ਬਿੱਟੂ ਜਲਾਲਾਬਾਦੀ, ਫਾਜ਼ਿਲਕਾ 1 ਦਸੰਬਰ 2023
ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਪੰਜਾਬੀ ਮਾਹ -2023 ਦੇ ਸਮਾਗਮਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਨਾਟਕ ਸਬੰਧੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੋਹਰ ਵਿਖੇ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਸ਼੍ਰੀ ਰਾਜੇਸ਼ ਸਚਦੇਵਾ, ਮੁੱਖ ਬੁਲਾਰਿਆਂ ਵਿੱਚ ਭਾਸ਼ਾ ਮਾਹਿਰ ਡਾ. ਤਰਸੇਮ ਸ਼ਰਮਾ, ਫਿਲਮੀ ਤੇ ਰੰਗਮੰਚ ਕਲਾਕਾਰ ਸ. ਐਸ.ਪੀ.ਸਿੰਘ ਅਤੇ ਰੰਗਕਰਮੀ ਸ਼੍ਰੀ ਮੰਗਤ ਵਰਮਾ ਸ਼ਾਮਲ ਹੋਏ।
ਇਸ ਮੌਕੇ ਡਾ. ਤਰਸੇਮ ਸ਼ਰਮਾ ਨੇ ਕਿਹਾ ਕਿ ਇਸ ਨਾਟਕ ਸਮਾਗਮ ਦਾ ਮੰਤਵ ਰੰਗਮੰਚ ਕਲਾ ਵਿਕਸਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਖਸ਼ੀਅਤ ਉਸਾਰੀ ਵਿੱਚ ਰੰਗਮੰਚ ਦੀ ਭੂਮਿਕਾ ਅਹਿਮ ਹੁੰਦੀ ਹੈ । ਸ.ਐਸ.ਪੀ.ਸਿੰਘ ਨੇ ਕਿਹਾ ਕਿ ਸ਼ੌਕ ਦੇ ਨਾਲ -ਨਾਲ ਰੰਗਮੰਚ ਨੂੰ ਰੋਜ਼ਗਾਰ ਦਾ ਵਸੀਲਾ ਵੀ ਬਣਾਇਆ ਜਾ ਸਕਦਾ ਹੈ ਅਤੇ ਆਪਣੀ ਕਲਾ ਰਾਹੀ ਸਮਾਜ ਨੂੰ ਜਾਗਰੂਕ ਵੀ ਕੀਤਾ ਜਾ ਸਕਦਾ ਹੈ।
ਸ਼੍ਰੀ ਮੰਗਤ ਵਰਮਾ ਨੇ ਕਿਹਾ ਕਿ ਰੰਗਮੰਚ ਦੇ ਕਲਾਕਾਰਾਂ ਨੂੰ ਸਮਰਪਿਤ ਨਾਗਰਿਕ ਨਵੇਂ ਵਿਚਾਰਾਂ ਨਾਲ ਭਰਪੂਰ ਅਤੇ ਸਿਰਜਣਾਤਮਕ ਹੁੰਦੇ ਹਨ। ਸ਼੍ਰੀ ਰਾਜੇਸ਼ ਸਚਦੇਵਾ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਇਨ੍ਹਾਂ ਉਪਰਾਲਿਆਂ ਰਾਹੀ ਵਿਦਿਆਰਥੀਆਂ ਅੰਦਰਲੀ ਛੁਪੀ ਪ੍ਰਤਿਭਾ ਦਾ ਵਿਕਾਸ ਹੁੰਦਾ ਹੈ। ਰੂਬੀ ਸ਼ਰਮਾ ਵੱਲੋਂ ਨਿਰਦੇਸ਼ਿਤ ਅਤੇ ਵਿਮਲ ਮਿੱਢਾ ਵੱਲੋਂ ਲਿਖਿਆ ਭਰੂਣ ਹੱਤਿਆ ਵਰਗੀ ਬੁਰਾਈ ਤੇ ਚੋਟ ਕਰਦਾ ਨੁੱਕੜ ਨਾਟਕ ‘ ਤੈਂ ਕੀ ਦਰਦ ਨਾ ਆਇਆ ‘ ਬਾਖੂਬੀ ਪੇਸ਼ ਕੀਤਾ ਗਿਆ ।
ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਵੱਖ -ਵੱਖ ਵਿਦਿਅਕ ਅਦਾਰਿਆਂ ਵਿੱਚ ਪੰਜਾਬੀ ਮਾਹ -2023 ਦੇ ਸਬੰਧ ਵਿੱਚ ਬਹੁਤ ਸਾਰੇ ਮਾਂ -ਬੋਲੀ ਪੰਜਾਬੀ ਨੂੰ ਸਮਰਪਿਤ ਸਮਾਗਮ ਕੀਤੇ ਗਏ ਹਨ । ਉਨ੍ਹਾਂ ਪੰਜਾਬੀ ਭਾਸ਼ਾ ਲਈ ਕੀਤੇ ਸੁਹਿਰਦ ਕਾਰਜਾਂ ਲਈ ਜ਼ਿਲ੍ਹੇ ਦੇ ਸਕੂਲਾਂ ਤੇ ਕਾਲਜਾਂ ਦੇ ਪ੍ਰਿੰਸੀਪਲਾਂ ਤੇ ਮੁੱਖੀਆਂ ਨੂੰ ਮੁਬਾਰਕਾਂ ਦਿੱਤੀਆਂ । ਇਸ ਮੌਕੇ ਤੇ ਖੋਜ ਅਫ਼ਸਰ ਪਰਮਿੰਦਰ ਰੰਧਾਵਾ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ । ਭਾਸ਼ਾ ਵਿਭਾਗ ਫ਼ਾਜ਼ਿਲਕਾ ਵੱਲੋਂ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਤੇ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ । ਸਮਾਗਮ ਦੌਰਾਨ ਸ. ਨਵਤੇਜ ਸਿੰਘ ਚਹਿਲ ,ਸਤਨਾਮ ਸਿੰਘ ,ਅਮਿਤ ਬੱਤਰਾ , ਸੁਖਪ੍ਰੀਤ ਕੌਰ, ਸੋਨੀਆ ਬਜਾਜ ,ਓਮ ਭਾਦੂ ,ਵਿਨੇ ਮਰਵਾਹਾ ,ਸੰਦੀਪ ਸ਼ਰਮਾ ,ਅਸ਼ੀਸ ਸਿਡਾਨਾ , ਵੈਭਵ ਅਗਰਵਾਲ, ਵਿਕਾਸ , ਅਵਤਾਰ ,ਠਾਕੁਰ ਆਦਿ ਵੀ ਮੌਜੂਦ ਸਨ।