Police ਮੁਲਾਜਮਾਂ ਤੋਂ ਹੀ ਮਿਲਿਆ ਥਾਣੇ ‘ਚੋਂ ਚੋਰੀ ਕਰਿਆ ਅਸਲਾ….!

Advertisement
Spread information

ਅਸ਼ੋਕ ਵਰਮਾ , ਬਠਿੰਡਾ 10 ਦਸੰਬਰ 2023

     ਬਠਿੰਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਏ.ਕੇ 47 ਵਰਗੀਆਂ ਖਤਰਨਾਕ ਰਾਈਫਲਾਂ ਸਮੇਤ ਹੋਰ ਵੀ ਅਸਲਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਇਹ ਅਸਾਲਟ ਰਾਈਫਲਾਂ ਇੰਨ੍ਹਾਂ ਕੋਲ ਕਿਸ ਤਰਾਂ ਆਈਆਂ ਹਨ। ਗੈਂਗਸਟਰ ਗਿਰੋਹਾਂ ਕੋਲ ਏਦਾਂ ਦੇ ਹਥਿਆਰ ਪੁੱਜਣ ਦੀਆਂ ਖਬਰਾਂ ਦਰਮਿਆਨ ਪੁਲਿਸ ਤਾਜਾ ਬਰਾਮਦਗੀ ਨੂੰ ਕਾਫੀ ਗੰਭੀਰ ਮੰਨ ਕੇ ਚੱਲ ਰਹੀ ਹੈ। ਮੁਲਜਮਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਗਲੀ ਆਦਰਸ਼ ਨਗਰ ਬਠਿੰਡਾ ਅਤੇ ਸਾਹਿਬ ਸਿੰਘ ਪੁੱਤਰ ਨੰਦ ਸਿੰੰਘ ਵਾਸੀ ਬਾਜੇਕੇ ਥਾਣਾ ਧਰਮਕੋਟ ਦੇ ਤੌਰ ਤੇ ਕੀਤੀ ਗਈ ਹੈ। ਸੰਦੀਪ ਸਿੰਘ ਪੁਲਿਸ ’ਚ ਹੌਲਦਾਰ ਸੀ ਅਤੇ ਥਾਣਾ ਦਿਆਲਪੁਰਾ ਭਾਈ ’ਚ ਕਾਫੀ ਸਮਾਂ ਮੁੱਖ ਮੁਨਸ਼ੀ ਤਾਇਨਾਤ ਰਿਹਾ ਹੈ । ਸਾਹਿਬ ਸਿੰਘ ਦੀ ਵੀ ਇਸ ਥਾਣੇ ’ਚ ਤਾਇਨਾਤੀ ਰਹੀ ਹੈ। ਦੋਵੇਂ ਪੁਲਿਸ ਮੁਲਾਜਮਾਂ ਨੂੰ ਅਪਰਾਧਿਕ ਵਾਰਦਾਤਾਂ ’ਚ ਸ਼ਾਮਲ ਹੋਣ ਕਾਰਨ ਪੁਲਿਸ ਮਹਿਕਮੇ ਚੋਂ ਬਰਖਾਸਤ ਕਰ ਦਿੱਤਾ ਗਿਆ ਸੀ।                                                   

Advertisement

      ਐੱਸ.ਪੀ (ਡੀ) ਬਠਿੰਡਾ ਅਜੇ ਗਾਂਧੀ ਨੇ ਇਨ੍ਹਾਂ ਗ੍ਰਿਫਤਾਰੀਆਂ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ। ਦਰਅਸਲ ਤਾਜਾ ਗ੍ਰਿਫਤਾਰੀਆਂ ਇੱਕ ਸਾਲ ਪਹਿਲਾਂ 11 ਨਵੰਬਰ 2022 ਨੂੰ ਹੋਈ ਵਾਰਦਾਤ ਨਾਲ ਜੁੜੀਆਂ ਹਨ। ਉਸ ਦਿਨ ਦੇਰ ਸ਼ਾਮ ਬਿੰਦਰ ਸਿੰਘ ਪੁੱਤਰ ਸੰਤ ਸਿੰਘ ਵਾਸੀ ਭੁੱਚੋ ਦੇ ਘਰ ਇੱਕ ਕਾਰ ਤੇ ਸਵਾਰ ਹੋ ਕੇ ਅੱਧੀ ਦਰਜਨ ਦੇ ਕਰੀਬ ਵਿਅਕਤੀ ਆਏ ਸਨ । ਜਿੰਨ੍ਹਾਂ ਚੋਂ ਦੋ ਦੇ ਪੁਲਿਸ ਦੀਆਂ ਵਰਦੀਆਂ ਪਹਿਨੀਆਂ ਹੋਈਆਂ ਸਨ। ਪ੍ਰੀਵਾਰ ਨੇ ਪਤਾ ਲੱਗਣ ਤੇ ਰੌਲਾ ਪਾ ਦਿੱਤਾ ਤਾਂ ਇਹ ਲੋਕ ਕਾਰ ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਸਨ । ਥਾਣਾ ਕੈਂਟ ਪੁਲਿਸ ਨੇ ਇਸ ਸਬੰਧ ਵਿੱਚ ਮੁਕੱਦਮਾ ਨੰ : 156 ਮਿਤੀ 19 ਨਵੰਬਰ 2022 ਅਧੀਨ ਧਾਰਾ 457, 380, 511 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ।

