ਪੁਲਿਸ ਚੌਕੀਂ ਅੱਗੇ ਰੋਸ ਰੈਲੀ ਕਰਕੇ ਦਿੱਤੀ ਬੁਢਲਾਡਾ ਪੱਕੇ ਮੋਰਚੇ ਦੀ ਚੁਣੌਤੀ

Advertisement
Spread information

ਅਸ਼ੋਕ ਵਰਮਾ
ਬੁਢਲਾਡਾ, 3 ਜਨਵਰੀ 2024

                     ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਨੇ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਪਿੰਡ ਕੁਲਰੀਆਂ ਦੀ ਪੁਲਿਸ ਚੌਂਕੀ  ਸਾਹਮਣੇ ਧਰਨਾ ਦੇਣ ਮੌਕੇ ਬੁਢਲਾਡਾ ਦੇ ਪੁਲਿਸ ਪ੍ਰਸ਼ਾਸ਼ਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਵੀ ਭਖਾ ਦੇਣਗੇ ਜਿਸ ਲਈ ਸਿੱਧੇ ਤੌਰ ਤੇ ਜਿੰਮੇਵਾਰੀ ਪੁਲਿਸ ਅਧਿਕਾਰੀਆਂ ਦੀ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ 6 ਜਨਵਰੀ ਤੋਂ ਡੀਐਸਪੀ ਦਫ਼ਤਰ ਬੁਢਲਾਡਾ ਦੇ ਦਫ਼ਤਰ ਮੂਹਰੇ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਲਾਇਆ ਜਾ ਰਿਹਾ ਹੈ । ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।                                                       
      ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪੁਲਿਸ ਪ੍ਰਸ਼ਾਸਨ ਦੀ ਵਾਅਦਾਖਿਲਾਫ਼ੀ ਦਾ ਜ਼ਿਕਰ ਕਰਦਿਆਂ ਭੂੰ ਮਾਫ਼ੀਆ ਅਤੇ ਗੁੰਡਾ ਗੱਠਜੋੜ ਨੂੰ ਨੱਥ ਪਾਉਣ ਦੀ ਮੰਗ ਕੀਤੀ । ਪੁਲਿਸ ਪ੍ਰਸ਼ਾਸਨ ਉੱਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕਰੀਬ ਦੋ ਮਹੀਨੇ ਪਹਿਲਾਂ ਸਰਪੰਚ ਅਤੇ ਗੁੰਡਾ ਗੱਠਜੋੜ ਵੱਲੋਂ ਕਿਸਾਨ ਸੀਤਾ ਸਿੰਘ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਗੱਡੀ ਚੜ੍ਹਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਜੋ ਹਾਲੇ ਵੀ ਹਿਸਾਰ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ ਪਰ ਪੁਲਿਸ  ਪ੍ਰਸ਼ਾਸਨ ਯੋਗ ਕਾਰਵਾਈ ਕਰਨ ਦੀ ਥਾਂ  ਉਲਟਾ ਪਿੰਡ ਵਿੱਚ ਬੇਖੌਫ਼ ਘੁੰਮ ਰਹੇ ਦੋਸ਼ੀਆਂ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ ।
       ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦਾ ਸਿੱਦਕ ਪਰਖਣ ਦੀ ਬਜਾਏ, ਦੋਸ਼ੀਆਂ ’ਤੇ ਸਖ਼ਤ ਧਾਰਾਵਾਂ ਲਗਾਕੇ ਬਣਦੀ ਕਾਰਵਾਈ ਕੀਤੀ ਜਾਵੇ । ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਬਾਦਕਾਰ ਕਿਸਾਨਾਂ ਨੂੰ ਉਜਾੜਾ ਬੰਦ ਕਰਕੇ ਉਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ । ਇਸ ਮੌਕੇ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ , ਲਖਵੀਰ ਸਿੰਘ ਅਕਲੀਆ, ਬਲਵਿੰਦਰ ਸਿੰਘ ਜੇਠੂਕੇ, ਕੁਲਵੰਤ ਸਿੰਘ ਭਦੌੜ, ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀ, ਸੱਤਪਾਲ ਸਿੰਘ ਵਰ੍ਹੇ, ਤਾਰਾ ਚੰਦ ਬਰੇਟਾ, ਮਹਿੰਦਰ ਸਿੰਘ ਰਾਠੀ, ਪਾਲਾ ਸਿੰਘ ਅਤੇ  ਜਗਮੇਲ ਸਿੰਘ ਕੁਲਰੀਆਂ ਆਦਿ ਨੇ ਸੰਬੋਧਨ ਕੀਤਾ ।  

Advertisement
Advertisement
Advertisement
Advertisement
Advertisement
Advertisement
error: Content is protected !!