ਹਰਿੰਦਰ ਨਿੱਕਾ , ਬਰਨਾਲਾ 4 ਜਨਵਰੀ 2024
ਬੇਸ਼ੱਕ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਅਕਸਰ ਹੀ ਭਾਜਪਾ ਸ਼ਾਸ਼ਤ ਸੂਬਿਆਂ ‘ਚ ਭਾਜਪਾ ਉੱਤੇ ਬਲਾਕਤਕਾਰੀਆਂ ਦੇ ਪੱਖ ਵਿੱਚ ਭੁਗਤਨ ਦੇ ਦੋਸ਼ ਲਾਉਂਦੇ ਹੀ ਰਹਿੰਦੇ ਹਨ। ਪਰੰਤੂ ਹੁਣ ਪੰਜਾਬ ਅੰਦਰ ਆਪ ਸਰਕਾਰ ਦੇ ਰਾਜ ਵਿੱਚ ਵੀ, ਬਰਨਾਲਾ ਪੁਲਿਸ ਉੱਤੇ ਬਲਾਤਕਾਰ ਕੇਸ ਦੇ ਨਾਮਜਦ ਮੁਲਜਮ ਨੂੰ 2 ਮਹੀਨੇ ਬੀਤ ਜਾਣ ਤੇ ਗਿਰਫਤਾਰ ਨਾ ਕੀਤੇ ਜਾਣ ਸਬੰਧੀ ਇੱਕ ਬਲਾਤਕਾਰ ਪੀੜਤ ਔਰਤ ਨੇ ਵੀਡੀਓ ਜ਼ਾਰੀ ਕਰਕੇ, ਪੁਲਿਸ ਪ੍ਰਸ਼ਾਸ਼ਨ ਨੂੰ ਲੋਕਾਂ ਦੇ ਕਟਿਹਰੇ ਖੜ੍ਹਾ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਆਖਿਰ ਪੁਲਿਸ, ਦੋਸ਼ੀ ਗੁਰਦੀਪ ਸਿੰਘ ਪੱਤੀ ਸੇਖਵਾਂ ਨੂੰ ਗਿਰਫਤਾਰ ਕਿਉਂ ਨਹੀਂ ਕਰ ਰਹੀ.? ਜਿਸ ਨੇ ਪੀੜਤਾ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਦਾ ਸ਼ਰੀਰਕ ਸ਼ੋਸ਼ਣ ਤਾਂ ਕੀਤਾ ਹੀ ਹੈ, ਦੋਸ਼ੀ ਨੇ ਅਸ਼ਲੀਲ ਫੋਟੋਆਂ ਖਿੱਚ ਕੇ,ਉਨਾਂ ਨੂੰ ਵਾੲਰਿਲ ਕਰਨ ਦਾ ਭੈਅ ਦਿਖਾ ਕੇ ਸੱਤ ਲੱਖ ਰੁਪਏ ਵੀ ਹਜ਼ਮ/ਹੜੱਪ ਕਰ ਲਏ ਹਨ। ਇਸ ਤਰਾਂ ਦੇ ਬੇਹੱਦ ਸੰਗੀਨ ਦੋਸ਼ ਬਲਾਤਕਾਰ ਪੀੜਤਾ ਨੇ ਥਾਣਾ ਟੱਲੇਵਾਲ ਵਿਖੇ 24 ਨਵੰਬਰ 2023 ਨੂੰ ਦਰਜ ਐਫ.ਆਈ.ਆਰ. ਨੰਬਰ 66 ਜੁਰਮ 376 (2) N ਵਿੱਚ ਲਗਾਏ ਹਨ।
ਪ੍ਰਸ਼ਾਸ਼ਨ ਨੂੰ ਪੀੜਤ ਦਾ 7 ਦਿਨ ਲਈ ਅਲਟੀਮੇਟਮ..
