ਬਿੱਟੂ ਜਲਾਲਾਬਾਦੀ, ਫਾਜ਼ਿਲਕਾ 1 ਦਸੰਬਰ 2023
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੋਚੜ ਕਲਾਂ ਦੇ ਪ੍ਰਿੰਸੀਪਲ, ਨੈਸ਼ਨਲ ਐਵਾਰਡੀ ਤੇ ਜ਼ਿਲ੍ਹਾ ਆਈਕੋਨ ਸਵੀਪ ਫਾਜ਼ਿਲਕਾ ਸ੍ਰੀ. ਰਾਜਿੰਦਰ ਕੁਮਾਰ ਵਿਖੋਣਾ ਨੇ ਸਕੂਲੀ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਵੋਟਾਂ ਦੀ ਸਹੀ ਵਰਤੋਂ ਕਰਕੇ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਤੇ ਇਹ ਸੁਧਾਈ ਮਿਤੀ 9 ਦਸੰਬਰ ਤੱਕ ਚਾਲੂ ਹੈ।
ਉਨ੍ਹਾਂ ਦੱਸਿਆ ਕਿ ਨੌਜਵਾਨ ਇਸ ਸੁਧਾਈ ਦਾ ਲਾਭ ਲੈਣ ਲੈ ਕੇ ਨਵੀਂ ਵੋਟ ਵੀ ਬਣਵਾ ਸਕਦੇ ਹਨ, ਵੋਟ ਵੇਰਵਿਆਂ ਵਿੱਚ ਸੋਧ ਕਰਵਾ ਸਕਦੇ ਹਨ ਤੇ ਵੋਟ ਕਟਵਾ ਵੀ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2 ਦਸੰਬਰ 2023 ਦਿਨ ਸਨਵੀਰ ਅਤੇ 3 ਦਸੰਬਰ 2023 ਦਿਨ ਐਤਵਾਰ ਜ਼ਿਲ੍ਹੇ ਦੇ ਹਰੇਕ ਪੋਲਿੰਗ ਬੂਥ ਤੇ ਕੈਂਪ ਲੱਗਣਗੇ ਜਿਸ ਵਿੱਚ ਬੂਥ ਲੈਵਲ ਅਫਸਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ।
ਇਹਨਾਂ ਕੈਂਪਾਂ ਵਿੱਚ ਆਮ ਲੋਕ ਫਾਰਮ ਨੰ. 6 (ਨਵੀਂ ਵੋਟ ਬਨਾਉਣ ਲਈ), ਫਾਰਮ ਨੰ. 6ਏ (ਐਨ.ਆਰ.ਆਈ. ਵੋਟਰਜ਼ ਲਈ), ਫਾਰਮ ਨੰ. 6ਬੀ (ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ), ਫਾਰਮ ਨੰ: 7 (ਵੋਟ ਕਟਵਾਉਣ ਲਈ) ਅਤੇ ਫਾਰਮ ਨੰ: 8 (ਵੋਟਰ ਕਾਰਡ ਵਿੱਚ ਕਿਸੇ ਤਰ੍ਹਾਂ ਦੀ ਸੋਧ ਕਰਨ, ਵੋਟ ਸ਼ਿਫਟ ਕਰਵਾਉਣ ਲਈ) ਬੀ.ਐਲ.ਓਜ ਕੋਲ ਫਾਰਮ ਭਰ ਸਕਦੇ ਹਨ। ਇਹ ਸਾਰੇ ਫਾਰਮ ਆਨਲਾਈਨ www.voters.eci.gov.in ਸਾਈਟ ਤੇ ਭਰੇ ਜਾ ਸਕਦੇ ਹਨ। ਤੇ ਇਸ ਤੋਂ ਇਲਾਵਾ ਵੋਟ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ।