ਪਹਿਲਾਂ ਭੁੱਕੀ ‘ਤੇ ਹੁਣ ਰਾਜਸਥਾਨ ਤੋਂ ਆਉਣ ਲੱਗੀਆਂ ਨਸ਼ੀਲੀਆਂ ਗੋਲੀਆਂ..!

Advertisement
Spread information

ਅਸ਼ੋਕ ਵਰਮਾ
ਬਠਿੰਡਾ, 27 ਦਸੰਬਰ 2023

       ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਰਾਰਤੀ ਅਤੇ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਦੇ ਸੀ.ਆਈ.ਏ ਸਟਾਫ-2 ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 15 ਹਜ਼ਾਰ 400 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਗੁਰਸੰਤ ਸਿੰਘ ਉਰਫ ਸੰਤੂ ਪੁੱਤਰ ਗੁਰਨਾਮ ਸਿੰਘ ਵਾਸੀ ਤੇ ਸਿਕੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀਆਨ ਪਿੰਡ ਦੌਲਤਪੁਰਾ ਅਤੇ ਗੁਰਜੀਤ ਖਾਨ ਉਰਫ ਐਮੀ ਪੁੱਤਰ ਬਾਬੂ ਖਾਨ ਵਾਸੀ ਮਾਈਸਰਖਾਨਾ ਵਜੋਂ ਕੀਤੀ ਗਈ ਹੈ। ਡੀ.ਐੱਸ.ਪੀ ਡਿਟੈਕਟਿਵ ਬਠਿੰਡਾ ਮਨਮੋਹਨ ਸਰਨਾ ਨੇ ਦੱਸਿਆ ਕਿ ਸੀਆਈਏ ਸਟਾਫ 2 ਦੀ ਪੁਲਿਸ ਪਾਰਟੀ ਕਿਸ਼ਨਪੁਰਾ ਤੋਂ ਝੰਡੂਕੇ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੂੰ ਸ਼ੱਕ ਦੇ ਅਧਾਰ ਤੇ ਰੋਕਿਆ ਗਿਆ ਤਾਂ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ ਟਰਾਮਾਡੋਲ ਦੇ 1540 ਪੱਤੇ ਬਰਾਮਦ ਕੀਤੇ ਗਏ।
       ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ ਗੋਲੀਆਂ ਦੀ ਕੁੱਲ ਗਿਣਤੀ 15 ਹਜ਼ਾਰ 400 ਬਣਦੀ ਹੈ। ਦੋਵਾਂ ਮੁਲਜਮਾਂ ਗੁਰਸੰਤ ਸਿੰਘ ਉਰਫ ਸੰਤੂ ਤੇ ਸਿਕੰਦਰ ਸਿੰਘ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਹੋਏ ਖੁਲਾਸੇ ਉਪਰੰਤ ਗੁਰਜੀਤ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਅਸ਼ੋਕ ਕੁਮਾਰ ਵਾਸੀ ਫਲੌਦੀ ਰਾਜਸਥਾਨ ਤੋਂ ਗੋਲੀਆਂ ਲਿਆਕੇ ਅੱਗੇ ਸਪਲਾਈ ਕਰਦੇ ਸਨ। ਪੁਲਿਸ ਅਨੁਸਾਰ ਗੁਰਸੰਤ ਸਿੰਘ ਉਰਫ ਸੰਤੂ ਖੇਤੀ ਦਾ ਕੰਮ ਕਰਦਾ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਥਾਣਾ ਸਿਟੀ ਰਾਮਪੁਰਾ ’ਚ ਨਸ਼ਾ ਤਸਕਰੀ ਦੇ ਕੇਸ ਦਰਜ ਹੈ ਜਦੋਂਕਿ ਸਿਕੰਦਰ ਸਿੰਘ ਵਿਹਲੜ ਅਤੇ ਗੁਰਜੀਤ ਖਾਨ ਫਿਜ਼ੀਓਥਰਾਪੀ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ ਜਿਸ ਦੌਰਾਨ ਨਸ਼ਾ ਤਸਕਰੀ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!