ਪੀੜਤ ਵੱਲੋਂ ਅੱਜ ਜ਼ਾਰੀ ਵੀਡੀਓ ਵਿੱਚ ਦੋਸ਼ੀ ਦੀ ਗਿਰਫਤਾਰੀ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਸੱਤ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ ਜੇਕਰ ਦੋਸ਼ੀ ਨੂੰ ਤੈਅ ਸਮੇਂ ਵਿੱਚ ਗਿਰਫਤਾਰ ਨਾ ਕੀਤਾ ਗਿਆ ਤਾਂ ਉਹ (ਪੀੜਤਾ )ਖੁਦ ਆਤਮਹੱਤਿਆ ਕਰ ਲਵੇਗੀ। ਜਿਸ ਲਈ ਦੋਸ਼ੀ ਤੋਂ ਇਲਾਵਾ,ਪੁਲਿਸ ਪ੍ਰਸ਼ਾਸ਼ਨ ਵੀ ਜਿੰਮੇਵਾਰ ਹੋਵੇਗਾ। ਪੀੜਤਾ ਨੇ ਵੀਡੀਓ ਵਿੱਚ ਇਹ ਵੀ ਗੰਭੀਰ ਇਲਜ਼ਾਮ ਪੁਲਿਸ ਤੇ ਲਾਏ ਹਨ, ਕਿ ਉਸ ਕੋਲ ਦੋਸ਼ੀ ਦੇ ਰਿਸ਼ਤੇਦਾਰ ਦੀ ਉਹ ਰਿਕਾਰਡਿੰਗ ਵੀ ਮੌਜੂਦ ਹੈ, ਜਿਸ ਵਿੱਚ ਉਹ ਵੱਖ ਵੱਖ ਪੁਲਿਸ ਅਫਸਰਾਂ ਨੂੰ ਲੱਖਾਂ ਰੁਪਏ ਰਿਸ਼ਵਤ ਦੇ ਕੇ ਪਰਚਾ ਕੈਂਸਲ ਕਰਵਾਉਣ ਦੀਆਂ ਗੱਲਾਂ ਕਰ ਰਿਹਾ ਹੈ। ਪੀੜਤਾ ਕਹਿੰਦੀ ਹੈ ਕਿ ਜੇਕਰ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਨਾ ਕੀਤਾ ਤਾਂ ਉਹ ਆਤਮ ਹੱਤਿਆ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਰਿਸ਼ਵਤ ਦੇ ਇੰਕਸ਼ਾਫ ਵਾਲੀ ਆਡੀਓ ਨੂੰ ਵਾਇਰਲ ਕਰਨ ਤੋਂ ਗੁਰੇਜ ਨਹੀਂ ਕਰੇਗੀ। ਪੀੜਤਾ ਨੇ ਕਿਹਾ ਕਿ ਉਸ ਨੂੰ ਦੋਸ਼ੀ ਦੇ ਕਰੀਬੀਆਂ ਨੇ ਕੁੱਝ ਦਿਨ ਪਹਿਲਾਂ ਕਾਰ ਦੀ ਟੱਕਰ ਮਾਰ ਕੇ,ਮਾਰ ਦੇਣ ਦਾ ਯਤਨ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਕੇਸ ਵਾਪਿਸ ਲੈਣ ਲਈ, ਦੋਸ਼ੀ ਧਿਰ ਅਸ਼ਲੀਲ ਫੋਟੋਆਂ ਪਬਲਿਕ ਕਰਨ ਅਤੇ ਹੋਰ ਕੁੱਝ ਗਲਤ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦੇ ਰਹੀ ਹੈ। ਜਦੋਂਕਿ ਕੋਈ ਪੁਲਿਸ ਅਧਿਕਾਰੀ ਮੈਨੂੰ ਇਨਸਾਫ ਅਤੇ ਦੋਸ਼ੀ ਨੂੰ ਸਜਾ ਦੇਣ ਲਈ ਨਾ ਠੋਸ ਕਦਮ ਚੁੱਕ ਰਿਹਾ ਹੈ, ਅਤੇ ਨਾ ਹੀ ਦੋਸ਼ੀ ਦਾ ਮੋਬਾਇਲ ਕਬਜੇ ਵਿੱਚ ਲੈ ਰਿਹਾ ਹੈ। ਪੀੜਤ ਦਾ ਦੋਸ਼ ਐ ਕਿ ਪੁਲਿਸ ਪੈਸੇ ਵਾਲੇ ਦੀ ਹੀ ਸੁਣ ਰਹੀ ਹੈ,ਮੇਰੀ ਕੋਈ ਨਹੀਂ ਸੁਣ ਰਿਹਾ, ਜਿਸ ਕਾਰਨ ਉਹ ਹੁਣ ਮੈਂਟਲੀ ਅਤੇ ਫਿਜੀਕਲੀ ਬਹੁਤ ਟੌਰਚਰ ਹੋ ਚੁੱਕੀ ਹੈ, ਉਸ ਕੋਲ ਆਤਮ ਹੱਤਿਆ ਕਰਨ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਬਚਿਆ। ਪੀੜਤਾ ਨੇ ਹੁਣ ਚੱਲ ਰਹੀ, ਪੜਤਾਲ ਤੇ ਸਵਾਲ ਚੁੱਕਦਿਆਂ ਕਿਹਾ ਕਿ ਕਿੰਨ੍ਹੀ ਹੈਰਾਨੀ ਦੀ ਗੱਲ ਹੈ ਕਿ, ਪੁਲਿਸ ਦੋਸ਼ੀ ਦੇ ਪਿਉ ਵੱਲੋਂ ਆਪਣੇ ਪੁੱਤ ਦੀ ਬੇਗੁਨਾਹੀ ਬਾਰੇ ਦਿੱਤੀ ਦੁਰਖਾਸਤ ਦੀ ਪੜਤਾਲ ਕਰ ਰਹੀ ਹੈ,ਜਦੋਂਕਿ ਦੋਸ਼ੀ ਦੇ ਪਿਉ ਨੇ 1 ਸਤੰਬਰ 2023 ਨੂੰ ਆਪਣੇ ਪੁੱਤ ਨੂੰ ਅਖਬਾਰ ‘ਚ ਇਸ਼ਤਿਹਾਰ ਦੇ ਕੇ ਬੇਦਖਲ ਕੀਤਾ ਹੋਇਆ ਹੈ। SSP ਨੇ 15 ਦਿਨਾਂ ‘ਚ ਐਕਸ਼ਨ ਲਈ ਐਸ.ਪੀ. ਨੂੰ ਲਿਖਿਆ ਪਰ..!
ਇਹ ਐਫ.ਆਈ.ਆਰ. ਸਿਰਫ ਪੁਲਿਸ ਨੂੰ ਦਿੱਤੀ ਸਿਰਫ ਕੰਪਲੇਟ ਦੇ ਅਧਾਰ ਤੇ ਹੀ ਦਰਜ ਨਹੀਂ ਹੋਈ, ਬਲਕਿ ਇਹ ਐਫ.ਆਈ.ਆਰ. ਐਸ.ਪੀ. ਪੀਬੀਆਈ ਦੀ ਅਗਵਾਈ ਵਿੱਚ ਕਾਇਮ ਤਿੰਨ ਮੈਂਬਰੀ ਪੁਲਿਸ ਅਧਿਕਾਰੀਆਂ ਦੀ ਟੀਮ ਦੇ ਹੱਥਾਂ ‘ਚੋਂ ਨਿੱਕਲਣ ਉਪਰੰਤ ਕਰੀਬ 2 ਮਹੀਨਿਆਂ ਦੀ ਲੰਬੀ ਚੌੜੀ ਪੜਤਾਲ ਤੋਂ ਬਾਅਦ ਹੀ ਦਰਜ ਕੀਤੀ ਗਈ ਹੈ। 26 ਸਤੰਬਰ 2023 ਨੂੰ ਪੀੜਤ ਵੱਲੋਂ ਦਿੱਤੀ ਸ਼ਕਾਇਤ ਪਰ, ਐਸਐਸਪੀ ਸੰਦੀਪ ਮਲਿਕ ਨੇ ਐਸ.