ਅਸ਼ੋਕ ਵਰਮਾ, ਬਠਿੰਡਾ, 2 ਦਸੰਬਰ 2023
ਬਠਿੰਡਾ ਜਿਲ੍ਹੇ ’ਚ ਵਾਪਰੀਆਂ ਖੁਦਕਸ਼ੀ ਦੀਆਂ ਦੋ ਵੱਖ ਵੱਖ ਘਟਨਾਵਾਂ ਦੌਰਾਨ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਪੁਲਿਸ ਵੱਲੋਂ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਖੁਦਕਸ਼ੀ ਦੀ ਪਹਿਲੀ ਘਟਨਾ ਬਠਿੰਡਾ ਦੇ ਪਟਿਆਲਾ ਰੇਲਵੇ ਫਾਟਕ ਨੇੜੇ ਵਾਪਰੀ ਜਿੱਥੇ ਇਕ ਨੌਜਵਾਨ ਨੇ ਆਪਣੇ 3 ਸਾਲਾ ਦੇ ਪੁੱਤਰ ਸਮੇਤ ਰੇਲ ਗੱਡੀ ਦੇ ਇੰਜਣ ਅੱਗੇ ਛਾਲ ਮਾਰ ਦਿੱਤੀ। ਇਸ ਮੌਕੇ ਪਿਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ 3 ਸਾਲਾ ਪੁੱਤਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਗੰਭੀਰ ਰੂਪ ’ਚ ਜਖਮੀ ਬੱਚੇ ਨੂੰ ਸਹਾਰਾ ਹੈਲਪਲਾਈਨ ਟੀਮ ਦੇ ਮੈਂਬਰ ਰਜਿੰਦਰ ਕੁਮਾਰ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਜਿੱਥੋਂ ਉਸਦੀ ਹਾਲਤ ਨੂੰ ਦੇਖਦਿਆਂ ਏਮਜ਼ ਹਸਪਤਾਲ ਭੇਜ ਦਿੱਤਾ।
ਡਾਕਟਰਾਂ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਬੱਚਾ ਵੀ ਦਮ ਤੋੜ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਣੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਦੀਪ ਸਿੰਘ ਨਗਰ ਵਜੋਂ ਹੋਈ ਹੈ। ਖੁਦਕਸ਼ੀ ਦੇ ਕਾਰਨਾ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ। ਸਹਾਰਾ ਵਰਕਰਾਂ ਵੱਲੋਂ ਦਿੱਤੀ ਸੂਚਨਾ ਦੇ ਅਧਾਰ ਤੇ ਰੇਲਵੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਤੇ ਲੜਕੇ ਵੱਲੋਂ ਖੁਦਕਸ਼ੀ ਦਾ ਦੂਸਰਾ ਮਾਮਲਾ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਰਾਏਕੇ ਖੁਰਦ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਅਤੇ ਲੜਕੇ ਵੱਲੋਂ ਸਲਫਾਸ ਦੀਆਂ ਗੋਲੀਆਂ ਖਾਕੇ ਖੁਦਕਸ਼ੀ ਕਰਨ ਦੀ ਗੱਲ ਆਖੀ ਜਾ ਰਹੀ ਹੈ ਜੋ ਰਿਸ਼ਤੇ ’ਚ ਚਾਚੀ ਅਤੇ ਭਤੀਜਾ ਲੱਗਦੇ ਸਨ। ਸੂਚਨਾ ਹਾਸਲ ਹੋਣ ਤੇ ਸਹਾਰਾ ਵਲੰਟੀਅਰ ਵਿੱਕੀ ਕਮਾਰ ਨੇ ਪੁਲਿਸ ਦੀ ਅਗਵਾਈ ਹੇਠ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ ਹੈ।
ਮ੍ਰਿਤਕਾਂ ਦੀ ਪਛਾਣ ਗੁਰਪ੍ਰੀਤ ਸਿੰਘ(29) ਪੁੱਤਰ ਕੁਲਵੰਤ ਸਿੰਘ ਅਤੇ ਮਨਦੀਪ ਕੌਰ ਪਤਨੀ ਗੁਲਜੀਤ ਸਿੰਘ (48) ਵਾਸੀਅਨ ਰਾਏਕੇ ਖੁਰਦ ਵਜੋਂ ਕੀਤੀ ਗਈ ਹੈ। ਥਾਣਾ ਨੰਦਗੜ੍ਹ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਤਰਨਦੀਪ ਸਿੰਘ ਨੇ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਆਪਸ ’ਚ ਪ੍ਰੇਮ ਸਬੰਧ ਸਨ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਖੁਦਕਸ਼ੀ ਨੋਟ ਵੀ ਨਹੀਂ ਮਿਲਿਆ ਹੈ ਇਸ ਲਈ ਕਾਰਨਾ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।