     ਐਸ ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਫਤੀਸ਼ ਦੌਰਾਨ ਸੰਦੀਪ ਸਿੰਘ ਪੁੱਤਰ ਰੂਪ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਅਤੇ ਸਾਹਿਬ ਸਿੰਘ ਦੋਸ਼ੀ ਨਾਮਜਦ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ-1 ਬਠਿੰਡਾ ਦੀ ਟੀਮ ਨੇ ਸੰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮਾਂ ਦੀ ਨਿਸ਼ਾਨਦੇਹੀ ਤੇ ਇਹਨਾਂ ਤੋਂ 2 ਅਸਾਲਟ ਰਾਇਫਲਾਂ ਸਮੇਤ 02 ਕਾਰਤੂਸ, ਇੱਕ ਰਾਇਫਲ 315 ਬੋਰ ਮੋਡੀਫਾਈ ਸਮੇਤ 02 ਕਾਰੂਤਸ 315 ਬੋਰ, 2 ਪਲਾਸਟਿਕ ਬੱਟ ਅਤੇ 2 ਮੈਗਜੀਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਨੇ ਇਹ ਅਸਲਾ ਥਾਣਾ ਦਿਆਲਪੁਰਾ ਦੇ ਮਾਲਖਾਨੇ ਵਿੱਚੋ ਚੋਰੀ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਅਜੇ 4 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ , ਜਿੰਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਏਗਾ।

      ਦੱਸਣਯੋਗ ਹੈ ਕਿ ਸਾਬਕਾ ਪੁਲਿਸ ਮੁਲਾਜਮ ਸੰਦੀਪ ਸਿੰਘ ਨੂੰ ਥਾਣਾ ਦਿਆਲਪੁਰਾ ਦੇ ਮਾਲਖਾਨੇ ਚੋ ਅਸਲਾ ਚੋਰੀ ਹੋਣ ਸਬੰਧੀ ਦਰਜ ਐਫਆਈਆਰ ਨੰਬਰ 165 ਤਹਿਤ ਦੋਸ਼ੀ ਨਾਮਜਦ ਕੀਤਾ ਗਿਆ ਸੀ। ਸੀਆਈਏ ਸਟਾਫ ਵਨ ਨੇ 27 ਮਈ 2022 ਨੂੰ ਨਸ਼ਾ ਤਸਕਰ ਰਿਤਕ ਖੰਨਾ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਪੁੱਛਗਿੱਛ ਦੌਰਾਨ ਇੱਕ ਪਿਸਤੌਲ ਸਬੰਧੀ ਜਾਣਕਾਰੀ ਸਾਹਮਣੇ ਆਈ ਸੀ ਜੋ ਭਗਤਾ ਭਾਈ ਦੇ ਪ੍ਰੀਤਮ ਸਿੰਘ ਦਾ ਸੀ ਅਤੇ ਮਾਲਖਾਨੇ ’ਚ ਜਮ੍ਹਾ ਕਰਵਾਇਆ ਹੋਇਆ ਸੀ। ਇਸੇ ਤਰਾਂ ਹੀ ਕੋਠਾ ਗੁਰੂ ਦੇ ਮਨਜਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਦਾ ਮਾਲਖਾਨੇ ’ਚ ਜਮ੍ਹਾ 32 ਬੋਰ ਦਾ ਰਿਵਾਲਵਰ ਅਤੇ ਜਲਾਲ ਦੇ ਭਜਨ ਸਿੰਘ ਦਾ ਰਿਵਾਲਵਰ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਸੀ। ਇੰਨ੍ਹਾਂ ਮਾਮਲਿਆਂ ਦੀ ਪੜਤਾਲ ਲਈ ਕਮੇਟੀ ਬਣਾਈ ਗਈ ਸੀ । ਜਿਸ ਨੇ ਅਸਲਾ ਗੁੰਮ ਹੋਣ ਦਾ ਭੇਦ ਖੋਹਲਿਆ ਸੀ। ਕਮੇਟੀ ਦੀ ਜਾਂਚ ’ਚ ਲੱਖਾਂ ਦੀ ਡਰੱਗ ਮਨੀ ਗਾਇਬ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ। ਇਸ ਤਰਾਂ ਦੇ ਗੰਭੀਰ ਤੱਥ ਬੇਪਰਦ ਹੋਣ ਤੋਂ ਬਾਅਦ ਪੁਲਿਸ ਨੇ ਸੰਦੀਪ ਸਿੰਘ ਤੇ ਸ਼ਿਕੰਜਾ ਕਸਿਆ ਸੀ। ਐਸ ਪੀ ਅਜੇ ਗਾਂਧੀ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

Advertisement
Advertisement
Advertisement
Advertisement
Advertisement
error: Content is protected !!