ਪੀ. ਪੀਬੀਆਈ ਨੂੰ ਸਾਫ ਸਾਫ ਲਿਖਿਆ ਸੀ ਕਿ ਉਹ 15 ਦਿਨਾਂ ਵਿੱਚ ਮੈਟਰ ਦੀ ਪੜਤਾਲ ਕਰਨ ‘ਤੇ ਮਲਟੀਪਲ ਇਨਕੁਆਰੀ ਦੇ ਚਲਦਿਆਂ ਕਾਰਵਾਈ ਨੂੰ ਯਕੀਨੀ ਬਣਾਉਣ । ਵੂਮੈਨ ਸੈਲ ਦੀ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਨੇ ਪੀੜਤ ਦੇ ਬਿਆਨ ਕਲਮਬੰਦ ਕੀਤੀ ਅਤੇ ਐਸ.ਪੀ. ਪੀਪੀਬਾਈ ਪਰਦੀਪ ਸਿੰਘ ਸੰਧੂ ਨੇ ਇਹ ਮਾਮਲੇ ਦੀ ਪੜਤਾਲ 29 ਸਤੰਬਰ ਨੂੰ DSP CAW & C ਕੁਲਵੰਤ ਸਿੰਘ ਨੂੰ ਲੋੜੀਂਦੀ ਕਾਰਵਾਈ 7 ਦਿਨਾਂ ਵਿੱਚ ਕਰਨ ਲਈ ਭੇਜ ਦਿੱਤੀ। ਜਿੰਨ੍ਹਾਂ 7 ਨਵੰਬਰ 2023 ਨੂੰ ਆਪਣੀ ਇਨਕੁਆਰੀ ਰਿਪੋਰਟ ਪੇਸ਼ ਕਰ ਦਿੱਤੀ। ਇਹੋ ਰਿਪੋਰਟ ਦੇ ਅਧਾਰ ਪਰ, ਐਸਪੀ ਪੀਬੀਆਈ ਨੇ ਮੋੜਵੇਂ ਰੂਪ ਵਿੱਚ ਐਸਐਸਪੀ ਬਰਨਾਲਾ ਨੂੰ 376 ਆਈਪੀਸੀ ਤਹਿਤ ਕੇਸ ਦਰਜ ਕਰਨ ਲਈ ਸਿਫਾਰਿਸ਼ ਕਰਕੇ, ਭੇਜ ਦਿੱਤੀ।
ਡੀ.ਏ. ਲੀਗਲ ਦੀ ਰਾਇ ਤੋਂ ਬਾਅਦ ਹੋਇਆ ਸੀ ਪਰਚਾ…!
ਐਸ.ਐਸ.ਪੀ. ਸੰਦੀਪ ਮਲਿਕ ਨੇ ਐਸਪੀ. ਪੀਬੀਆਈ ਦੀ ਰਿਪੋਰਟ ਤੇ 15 ਨਵੰਬਰ ਨੂੰ DA ਲੀਗਲ ਕੋਲ ਕਾਨੂੰਨੀ ਰਾਇ ਹਾਸਿਲ ਕਰਨ ਲਈ ਭੇ।ਜ ਦਿੱਤਾ। ਡੀ.ਏ. ਲੀਗਲ ਐਡਵੋਕੇਟ ਦਿਲਪ੍ਰੀਤ ਸਿੰਘ ਨੇ ਆਪਣੀ ਕਾਨੂੰਨੀ ਰਾਇ ਵਿੱਚ ਲਿਖਿਆ ਕਿ ਉਨ੍ਹਾਂ ਦੀ ਰਾਇ ਮੁਤਾਬਿਕ ਦੋਸ਼ੀ ਗੁਰਦੀਪ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376 (2) N ਆਈਪੀਸੀ ਤਹਿਤ ਦਰਜ ਹੋਣਾ ਬਣਦਾ ਹੈ। ਲੀਗਲ ਰਾਇ ਮਿਲਦਿਆਂ ਹੀ ਐਸ.ਐਸ.ਪੀ. ਸੰਦੀਪ ਮਲਿਕ ਨੇ 24 ਨਵੰਬਰ 2023 ਨੂੰ ਦੋਸ਼ੀ ਗੁਰਦੀਪ ਸਿੰਘ ਵਾਸੀ ਪੱਤੀ ਸੇਖਵਾਂ ਦੇ ਖਿਲਾਫ ਕੇਸ ਦਰਜ ਕਰਨ ਲਈ ਥਾਣਾ ਟੱਲੇਵਾਲ ਨੂੰ ਹੁਕਮ ਕਰ ਦਿੱਤਾ, ‘ਤੇ ਐਫ.ਆਈ.ਆਰ. ਦਰਜ ਹੋ ਗਈ।
ਐਫ.ਆਈ.ਆਰ. ਹੋਈ, ਪਰ 24 ਦਿਨ ਬਾਅਦ ਵੀ ਨਾ ਹੋਈ ਗਿਰਫਤਾਰੀ !
ਐਸ.ਐਸ.ਪੀ. ਸੰਦੀਪ ਮਲਿਕ ਦੇ ਹੁਕਮਾਂ ਤੇ ਦਰਜ ਐਫ.ਆਈ.ਆਰ. ਹੋਈ ਨੂੰ ਦੋ ਮਹੀਨੇ ਬੀਤ ਚੁੱਕੇ ਹਨ। ਪਰੰਤੂ ਪੁਲਿਸ ਨੇ ਦੋਸ਼ੀ ਨੂੰ ਗਿਰਫਤਾਰ ਕਰਨ ਵਿੱਚ ਕੋਈ ਬਹੁਤੀ ਰੁਚੀ ਨਹੀਂ ਦਿਖਾਈ । ਜਦੋਂਕਿ ਇਹੋ ਬਰਨਾਲਾ ਪੁਲਿਸ ਨੇ ਇੱਕ ਨਾਮੀ ਪੱਤਰਕਾਰ ਅਤੇ ਇੱਕ ਆਰਟੀਆਈ ਐਕਟੀਵਿਸਟ ਦੇ ਖਿਲਾਫ ਬਲਾਤਕਾਰ ਦੇ ਜੁਰਮ ਵਿੱਚ ਦਰਜ ਐਫ.ਆਈ.ਆਰ. ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗਿਰਫਤਾਰ ਕਰਕੇ, ਜੇਲ੍ਹ ਭੇਜ ਦਿੱਤਾ ਸੀ। ਪਰੰਤੂ ਇਹ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਨੂੰ ਗਿਰਫਤਾਰ ਕਰਨ ਵਿੱਚ ਕੀਤੀ ਜਾ ਰਹੀ ਟਾਲਮਟੋਲ ,ਬਰਨਾਲਾ ਪੁਲਿਸ ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡ ਤੇ ਕਈ ਤਰਾਂ ਦੇ ਸੁਆਲ ਖੜ੍ਹੇ ਹੋ ਰਹੇ ਹਨ। ਦੋਸ਼ੀ ਦੀ ਗਿਰਫਤਾਰੀ ਨਾ ਹੋਣ ਸਬੰਧੀ ਥਾਣਾ ਸ਼ਹਿਣਾ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਇਸ ਕੇਸ ਦੀ ਇਨਕੁਆਰੀ ਐਸ.ਪੀ. ਡੀ ਕੋਲ ਪੈਂਡਿੰਗ ਹੈ। ਜਦੋਂ ਉਨ੍ਹਾਂ ਤੋਂ ਦੋਸ਼ੀ ਦੀ ਗਿਰਫਤਾਰੀ ਤੇ ਕੋਈ ਅਦਾਲਤੀ ਸਟੇਅ ਬਾਰੇ ਪੁੱਛਿਆਂ ਤਾਂ ਉਨ੍ਹਾਂ ਨਾਂਹ ਵਿੱਚ ਜੁਆਬ ਦਿੱਤਾ। ਪਰੰਤੂ ਉਹ ਮਾਨਯੋਗ ਅਦਾਲਤ ਵੱਲੋਂ ਦੋਸ਼ੀ ਦੀ ਗਿਰਫਤਾਰੀ ਲਈ ਜ਼ਾਰੀ ਗੈਰਜਮਾਨਤੀ ਵਾਰੰਟ ਬਾਰੇ, ਪੁੱਂਛਣ ਤੇ ਕੋਈ ਢੁੱਕਵਾਂ ਜੁਆਬ ਨਹੀਂ ਦੇ ਸਕੇ।