ਆਗੂਆਂ ਨੇ ਇੰਚਾਰਜ ਦਵੇਂਦਰ ਯਾਦਵ ਨੂੰ ਪੱਤਰ ਲਿਖਿਆ ਹੈ ਜੋ ਅੱਜ ਮੀਡੀਆ ਨੂੰ ਜਾਰੀ ਕੀਤਾ ਗਿਆ ਹੈ। ਪੱਤਰ ਰਾਹੀਂ ਮੰਗ ਕੀਤੀ ਗਈ ਹੈ ਕਿ ਜਾਂ ਤਾਂ ਜਟਾਣਾ ਲਾਡੀ ਨੂੰ ਕਾਂਗਰਸ ਚੋਂ ਕੱਢਣ ਸਬੰਧੀ ਸਬੂਤ ਪੇਸ਼ ਕਰਨ ਨਹੀਂ ਤਾਂ ਆਪਣਾ ਬਿਆਨ ਵਾਪਿਸ ਲੈਣ ਜਾਂ ਫਿਰ ਮਾਣਹਾਨੀ ਦੇ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਪੱਤਰ ’ਚ ਆਗੂਆਂ ਨੇ ਜਟਾਣਾ ਤੇ ਕਈ ਤਰਾਂ ਦੇ ਗੰਭੀਰ ਦੋਸ਼ ਵੀ ਲਾਏ ਹਨ।  ਇੰਨ੍ਹਾਂ ਆਗੂਆਂ ਨੇ ਕਿਹਾ ਕਿ ਕਾਫੀ ਕਾਂਗਰਸੀ ਆਗੂ ਇਕੱਠੇ ਹੋਕੇ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਦੇ ਇਵਜ਼ ’ਚ ਨਵਜੋਤ ਸਿੱਧੂ ਕੋਲੋਂ ਪਟਿਆਲਾ ਜਾਂ ਅੰਮ੍ਰਿਤਸਰ ’ਚ ਧੰਨਵਾਦ ਕਰਨ ਲਈ ਮਿਲਣ ਵਾਸਤੇ ਸਮਾਂ ਮੰਗਣ ਗਏ ਸਨ।
             ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਦੀ ਕਾਰਨ ਨਵਜੋਤ ਸਿੱਧੂ ਨੇ ਖੁਦ ਆਉਣ ਦੀ ਗੱਲ ਕਹਿਕੇ 7 ਜਨਵਰੀ ਦਾ ਸਮਾਂ ਰੱਖ ਲਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਦੂਜੇ ਪਾਸੇ ਜਿਲ੍ਹਾ ਪ੍ਰਧਾਨ ਲੋਕਾਂ ਨੂੰ ਲੋਕ ਮਿਲਣੀ ਪ੍ਰੋਗਰਾਮ ’ਚ ਨਾਂ ਪਹੁੰਚਣ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਧਾਨ ਨੇ ਤਾਂ ਲਾਡੀ ਨੂੂੰ ਪਾਰਟੀ ਵਿੱਚੋਂ ਕੱਢਿਆ ਹੋਣ ਦੀ ਗੱਲ ਆਖ ਦਿੱਤੀ ਹੈ ਜੋ ਸਰਾਸਰ ਝੂਠ ਹੈ। ਇੰਨ੍ਹਾਂ ਆਗੂਆਂ ਨੇ ਖੁਸ਼ਬਾਜ ਜਟਾਣਾ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਕਰਨ ਅਤੇ ਕਾਂਗਰਸ ਪਾਰਟੀ ਚੋਂ ਕੱਢਣ ਦੀ ਮੰਗ ਵੀ ਕੀਤੀ ਹੈ। ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਦੇ ਨਜ਼ਦੀਕੀ ਮਨਜੀਤ ਸਿੰਘ ਕੋਟਫੱਤਾ ਦਾ ਕਹਿਣਾ ਸੀ ਕਿ ਅਸਲ ’ਚ ਕੁੱਝ ਲੋਕ ਰੈਲੀ ਨੂੰ ਸਾਬੋਤਾਜ ਕਰਨਾ ਚਾਹੁੰਦੇ ਹਨ ਜਿਸ ਲਈ ਕਈ ਤਰਾਂ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
                           
  ਉਨ੍ਹਾਂ ਕਿਹਾ ਕਿ ਰੈਲੀ ਪੂਰੀ ਤਰਾਂ ਕਾਂਗਰਸ ਦੇ ਕਲਚਰ ਮੁਤਾਬਕ ਹੈ ਜਿਸ ਲਈ ਕਈ ਬਲਾਕ ਪ੍ਰਧਾਨ ਵੀ ਸਹਿਯੋਗ ਕਰ ਰਹੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਦੌਰਾਨ ਵੱਡਾ ਇਕੱਠ ਹੋਵੇਗਾ ਜੋ 7 ਜਨਵਰੀ ਨੂੰ ਸਾਹਮਣੇ ਆ ਜਾਏਗਾ। ਦੱਸਣਯੋਗ ਹੈ ਨਵਜੋਤ ਸਿੱਧੂ ਨੇ ਮਹਿਰਾਜ ਰੈਲੀ ਕਰਕੇ ਕਾਂਗਰਸ ’ਚ ਇੱਕ ਨਵਾਂ ਵਿਵਾਦ ਛੇੜ ਦਿੱਤਾ ਸੀ ਜਿਸ ਨੇ ਪਾਰਟੀ ਨੂੰ ਲਪੇਟੇ ਵਿੱਚ ਲਿਆ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਦੋਂ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਵੱਖਰਾ ਅਖਾੜਾ ਨਹੀਂ ਲਾਉਣਾ ਚਾਹੀਦਾ ਪਰ ਨਵਜੋਤ ਸਿੱਧੂ ਨੇ 7 ਜਨਵਰੀ ਦੀ ਕੋਟਸ਼ਮੀਰ ਰੈਲੀ ਰੱਖ ਲਈ ਜਿਸ ਨੂੰ ਪਾਰਟੀ ਸਫਾਂ ’ਚ ਅਨੁਸ਼ਾਸ਼ਨਹੀਣਤਾ ਮੰਨਿਆ ਜਾ ਰਿਹਾ ਹੈ। ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੇ ਹਾਈਕਮਾਂਡ ਅੱਗੇ ਪਾਰਟੀ ਵਿਚਲੇ ਕਲੇਸ਼ ਦਾ ਮੁੱਦਾ ਰੱਖਿਆ ਸੀ ਅਤੇ ਅਨੁਸ਼ਾਸਨ ਦੇ ਮੁੱਦੇ ’ਤੇ ਸਖਤ ਕਦਮ ਚੁੱਕਣ ਲਈ ਕਿਹਾ ਸੀ।                   ਨਿਰੋਲ ਕਾਂਗਰਸ ਦਾ ਪ੍ਰੋਗਰਾਮ:ਲਾਡੀ
ਕਾਂਗਰਸ ਪਾਰਟੀ ਵਲੋਂ ਦੋ ਵਾਰ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਰਵਿੰਦਰ ਸਿੰਘ ਲਾਡੀ ਦਾ ਕਹਿਣਾ ਸੀ ਕਿ ਉਹ ਪਾਰਟੀ ਦੇ ਵਫਦਾਰ ਸਿਪਾਹੀ ਹਨ ਤੇ ਉਨ੍ਹਾਂ ਨੂੰ ਕਾਂਗਰਸ ’ਚੋਂ ਕੱਢਣ ਦੀ ਗੱਲ ਪੂਰੀ ਤਰਾਂ ਗਲ੍ਹਤ ਹੈ। ਉਨ੍ਹਾਂ ਕਿਹਾ ਕਿ ਮਹਿਰਾਜ਼ ਰੈਲੀ ਮੌਕੇ ਕੋਟਸ਼ਮੀਰ ਦੇ ਕਾਫੀ ਲੋਕਾਂ ਨੇ ਉਨ੍ਹਾਂ ਦੇ ਪਿੰਡ ’ਚ ਸਮਾਗਮ ਰੱਖਣ ਦੀ ਮੰਗ ਕੀਤੀ ਸੀ ਜਿਸ ਕਰਕੇ ਇਹ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਫਿਰ ਇਹ ਪਾਰਟੀ ਵਿਰੋਧੀ ਗਤੀਵਿਧੀ ਕਿਸ ਤਰਾਂ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦਾ ਪ੍ਰੋਗਰਾਮ ਨਾਂ ਹੁੰਦਾ ਤਾਂ ਬੈਨਰਾਂ ਤੇ ਪੋਸਟਰਾਂ ਉਪਰ ਦਿੱਲੀ ਤੇ ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਤਸਵੀਰਾਂ ਨਹੀਂ ਲੱਗਣੀਆਂ ਸਨ ।  
                        ਸਿੱਧੂ ਦਾ ਨਿੱਜੀ ਪ੍ਰੋਗਰਾਮ:ਜਟਾਣਾ
ਜ਼ਿਲ੍ਹਾ ਬਠਿੰਡਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਖ਼ੁਸ਼ਬਾਜ ਸਿੰਘ ਜਟਾਣਾ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਹਰ ਕਦਮ ਪੰਜਾਬ ਕਾਂਗਰਸ ਦੀਆਂ ਹਦਾਇਤਾਂ ਮੁਤਾਬਕ ਹੈ। ਉਨ੍ਹਾਂ ਕਿਹਾ ਕਿ  ਰੈਲੀ ਨੂੰ ਪੰਜਾਬ ਕਾਂਗਰਸ ਦੀ ਅਧਿਕਾਰਕ ਪ੍ਰਵਾਨਗੀ ਨਹੀਂ ਹੈ ਤੇ ਇਹ ਨਿੱਜੀ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਲਾਡੀ ਨੂੰ ਪਿਛਲੇ ਸਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸ਼ਮੂਲੀਅਤ ਨਾਂ ਕਰਨ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਜਟਾਣਾ ਨੇ ਸਮੂਹ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਅਜਿਹੇ ਭੰਬਲਭੂਸਾ ਪੈਦਾ ਕਰਨ ਵਾਲੇ ਸਮਾਗਮਾਂ ’ਚ ਸ਼ਾਮਲ ਨਾਂ ਹੋਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਪੱਤਰ ਰਾਹੀਂ ਲਾਏ ਦੋਸ਼ਾਂ ਨੂੰ ਪੂਰੀ ਤਰਾਂ ਬੇਬੁਨਿਆਦ ਅਤੇ ਝੂਠੇ ਦੱਸਿਆ ਹੈ।
Advertisement
Advertisement
Advertisement
Advertisement
Advertisement
error: Content is protected !!