ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 27 ਦਸੰਬਰ 2023
ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਚੋਰੀ ਦੇ 6 ਮੋਟਰਸਾਇਕਲਾਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਸੰਜੀਵ ਗੋਇਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਏਰੀਆ ਵਿੱਚ ਨਾਕਾਬੰਦੀ ਦੌਰਾਨ ਦੋ ਮੋਟਰਸਾਇਕਲ ਸਵਾਰ ਸ਼ੱਕੀ ਵਿਅਕਤੀਆਂ ਨੂੰ ਲਵਪ੍ਰੀਤ ਸਿੰਘ ਉਰਫ ਮੋਟਾ ਪੁੱਤਰ ਗੁਰਜੰਟ ਸਿੰਘ ਵਾਸੀ ਕੋਟਲੀ ਰੋਡ ਅਤੇ ਰਾਜਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਆਦਰਸ਼ ਨਗਰ ਵਾਸੀਅਨ ਸ੍ਰੀ ਮੁਕਤਸਰ ਸਾਹਿਬ ਨੂੰ ਵਿਸ਼ਾਲ ਮੈਗਾ ਮਾਰਟ ਦੇ ਸਾਹਮਣਿਓਂ 24 ਦਸੰਬਰ ਨੂੰ ਚੋਰੀ ਕੀਤੇ ਪਲਟੀਨਾ ਮੋਟਰਸਾਈਕਲ ਸਮੇ ਕਾਬੂ ਕੀਤਾ ਸੀ।
ਦੋਵਾਂ ਮੁਲਜਮਾਂ ਖਿਲਾਾਫ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗ੍ਰਿਫਤਾਰ ਵਿਅਕਤੀ ਵਹੀਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਪੁੱਛਗਿੱਛ ਦੌਰਾਨ ਮੁਲਜਮਾਂ ਨੇ ਦੱਸਿਆ ਕਿ ਉਹਨਾਂ ਦਾ ਇੱਕ ਸਾਥੀ ਨੰਦੀ ਉਰਫ ਥਾਮਸ ਪੁੱਤਰ ਲਾਰੈਂਸ ਮਸੀਹ ਵਾਸੀ ਗਲੀ ਨੰ:09 ਕੋਟਲੀ ਰੋਡ ਸ੍ਰੀ ਮੁਕਤਸਰ ਸਾਹਿਬ ਜੋ ਵੀ ਮੋਟਰਸਾਇਕਲ ਚੋਰੀ ਕਰਨ ਦਾ ਆਦੀ ਹੈ। ਉਸਨੂੰ ਮੁੱਕਦਮੇ ਵਿੱਚ ਨਾਮਜ਼ਦ ਕਰਕੇ ਸਮੇਤ ਇੱਕ ਮੋਟਰਸਾਇਕਲ ਦੇ ਉਸਦੇ ਘਰ ਵਿੱਚੋ ਹੀ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਝਾੜੀਆਂ ਵਿੱਚ ਲੁਕਾ-ਛੁਪਾ ਕੇ ਰੱਖੇ ਹੋਏ ਚੋਰੀ ਦੇ 4 ਹੋਰ ਮੋਟਰਸਾਇਕਲ ਬਰਾਮਦ ਕੀਤੇ ਗਏ ਹਨ। ਡੀਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜਮਾਂ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਵੀ ਚੋਰੀਆਂ ਚਕਾਰੀਆਂ ਦੇ ਭੇਦ ਖੁੱਲ੍ਹਣ ਦੀ ਸੰਭਾਵਨਾ ਹੈ।